ਤੇਜ਼ ਰਫਤਾਰ ਐਕਟਿਵਾ ਦੀ ਟੱਕਰ ’ਚ 1 ਦੀ ਮੌਤ, ਦੂਜਾ ਜ਼ਖ਼ਮੀ
ਤੇਜ਼ ਰਫਤਾਰ ਐਕਟਿਵਾ ਨਾਲ ਟੱਕਰ ਵਿੱਚ ਇੱਕ ਦੀ ਮੌਤ ਦੂਜਾ ਫੱਟੜ
Publish Date: Tue, 17 Mar 2026 10:21 PM (IST)
Updated Date: Wed, 18 Mar 2026 04:16 AM (IST)

ਰਾਹਗੀਰਾਂ ਮੁਤਾਬਕ ਨਾਬਾਲਿਗ ਬੱਚੇ ਦੀ ਅਣਗਹਿਲੀ ਕਾਰਨ ਹੋਇਆ ਹਾਦਸਾ ਹਾਦਸੇ ਮਗਰੋਂ ਦੂਜੀ ਐਕਟਿਵਾ ਦਾ ਚਾਲਕ ਲੜਕਾ ਹੋਇਆ ਫਰਾਰ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਨਿਊ ਹਰਗੋਬਿੰਦ ਨਗਰ ਇਲਾਕੇ ਦੀ ਮੇਨ ਸੜਕ ਤੇ ਦੁਪਹਿਰ ਵੇਲੇ ਦੋ ਐਕਟਿਵਾ ਵਿਚਕਾਰ ਹੋਈ ਜਬਰਦਸਤ ਟੱਕਰ ਕਾਰਨ ਇਕ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਐਕਟਿਵਾ ਤੇ ਹੀ ਪਿੱਛੇ ਬੈਠਾ ਨੌਜਵਾਨ ਗੰਭੀਰ ਰੂਪ ਨਾਲ ਫੱਟੜ ਹੋ ਗਿਆ। ਇਸ ਸੜਕ ਹਾਦਸੇ ਕਾਰਨ ਮੌਤ ਦੇ ਮੂੰਹ ਵਿੱਚ ਜਾਣ ਵਾਲੇ ਐਕਟਿਵਾ ਸਵਾਰ ਦੀ ਪਛਾਣ ਜੈ ਕਰਨ ਉਰਫ ਬਬਲੂ ਉਮਰ ਕਰੀਬ 34 ਸਾਲ ਦੇ ਰੂਪ ਵਿੱਚ ਹੋਈ ਹੈ। ਇਸ ਦਰਦਨਾਕ ਹਾਦਸੇ ਮਗਰੋਂ ਦੂਜੀ ਐਕਟਿਵਾ ਦਾ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਬਹਿਰਹਾਲ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਮੌਕੇ ਤੇ ਪੁੱਜ ਕੇ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜੈ ਕਰਨ ਉਰਫ ਬਬਲੂ ਆਪਣੀ ਮਾਂ ਨਾਲ ਚੁੰਨੀਆਂ ਦੀ ਦੁਕਾਨ ਚਲਾਉਣ ਵਿੱਚ ਮਦਦ ਕਰਦਾ ਸੀ। ਮੰਗਲਵਾਰ ਦੁਪਹਿਰ ਵੀ ਉਹ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਦੁਕਾਨ ਦਾ ਸਮਾਨ ਲੈਣ ਲਈ ਬਾਜ਼ਾਰ ਆਇਆ ਸੀ। ਜਦੋਂ ਉਹ ਨਿਊ ਹਰਗੋਬਿੰਦ ਨਗਰ ਕੋਲ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਐਕਟਿਵਾ ਨੇ ਉਨ੍ਹਾਂ ਨੂੰ ਜੋਰਦਾਰ ਟੱਕਰ ਮਾਰੀ। ਟੱਕਰ ਵਿੱਚ ਜੈ ਕਰਨ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੇ ਨੱਕ ਮੂੰਹ ਵਿੱਚੋਂ ਖੂਨ ਦੀਆਂ ਧਾਰਾਂ ਫੁੱਟਣ ਲੱਗ ਗਈਆਂ। ਭਿਆਨਕ ਸੜਕ ਹਾਦਸੇ ਵਿੱਚ ਫੱਟੜ ਜੈ ਕਰਨ ਨੇ ਖੂਨ ਨਾਲ ਲੱਥਪਤ ਹਾਲਤ ਵਿੱਚ ਸੜਕ ਤੇ ਹੀ ਦਮ ਤੋੜ ਦਿੱਤਾ ਅਤੇ ਉਸ ਦੇ ਪਿੱਛੇ ਬੈਠਾ ਉਸ ਦਾ ਦੋਸਤ ਵੀ ਗੰਭੀਰ ਰੂਪ ਨਾਲ ਫੱਟੜ ਹੋ ਗਿਆ। ਦੱਸਣਯੋਗ ਹੈ ਕਿ ਹਾਦਸੇ ਵਿੱਚ ਜਾਨ ਗਵਾਉਣ ਵਾਲਾ ਜੈ ਕਰਨ ਆਪਣੇ ਪਿੱਛੇ ਪਤਨੀ ਦੋ ਬੇਟੀਆਂ ਅਤੇ ਇੱਕ ਬੇਟਾ ਛੱਡ ਗਿਆ ਹੈ ਅਤੇ ਪਰਿਵਾਰ ਵਿੱਚ ਜੈ ਕਰਨ ਹੀ ਇੱਕ ਮਾਤਰ ਪੈਸਾ ਕਮਾਉਣ ਵਾਲਾ ਮੈਂਬਰ ਸੀ। ਇਸ ਜਾਨਲੇਵਾ ਦੁਰਘਟਨਾ ਮਗਰੋਂ ਦੂਜੀ ਐਕਟਿਵਾ ਦਾ ਚਾਲਕ ਮੌਕੇ ਤੋਂ ਨਿਕਲਣ ਵਿੱਚ ਕਾਮਯਾਬ ਹੋ ਗਿਆ। ਰਾਹਗੀਰਾਂ ਮੁਤਾਬਿਕ ਦੂਜੀ ਐਕਟਿਵਾ ਨੂੰ ਚਲਾਉਣ ਵਾਲਾ ਲੜਕਾ ਘੱਟ ਉਮਰ ਦਾ ਨਾਬਾਲਿਗ ਚਾਲਕ ਲੱਗਦਾ ਸੀ ਜਿਸ ਨੇ ਅਣਗਹਿਲੀ ਅਤੇ ਤੇਜ ਰਫਤਾਰੀ ਕਰਦੇ ਹੋਏ ਜੈ ਕਰਨ ਅਤੇ ਉਸ ਦੇ ਦੋਸਤ ਨੂੰ ਸਿੱਧੀ ਟੱਕਰ ਮਾਰੀ। ਮੌਕੇ ਤੇ ਪੁੱਜੀ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਦੁਰਘਟਨਾ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਆਰੋਪੀ ਐਕਟਿਵਾ ਚਾਲਕ ਦੀ ਸ਼ਨਾਖਤ ਤੇ ਅਗਲੇਰੀ ਕਾਰਵਾਈ ਲਈ ਉਦਮ ਸ਼ੁਰੂ ਕਰ ਦਿੱਤੇ ਹਨ। ਪੁਲਿਸ ਅਧਿਕਾਰੀਆਂ ਮੁਤਾਬਿਕ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਤੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।