ਰਾਜ ਸਭਾ ਸੀਟ ਨਾ ਮਿਲਣਾ ਬਿੱਟੂ ਦੀ ਨਾਕਾਮੀ ਦਾ ਸਬੂਤ : ਦੀਵਾਨ
ਰਾਜ ਸਭਾ ਸੀਟ ਨਾ ਮਿਲਣਾ ਬਿੱਟੂ ਦੀ ਨਾਕਾਮੀ ਦਾ ਸਬੂਤ, ਵਿਧਾਨ ਸਭਾ ਚੋਣਾਂ ’ਚ ਇਨ੍ਹਾਂ ਦੀ ਹਾਰ ਪੱਕੀ-ਦੀਵਾਨ
Publish Date: Sat, 06 Jun 2026 10:57 PM (IST)
Updated Date: Sun, 07 Jun 2026 04:14 AM (IST)

ਕਿਹਾ- ਬਿੱਟੂ ਦੱਸਣ 15 ਸਾਲ ਰਾਜ ਸਭਾ ਤੇ 2 ਸਾਲ ਰਾਜ ਸਭਾ ’ਚ ਪੰਜਾਬ ਲਈ ਕੀ ਕੀਤਾ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਲੋਕ ਸਭਾ ਅਤੇ ਰਾਜ ਸਭਾ ਵਿੱਚ 17 ਸਾਲ ਬਿਤਾਉਣ ਤੋਂ ਬਾਅਦ ਹੁਣ ਉਹ “ਪੰਜਾਬ ਦੀ ਸੇਵਾ” ਕਰਨ ਦੇ ਬਿਆਨ ’ਤੇ ਚੁਟਕੀ ਲੈਂਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਜਨਰਲ ਸਕੱਤਰ ਪਵਨ ਦੀਵਾਨ ਨੇ ਕਿਹਾ ਕਿ ਬਿੱਟੂ ਦੀ ਪੋਲ ਖੁੱਲ੍ਹ ਚੁੱਕੀ ਹੈ। ਰਾਜ ਸਭਾ ਸੀਟ ਨਾ ਮਿਲਣਾ ਬਿੱਟੂ ਦੀ ਨਾਕਾਮੀ ਦਾ ਸਬੂਤ ਹੈ। ਦੀਵਾਨ ਨੇ ਉਪਰੋਕਤ ਬਿਆਨ ਨੂੰ ਹੈਰਾਨੀਜਨਕ ਕਰਾਰ ਦਿੰਦਿਆਂ ਕਿਹਾ ਕਿ ਬਿੱਟੂ ਇੱਕ ਵਾਰ ਸ੍ਰੀ ਆਨੰਦਪੁਰ ਸਾਹਿਬ ਅਤੇ ਦੋ ਵਾਰ ਲੁਧਿਆਣਾ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਸ੍ਰੀ ਆਨੰਦਪੁਰ ਸਾਹਿਬ ਜਾਂ ਲੁਧਿਆਣਾ ਮਹਾਰਾਸ਼ਟਰ ਜਾਂ ਤਮਿਲਨਾਡੂ ਵਿੱਚ ਪੈਂਦੇ ਹਨ, ਕੀ ਉਹ 15 ਸਾਲ ਲੋਕ ਸਭਾ ਵਿੱਚ ਬੈਠ ਕੇ ਪੰਜਾਬ ਦੀ ਸੇਵਾ ਨਹੀਂ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਹਮੇਸ਼ਾ ਸੂਬੇ ਨਾਲ ਸਬੰਧਤ ਹਰ ਅਹਿਮ ਮੁੱਦਾ ਸੰਸਦ ਵਿੱਚ ਉਠਾਇਆ ਹੈ। ਦੀਵਾਨ ਨੇ ਦਾਅਵਾ ਕੀਤਾ ਕਿ ਬਿੱਟੂ ਦੇ ਇਸ ਬਿਆਨ ਪਿੱਛੇ ਦੀ ਹਕੀਕਤ ਕੁੱਝ ਹੋਰ ਹੀ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਬਿੱਟੂ ਭਾਜਪਾ ਦੀਆਂ ਉਮੀਦਾਂ ’ਤੇ ਖਰਾ ਉਤਰਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ, ਜਿਸ ਕਾਰਨ ਪਾਰਟੀ ਨੇ ਇਨ੍ਹਾਂ ਨੂੰ ਰਾਜ ਸਭਾ ਦੀ ਸੀਟ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਇਨ੍ਹਾਂ ਨੂੰ ਆਪਣਾ ਬਿਸਤਰਾ ਗੋਲ ਕਰਕੇ ਪੰਜਾਬ ਆਉਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਇਕਾਈ ਲਈ ਮਿਹਨਤ ਕਰਕੇ ਆਪਣੀ ਯੋਗਤਾ ਸਾਬਤ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸ਼ਰਮਿੰਦਗੀ ਤੋਂ ਬਚਣ ਲਈ ਬਿੱਟੂ ਹੁਣ ਆਪਣੇ ਆਪ ਨੂੰ ਪੰਜਾਬ ਦਾ “ਮਸੀਹਾ” ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੀਵਾਨ ਨੇ ਬਿੱਟੂ ਤੋਂ ਇਹ ਵੀ ਪੁੱਛਿਆ ਕਿ ਲੋਕ ਸਭਾ ਵਿੱਚ ਆਪਣੇ 15 ਸਾਲਾਂ ਦੇ ਕਾਰਜਕਾਲ ਦੌਰਾਨ ਇਨ੍ਹਾਂ ਨੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੀ ਕੀਤਾ ਹੈ। ਦੀਵਾਨ ਨੇ ਇਨ੍ਹਾਂ ਨੂੰ ਇੱਕ ਖੋਖਲਾ ਅਤੇ ਮੌਕਾਪ੍ਰਸਤ ਆਗੂ ਕਰਾਰ ਦਿੱਤਾ ਹੈ, ਜਿਸ ਨੇ ਮੌਕਾ ਆਉਣ ਤੇ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਸੀ, ਜਦੋਂ ਕਿ ਇਨ੍ਹਾਂ ਦੇ ਦਾਦਾ ਜੀ ਨੇ ਪੰਜਾਬ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ ਅਤੇ ਕਾਂਗਰਸ ਨੇ ਇਨ੍ਹਾਂ ਨੂੰ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵੱਡੇ ਜੱਥੇਬੰਦਕ ਅਹੁਦੇ ਦਿੱਤੇ ਸਨ ਅਤੇ ਤਿੰਨ ਵਾਰ ਸੰਸਦ ਮੈਂਬਰ ਬਣਾਇਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਬਿੱਟੂ ਨੂੰ ਸਿਰਫ਼ ਆਪਣੇ ਸਿਆਸੀ ਭਵਿੱਖ ਦੀ ਚਿੰਤਾ ਹੈ ਅਤੇ ਲੋਕਾਂ ਦੀ ਭਲਾਈ ਨਾਲ ਇਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।