ਸੱਚਾ ਗੁਰੂ ਹੀ ਕਰਵਾ ਸਕਦੈ ਸੰਸਾਰ ਸਾਗਰ ਤੋਂ ਪਾਰ ਉਤਾਰਾ : ਸੰਤ ਅਮੀਰ ਸਿੰਘ
ਸੱਚਾ ਗੁਰੂ ਹੀ ਕਰਵਾ ਸਕਦੈ ਸੰਸਾਰ ਸਾਗਰ ਤੋਂ ਪਾਰ ਉਤਾਰਾ -ਸੰਤ ਅਮੀਰ ਸਿੰਘ
Publish Date: Thu, 12 Feb 2026 06:38 PM (IST)
Updated Date: Thu, 12 Feb 2026 06:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਗੁਰਬਾਣੀ, ਗੁਰ ਇਤਿਹਾਸ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਸੰਭਾਲ ਅਤੇ ਪ੍ਰਚਾਰ ਪਸਾਰ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਸੰਗਰਾਂਦ ਦੇ ਦਿਹਾੜੇ ਮਹੀਨਾਵਾਰੀ ਸਮਾਗਮ ਮੌਕੇ ਸੰਤ ਗਿਆਨੀ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ। ਜੁੜੀਆਂ ਸੰਗਤਾਂ ਦੇ ਸਨਮੁੱਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਫੁਰਮਾਇਆ ਕਿ ਜਿਸ ਦੇ ਸਨਮੁਖ ਪਰਮੇਸ਼ਰ ਰੂਪੀ ਪ੍ਰੀਤਮ ਪਿਆਰਾ ਪ੍ਰਤੱਖ ਹੋ ਜਾਵੇ ਉਸ ਨੂੰ ਆਨੰਦ ਹੀ ਅਨੰਦ ਅਨੁਭਵ ਹੁੰਦਾ ਹੈ। ਪਰਮਾਤਮਾ ਨਾਲ ਇੱਕ ਮਿੱਕ ਹੋ ਚੁੱਕੇ ਸੰਤ ਜਨ ਅਰਥਾਤ ਸਤਿਗੁਰੂ ਪਰਮਾਤਮਾ ਦਾ ਮਿਲਾਪ ਕਰਾਉਣ ’ਚ ਮਿਹਰ ਦ੍ਰਿਸ਼ਟੀ ਕਰਕੇ ਸਹਾਇਕ ਸਿੱਧ ਹੁੰਦੇ ਹਨ। ਬਾਬਾ ਜੀ ਨੇ ਸ਼ਬਦ ਦੇ ਹਵਾਲੇ ਨਾਲ ਸਮਝਾਇਆ ਕਿ ਮਨੁੱਖ ਦੀ ਇੱਕ ਹੀ ਜੀਭ ਹੈ, ਜਦਕਿ ਉਸ ਨੇ ਪਰਮਾਤਮਾ ਦੇ ਅਨੇਕਾਂ ਗੁਣਾਂ ਦਾ ਗਾਇਨ ਕਰਨਾ ਹੈ। ਮਨੁੱਖ ਜੀਵ ਨੂੰ ਅਧਿਆਤਮਕ ਓਟ ਤੱਕਦਿਆਂ ਪਰਮਾਤਮਾ ਦੇ ਚਰਨ-ਸ਼ਰਨ ਚ ਵਿਚਰਦਿਆਂ ਪਾਰ ਉਤਾਰਾ ਹੋ ਸਕਦਾ ਹੈ। ਫੱਗਣ ਦੀ ਠੰਢ ਮੁੱਕ ਜਾਣ ਵਾਲੇ ਮਹੀਨੇ ਵਿੱਚ ਵੱਡੇ ਭਾਗਾਂ ਵਾਲਿਆਂ ਨੂੰ ਸਦਾ ਪ੍ਰਭੂ ਦੇ ਸਿਫਤ ਸਲਾਹ ਦਾ ਰਾਸਤਾ ਗੁਰੂ ਗਿਆਨ ਦੀ ਸੇਧ ਵਿੱਚ ਆਉਂਦਾ ਹੈ। ਬਾਬਾ ਜੀ ਨੇ ਸਪੱਸ਼ਟ ਸ਼ਬਦਾਂ ਚ ਕਿਹਾ ਕਿ ਪ੍ਰਮਾਤਮਾਂ ਨੂੰ ਰੰਚਕ ਮਾਤਰ ਵੀ ਕੋਈ ਲਾਲਚ ਨਹੀਂ, ਅਰਥਾਤ ਸੰਸਾਰ ਸਾਗਰ ਤੋਂ ਪਾਰ ਉਤਾਰਾ ਸੱਚਾ ਗੁਰੂ ਹੀ ਕਰਵਾ ਸਕਦਾ ਹੈ। ਜਿਸ ਇਨਸਾਨ ਨੇ ਪਰਮਾਤਮਾ ਦੇ ਸੱਚੇ ਨਾਮ ਨੂੰ ਯਾਦ ਕੀਤਾ, ਉਸ ਦੇ ਕੰਮ ਪੂਰੇ ਹੋ ਜਾਂਦੇ ਹਨ। ਜਿਸ ਨੇ ਪੂਰਨ ਗੁਰੂ ਨੂੰ ਚਿੱਤਵਿਆ, ਉਹ ਪ੍ਰਭੂ ਦਰਬਾਰ ਚ ਸਹੀ ਸਿੱਧ ਹੁੰਦਾ ਹੈ। ਪਰਮਾਤਮਾ ਦੇ ਚਰਨ-ਕਮਲਾ ਰੂਪੀ ਸਾਰੇ ਸੁੱਖਾਂ ਦਾ ਖਜ਼ਾਨਾ ਉਸਦੇ ਪਾਸ ਹੁੰਦਾ ਹੈ। ਜਿਸ ਕਰਕੇ ਉਹ ਡਰ ਦਾ ਸਮੁੰਦਰ ਤਰ ਜਾਂਦਾ ਹੈ, ਜੋ ਤਰਨਾ ਕਠਿਨ ਹੈ। ਅਜਿਹੇ ਮਨੁੱਖਾਂ ਨੇ ਪਿਆਰ ਭਗਤੀ ਪਾ ਲਈ ਹੁੰਦੀ ਹੈ ਉਹ ਸੰਸਾਰਕ ਵਿਕਾਰਾਂ ਦੀ ਜਹਿਰ ਖਾਣਾ ਨਹੀਂ ਸਵੀਕਾਰਦੇ। ਗੁਰੂ ਕਾ ਲੰਗਰ ਅਤੁੱਟ ਵਰਤਿਆ।