ਸ਼ਰਮਨਾਕ ਵਾਰਦਾਤ: ਝਾੜ-ਫੂਕ ਦੇ ਬਹਾਨੇ 16 ਸਾਲਾ ਨਾਬਾਲਗ ਨਾਲ ਬਦਫੈਲੀ, ਮਸਜਿਦ ਦੇ ਕਮਰੇ ’ਚ ਦਿੱਤਾ ਸ਼ਰਮਨਾਕ ਘਟਨਾ ਨੂੰ ਅੰਜਾਮ
ਲੁਧਿਆਣਾ ਦੇ ਪਿੰਡ ਖੇੜੀ ਵਿੱਚ ਇੱਕ ਨਾਬਾਲਗ ਲੜਕੇ ਨਾਲ ਕਥਿਤ ਤੌਰ ’ਤੇ ਬਦਫੈਲੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਇੱਕ ਮੌਲਵੀ ਖ਼ਿਲਾਫ਼ ਪੋਕਸੋ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Thu, 11 Jun 2026 11:09 AM (IST)
Updated Date: Thu, 11 Jun 2026 11:14 AM (IST)

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਪਿੰਡ ਖੇੜੀ ਵਿੱਚ ਇੱਕ ਨਾਬਾਲਗ ਲੜਕੇ ਨਾਲ ਕਥਿਤ ਤੌਰ ’ਤੇ ਬਦਫੈਲੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜਤ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਇੱਕ ਮੌਲਵੀ ਖ਼ਿਲਾਫ਼ ਪੋਕਸੋ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਨਾਬਾਲਗ ਭਰਾ ਰੋਜ਼ਗਾਰ ਦੇ ਸਬੰਧ ਵਿੱਚ ਪੰਜਾਬ ਆਇਆ ਹੋਇਆ ਸੀ। ਬੱਚੇ ਦੀ ਸਰੀਰਕ ਤਕਲੀਫ਼ ਨੂੰ ਦੇਖਦਿਆਂ ਉਸ ਨੂੰ ਇੱਕ ਜਾਣਕਾਰ ਦੇ ਨਾਲ ਝਾੜ-ਫੂਕ ਕਰਵਾਉਣ ਲਈ ਪਿੰਡ ਖੇੜੀ ਸਥਿਤ ਮਸਜਿਦ ਕੋਲ ਲਿਜਾਇਆ ਗਿਆ। ਦੋਸ਼ ਹੈ ਕਿ ਉੱਥੇ ਮੌਜੂਦ ਮੌਲਵੀ ਨੇ ਲੜਕੇ ਨਾਲ ਆਏ ਵਿਅਕਤੀ ਦਾ ਝਾੜਾ ਕਰਕੇ ਉਸ ਨੂੰ ਵਾਪਸ ਭੇਜ ਦਿੱਤਾ ਅਤੇ ਨਾਬਾਲਗ ਨੂੰ ਮਸਜਿਦ ਦੇ ਨਾਲ ਬਣੇ ਇੱਕ ਕਮਰੇ ਵਿੱਚ ਲੈ ਗਿਆ।
ਸ਼ਿਕਾਇਤ ਮੁਤਾਬਕ, ਕਮਰੇ ਅੰਦਰ ਲਿਜਾਣ ਤੋਂ ਬਾਅਦ ਮੌਲਵੀ ਨੇ ਮਾਲਿਸ਼ ਕਰਨ ਦਾ ਬਹਾਨਾ ਬਣਾਇਆ ਅਤੇ ਨਾਬਾਲਗ ਨਾਲ ਬਦਫੈਲੀ ਕੀਤੀ। ਘਟਨਾ ਤੋਂ ਬਾਅਦ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਪੁਲਿਸ ਨੇ ਨਾਬਾਲਗ ਦੀ ਪਛਾਣ ਗੁਪਤ ਰੱਖਦਿਆਂ ਦੋਸ਼ੀ ਮੌਲਵੀ ਖ਼ਿਲਾਫ਼ ਪੋਕਸੋ ਐਕਟ 2012 ਅਤੇ ਬੀ.ਐੱਨ.ਐੱਸ. ਦੀ ਧਾਰਾ 62 ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।