ਐੱਨਪੀਐੱਸ ਕਰਮਚਾਰੀ ਭਲਕੇ ਕਰਨਗੇ ਚੰਡੀਗੜ੍ਹ ਕੂਚ
ਐਨਪੀਐਸ ਕਰਮਚਾਰੀ 8 ਮਾਰਚ ਨੂੰ ਕਰਨਗੇ ਚੰਡੀਗੜ ਕੂਚ
Publish Date: Fri, 06 Mar 2026 07:55 PM (IST)
Updated Date: Fri, 06 Mar 2026 07:57 PM (IST)
ਲੁਧਿਆਣਾ : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਗੁਰਦੀਪ ਸਿੰਘ ਚੀਮਾ ਅਤੇ ਜ਼ਿਲ੍ਹਾ ਸਕੱਤਰ ਮੋਹਨਜੀਤ ਸਿੰਘ ਨੇ ਕਿਹਾ ਕਿ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੁਆਰਾ ਲਗਾਤਾਰ ਪਿਛਲੇ ਚਾਰ ਸਾਲਾਂ ਤੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਹੋਰ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਟਾਲ-ਮਟੋਲ ਦੀ ਨੀਤੀ ਤੋਂ ਖ਼ਫ਼ਾ ਕਰਮਚਾਰੀ ਵਰਗ ਹੁਣ ਚੋਣ ਵਰ੍ਹਾ ਹੋਣ ਕਾਰਨ ਸਰਕਾਰ ਨਾਲ ਆਰ-ਪਾਰ ਦੇ ਸੰਘਰਸ਼ ਦੇ ਰੋਂਅ ਵਿੱਚ ਹੈ। ਕਮੇਟੀ ਦੇ ਦੋਵੇਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦਿਆਂ ਵਿੱਚੋਂ ਇੱਕ ਵਾਅਦਾ ਵੀ ਪੂਰਾ ਨਹੀਂ ਕੀਤਾ, ਜਿਸ ਕਾਰਨ ਐੱਨਪੀਐੱਸ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ, ਹੁਣ ਜਦੋਂ ਸਰਕਾਰ ਆਪਣੀ ਪਾਰੀ ਦਾ ਅੰਤਿਮ ਬਜਟ ਪੇਸ਼ ਕਰਨ ਜਾ ਰਹੀ ਹੈ ਤਾਂ ਕਰਮਚਾਰੀ ਵੀ ਸਰਕਾਰ ਨੂੰ ਚੇਤਾ ਕਰਵਾਉਣਗੇ ਕਿ ਅੱਜ ਤੋਂ ਚਾਰ ਸਾਲ ਪਹਿਲਾਂ ਆਪ ਸਰਕਾਰ ਨੇ ਹਿਮਾਚਲ ਅਤੇ ਗੁਜਰਾਤ ਦੇ ਵੋਟਰਾਂ ਨੂੰ ਭਰਮਾਉਣ ਲਈ ਇੱਕ ਪੁਰਾਣੀ ਪੈਨਸ਼ਨ ਬਹਾਲੀ ਦਾ ਝੂਠਾ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਨੂੰ ਚਾਰ ਸਾਲ ਬੀਤ ਜਾਣ ਬਾਅਦ ਵੀ ਲਾਗੂ ਨਹੀਂ ਕਰ ਸਕੀ।
ਇਸ ਮੌਕੇ ਸੂਬਾ ਕੋ-ਕਨਵੀਨਰ ਅਜੀਤਪਾਲ ਸਿੰਘ ਜੱਸੋਵਾਲ ਅਤੇ ਸੂਬਾ ਜੁਆਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਨੇ ਕਿਹਾ ਦੂਜੇ ਪਾਸੇ ਪੈਨਸ਼ਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੇਂਦਰ ਤੇ ਰਾਜ ਸਰਕਾਰ ਸੁਪਰੀਮ ਕੋਰਟ ਜਰੀਏ ਜਬਰੀ ਟੈੱਟ ਥੋਪ ਰਹੀ ਹੈ। ਇਸ ਲਈ 8 ਮਾਰਚ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਬਲਾਕ ਪੱਧਰੀ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਸੂਬਾ ਪ੍ਰਧਾਨ ਬੀ ਐੱਡ ਅਧਿਆਪਕ ਫਰੰਟ ਪੰਜਾਬ ਹਰਬਿੰਦਰ ਸਿੰਘ ਬਿਲਗਾ ਨੇ ਕਿਹਾ ਇਹ ਮਹਾਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ ਕਿਉਂਕਿ ਕਰਮਚਾਰੀਆਂ ਦਾ ਕਹਿਣਾ ਹੈ ਕਿ ਅਸੀਂ ਲਾਮਿਸਾਲ ਇਕੱਠ ਕਰ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਕਰ ਦੇਵਾਂਗੇ, ਜਿਸ ਦਾ ਖ਼ਮਿਆਜ਼ਾ ਪੰਜਾਬ ਸਰਕਾਰ ਨੂੰ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਜਗਜੀਤ ਸਿੰਘ ਝਾਂਡੇ, ਸਤਨਾਮ ਸਿੰਘ ਦੌਲਤਪੁਰ, ਹਰਜਿੰਦਰ ਸਿੰਘ ਰਾਏਕੋਟ, ਮਨਜਿੰਦਰ ਸਿੰਘ ਮਾਂਗਟ -1, ਪਾਲ ਸਿੰਘ ਬੈਨੀਪਾਲ, ਬਲਵਿੰਦਰ ਸਿੰਘ ਦੋਰਾਹਾ, ਜਸਵਿੰਦਰ ਸਿੰਘ ਸਾਹਨੇਵਾਲ, ਸੁਭਾਸ਼ ਗੋਇਲ, ਚਰਨਜੀਤ ਸਿੰਘ ਸੰਗਤਪੁਰਾ, ਸੰਦੀਪ ਕੁਮਾਰ ਡੇਹਲੋਂ -2, ਬੇਅੰਤ ਸਿੰਘ ਇਆਲੀ, ਮਲਕੀਤ ਸਿੰਘ ਮਾਛੀਵਾੜਾ, ਰਵਿੰਦਰ ਸਿੰਘ ਕਿਲਾ ਰਾਏਪੁਰ, ਬਾਲ ਕ੍ਰਿਸ਼ਨ ਸਿੱਧਵਾਂ ਬੇਟ, ਭੁਪਿੰਦਰ ਤਰਵੇਦੀ ਖੰਨਾ, ਰਾਜ ਵਰਿੰਦਰ ਸਿੰਘ ਮਹਾਂਪੁਰ, ਅਨਿਲ ਕੁਮਾਰ, ਨਰਿੰਦਰ ਸਿੰਘ ਧੂਲਕੋਟ, ਪਵਨ ਕੁਮਾਰ ਅਤੇ ਤਰਨਜੀਤ ਸਿੰਘ ਆਦਿ ਹਾਜ਼ਰ ਸਨ।