ਤੇਲ ਵਪਾਰੀ ਨਾਲ 15.52 ਲੱਖ ਦੀ ਠੱਗੀ, ਨਾ ਮਾਲ ਮਿਲਿਆ ਤੇ ਨਾ ਪੈਸੇ
ਤੇਲ ਵਪਾਰੀ ਨਾਲ 15.52 ਲੱਖ ਦੀ ਠੱਗੀ, ਨਾ ਮਾਲ ਮਿਲਿਆ ਨਾ ਪੈਸੇ ਵਾਪਸ
Publish Date: Thu, 26 Mar 2026 07:55 PM (IST)
Updated Date: Fri, 27 Mar 2026 04:09 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੀ ਕੇਸਰਗੰਜ ਮੰਡੀ ’ਚ ਤੇਲ ਦਾ ਕਾਰੋਬਾਰ ਕਰਨ ਵਾਲੇ ਇਕ ਵਪਾਰੀ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੀਰਜ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੇ ਦੋਸ਼ੀਆਂ ਨਾਲ ਪੁਰਾਣੇ ਕਾਰੋਬਾਰੀ ਸਬੰਧ ਸਨ, ਜਿਸ ਕਰ ਕੇ ਉਨ੍ਹਾਂ ਨੇ ਭਰੋਸੇ ਦੇ ਆਧਾਰ ’ਤੇ ਮਾਲ ਮੰਗਵਾਉਣ ਲਈ 15,52,644 ਰੁਪਏ ਦੀ ਅਦਾਇਗੀ ਕਰ ਦਿੱਤੀ। ਨੀਰਜ ਸ਼ਰਮਾ ਮੁਤਾਬਕ ਦੋਸ਼ੀਆਂ ਨੇ ਰਕਮ ਲੈਣ ਤੋਂ ਬਾਅਦ ਨਾ ਤਾਂ ਤੈਅ ਕੀਤਾ ਮਾਲ ਸਪਲਾਈ ਕੀਤਾ ਤੇ ਨਾ ਹੀ ਪੈਸੇ ਵਾਪਸ ਕੀਤੇ। ਕਾਫੀ ਸਮੇਂ ਤੱਕ ਉਡੀਕ ਕਰਨ ਤੇ ਸੰਪਰਕ ਕਰਨ ਦੇ ਬਾਵਜੂਦ ਕੋਈ ਹੱਲ ਨਾ ਨਿਕਲਣ ’ਤੇ ਉਨ੍ਹਾਂ ਪੁਲਿਸ ਦਾ ਸਹਾਰਾ ਲਿਆ। ਥਾਣਾ-1 ਦੇ ਜਾਂਚ ਅਧਿਕਾਰੀ ਸੋਮਨਾਥ ਨੇ ਦੱਸਿਆ ਕਿ ਪੁਲਿਸ ਨੇ ਜਾਂਚ ਉਪਰੰਤ ਸੰਜੇ (ਵਾਸੀ ਦਿੱਲੀ) ਤੇ ਤਰਲੋਕ ਚੰਦ ਏਕਲਵਿਆ (ਵਾਸੀ ਫੈਜ਼ਾਬਾਦ) ਖ਼ਿਲਾਫ਼ ਅਮਾਨਤ ’ਚ ਖ਼ਿਆਨਤ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।