ਅਫੀਮ ਦੀ ਤਸਕਰੀ ਦੇ ਮਾਮਲੇ ’ਚ ਮੁਲਜ਼ਮ ਗ੍ਰਿਫਤਾਰ
ਅਫੀਮ ਦੀ ਤਸਕਰੀ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਗ੍ਰਿਫਤਾਰ
Publish Date: Thu, 12 Mar 2026 10:50 PM (IST)
Updated Date: Thu, 12 Mar 2026 10:54 PM (IST)

-ਅੱਧਾ ਕਿਲੋ ਅਫੀਮ ਬਰਾਮਦ, ਮੁਲਜ਼ਮ ਦਾ ਸਾਥੀ ਫਰਾਰ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਸੀਆਈਏ ਦੀ ਟੀਮ ਨੇ ਇੱਕ ਅਜਿਹੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜੋ ਵੇਰਕਾ ਮਿਲਕ ਪਲਾਂਟ ਦੇ ਲਾਗੇ ਅਫੀਮ ਦੀ ਸਪਲਾਈ ਦੇਣ ਆਇਆ ਸੀ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਚੋਂ 500 ਗ੍ਰਾਮ ਅਫੀਮ ਬਰਾਮਦ ਕਰਕੇ ਉਸ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਾਬੂ ਕੀਤੇ ਗਏ ਜਗਰਾਉਂ ਦੇ ਰਹਿਣ ਵਾਲੇ ਕਪਿਲ ਖੰਨਾ ਦੇ ਫਰਾਰ ਹੋਏ ਸਾਥੀ ਨਿਊ ਸਬਜ਼ੀ ਮੰਡੀ ਨਾਨਕ ਨਗਰ ਦੇ ਵਾਸੀ ਸਰਬਜੀਤ ਸਿੰਘ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਮੁਲਜ਼ਮ ਕਪਿਲ ਖੰਨਾ ਆਪਣੇ ਸਾਥੀ ਨਾਲ ਅਫੀਮ ਦੀ ਤਸਕਰੀ ਕਰਦਾ ਹੈ। ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਨੇ ਫਿਰੋਜ਼ਪੁਰ ਰੋਡ ਤੇ ਪੈਂਦੇ ਵੇਰਕਾ ਮਿਲਕ ਪਲਾਂਟ ਦੇ ਲਾਗੇ ਦਬਿਸ਼ ਦੇ ਕੇ ਮੁਲਜ਼ਮ ਕਪਿਲ ਖੰਨਾ ਨੂੰ 500 ਗ੍ਰਾਮ ਅਫੀਮ ਸਮੇਤ ਹਿਰਾਸਤ ਵਿੱਚ ਲਿਆ। ਇਸ ਕਾਰਵਾਈ ਦੇ ਦੌਰਾਨ ਮੁਲਜ਼ਮ ਦਾ ਸਾਥੀ ਸਰਬਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਕਪਿਲ ਖੰਨਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਦੀ ਪੁੱਛਗਿਛ ਲਈ ਇੱਕ ਦਿਨ ਦਾ ਰਿਮਾਂਡ ਮਿਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੇ ਦੌਰਾਨ ਮੁਲਜ਼ਮ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ। ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਬਰਾਮਦ, ਨਸ਼ਾ ਕਰਦੇ ਦੋ ਨੌਜਵਾਨ ਕਾਬੂ ਇਸੇ ਤਰ੍ਹਾਂ ਦੇ ਹੋਰ ਮਾਮਲਿਆਂ ਵਿੱਚ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਥਾਣਾ ਸਦਰ ਦੀ ਪੁਲਿਸ ਨੇ ਚਾਰ ਕਿਲੋ ਚੂਰਾ ਪੋਸਤ ਸਮੇਤ ਜਨਤਾ ਕਲੋਨੀ ਪਿੰਡ ਗਿੱਲ ਦੇ ਰਹਿਣ ਵਾਲੇ ਭੋਲਾ ਸਿੰਘ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਆਦਰਸ਼ ਸਕੂਲ ਦੇ ਕੋਲੋਂ ਪੈਦਲ ਆ ਰਿਹਾ ਸੀ। ਥਾਣਾ ਸਦਰ ਦੀ ਪੁਲਿਸ ਨੇ ਜਦ ਉਸ ਦੇ ਹੱਥ ਵਿੱਚ ਫੜੇ ਥੈਲੇ ਦੀ ਚੈਕਿੰਗ ਕੀਤੀ ਤਾਂ ਭੋਲਾ ਸਿੰਘ ਦੇ ਕਬਜ਼ੇ ਚੋਂ 4 ਕਿਲੋ ਭੁੱਕੀ ਮਿਲੀ। ਥਾਣਾ ਲਾਢੋਵਾਲ ਦੀ ਪੁਲਿਸ ਨੇ ਹੰਬੜਾ ਰੋਡ ਤੇ ਕੀਤੀ ਨਾਕਾਬੰਦੀ ਦੇ ਦੌਰਾਨ ਭੱਠਾ ਧੂਆ ਇਲਾਕੇ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਮੁਲਜ਼ਮ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਜਦੋਂ ਉਹ ਹੰਬੜਾਂ ਰੋਡ ਦੇ ਇੱਕ ਖਾਲੀ ਪਲਾਟ ਦੇ ਲਾਗੇ ਖੜਾ ਸੀ। ਇੱਕ ਹੋਰ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮੁਹੱਲਾ ਦਿਵਿਆ ਕਲੋਨੀ ਭਾਮੀਆਂ ਕਲਾਂ ਦੇ ਰਹਿਣ ਵਾਲੇ ਰਾਜੀਵ ਰੰਜਨ ਸਿੰਘ ਨੂੰ ਇਕ ਕਿਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ। ਜਾਂਚ ਅਧਿਕਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਇਸੇ ਦੌਰਾਨ ਮੁਖਬਰ ਖਾਸ ਦੀ ਇਤਲਾਹ ਤੋਂ ਬਾਅਦ ਵਰਧਮਾਨ ਲਾਈਟਾਂ ਤੋਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਕਬਜ਼ੇ ਚੋਂ ਗਾਂਜਾ ਬਰਾਮਦ ਕੀਤਾ। ਹੈਰੋਇਨ ਦਾ ਨਸ਼ਾ ਕਰਦੇ ਪਤੀ ਪਤਨੀ ਕਾਬੂ ਧਾਰਮਿਕ ਦਰਗਾਹ ਦੇ ਲਾਗੇ ਬੈਠ ਕੇ ਹੈਰੋਇਨ ਦਾ ਨਸ਼ਾ ਕਰ ਰਹੇ ਪਤੀ ਪਤਨੀ ਨੂੰ ਥਾਣਾ ਦਰੇਸੀ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀਆਂ ਦੇ ਮੁਤਾਬਕ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਵਿਜੇ ਨਗਰ ਮੌਜੂਦ ਸੀ। ਇਸੇ ਦੌਰਾਨ ਪੁਲਿਸ ਨੇ ਦੇਖਿਆ ਕਿ ਜੱਸੀਆਂ ਰੋਡ ਦਾ ਰਹਿਣ ਵਾਲਾ ਰਾਜ ਕੁਮਾਰ ਅਤੇ ਉਸ ਦੀ ਪਤਨੀ ਰੀਤੂ ਦਰਗਾਹ ਦੇ ਲਾਗੇ ਬੈਠ ਕੇ ਹੈਰੋਇਨ ਦਾ ਨਸ਼ਾ ਕਰ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਚੋਂ ਇੱਕ ਲਾਈਟਰ, ਸਿਲਵਰ ਪਨੀ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ। ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮੇ ਦਰਜ ਕਰ ਲਏ ਹਨ।