ਪੰਜਾਬ ਸਰਕਾਰ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਵਚਨਬੱਧ : ਸੋਂਦ
ਈਦ-ਉਲ-ਫ਼ਿਤਰ ਮੌਕੇ ਮੰਤਰੀ ਸੌਂਦ ਨੇ ਖੰਨਾ ਤੇ ਪਿੰਡ ਲਿਬੜਾ ਦੀਆਂ ਜਾਮਾ ਮਸਜਿਦਾਂ ’ਚ ਕੀਤੀ ਸ਼ਿਰਕਤ
Publish Date: Sat, 21 Mar 2026 07:49 PM (IST)
Updated Date: Sun, 22 Mar 2026 04:14 AM (IST)

ਈਦ-ਉਲ-ਫ਼ਿਤਰ ਮੌਕੇ ਮੰਤਰੀ ਸੌਂਦ ਨੇ ਖੰਨਾ ਤੇ ਪਿੰਡ ਲਿਬੜਾ ਦੀਆਂ ਜਾਮਾ ਮਸਜਿਦਾਂ ’ਚ ਕੀਤੀ ਸ਼ਿਰਕਤ ਸਟਾਫ ਰਿਪੋਰਟਰ, ਪੰਜਬੀ ਜਾਗਰਣ, ਖੰਨਾ : ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ, ਪੰਜਾਬ ਸ੍ਰੀ ਤਰੁਨਪ੍ਰੀਤ ਸਿੰਘ ਸੋਂਦ ਨੇ ਸ਼ਨੀਵਾਰ ਨੂੰ ‘ਈਦ-ਉਲ-ਫ਼ਿਤਰ’ ਦੇ ਤਿਉਹਾਰ ਦੇ ਮੌਕੇ ਤੇ ਪਿੰਡ ਲਿਬੜਾ ਅਤੇ ਖੰਨਾ ਦੀਆਂ ਜਾਮਾ ਮਸਜਿਦਾਂ ’ਚ ਹੋਏ ਸਮਾਗਮਾਂ ਵਿੱਚ ਸ਼ਿਰਕਤ ਕਰਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਸੋਂਦ ਨੇ ਕਿਹਾ ਕਿ ਈਦ-ਉਲ-ਫ਼ਿਤਰ ਦਾ ਤਿਉਹਾਰ ਸਰਬ ਸਾਂਝੀਵਾਲਤਾ, ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਹ ਤਿਉਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ਨੂੰ ਦਰਸਾਉਂਦਾ ਹੈ, ਜੋ ਦਾਨ ਅਤੇ ਉਦਾਰਤਾ ਦੀ ਭਾਵਨਾ ਨੂੰ ਦਿੜ੍ਹ ਕਰਵਾਉਂਦਾ ਹੈ ਅਤੇ ਹਮਦਰਦੀ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ। ਸੌਂਦ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਪਵਿੱਤਰ ਦਿਹਾੜਾ ਭਾਈਚਾਰਕ ਸਾਂਝ ਅਤੇ ਸ਼ਾਂਤੀ ਦੇ ਬੰਧਨਾਂ ਨੂੰ ਮਜ਼ਬੂਤ ਕਰੇਗਾ ਜੋ ਸਾਡੇ ਮਹਾਨ ਗੁਰੂਆਂ, ਸੰਤਾਂ ਅਤੇ ਪੀਰਾਂ ਦੁਆਰਾ ਪ੍ਰਚਾਰੀਆਂ ਗਈਆਂ ਮਹਾਨ ਮਨੁੱਖੀ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸੌਂਦ ਨੇ ਦੁਹਰਾਇਆ ਕਿ ਪੰਜਾਬ ’ਚ ਸਮਾਜਿਕ ਸਾਂਝ ਇੰਨੀ ਮਜ਼ਬੂਤ ਹੈ ਕਿ ਪੰਜਾਬ ਦੀ ਉਪਜਾਊ ਧਰਤੀ ’ਤੇ ਕੋਈ ਵੀ ਬੀਜ ਉੱਗ ਸਕਦਾ ਹੈ ਪਰ ਇੱਥੇ ਨਫ਼ਰਤ ਦਾ ਬੀਜ ਕਿਸੇ ਵੀ ਕੀਮਤ ’ਤੇ ਨਹੀਂ ਉੱਗੇਗਾ। ਅੰਤ ’ਚ ਉਨ੍ਹਾਂ ਫਿਰ ਪੰਜਾਬ ਦੇ ਸਮੁੱਚੇ ਨਿਵਾਸੀਆਂ ਨੂੰ ਇਸ ਪਵਿੱਤਰ ਮੁਕੱਦਸ ਦਿਨ ਤੇ ਈਦ ਦੀ ਵਧਾਈ ਦਿੱਤੀ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਕਾਮਾਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਸਰਵਪੱਖੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਜਾਮਾ ਮਸਜਿਦਾਂ ’ਚ ਹੋਏ ਸਮਾਗਮਾਂ ’ਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਸ਼ਾਮਲ ਹੋਣ ਤੇ ਮੁਸਲਿਮ ਭਾਈਚਾਰੇ ਦੇ ਆਗੂਆਂ ਅਤੇ ਅਮਾਮ ਵਲੋਂ ਸਵਾਗਤ ਅਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜਗਤਾਰ ਸਿੰਘ ਗਿੱਲ, ਸਾਬਕਾ ਸਰਪੰਚ ਯਾਦਵਿੰਦਰ ਸਿੰਘ, ਜਗਦੀਪ ਸਿੰਘ ਸਰਪੰਚ, ਰੁਲਦਾ ਖਾਨ, ਪੰਚ ਅਵਤਾਰ ਸਿੰਘ, ਰਾਜਨ ਖਾਨ, ਜੋਨੀ, ਪੰਚ ਤਰਨਦੀਪ ਸਿੰਘ, ਪੰਚ ਗੁਰਮਿੰਦਰ ਸਿੰਘ, ਬੂਟਾ ਖਾਨ, ਬਾਬਾ ਸਿੰਦਰ ਖਾਨ, ਸਫੀ ਮੁਹੰਮਦ, ਅਕਬਰ ਮੁਹੰਮਦ, ਕੇਸਰ ਖਾਨ ਆਦਿ ਹਾਜ਼ਰ ਸਨ।