ਅਧੂਰੇ ਪ੍ਰਬੰਧਾਂ ’ਚ ਕੰਮ ਕਰਨ ਨੂੰ ਮਜਬੂਰ ਹੋਏ ਹਲਕਾ ਉੱਤਰੀ ਦੀ ਨਵੀਂ ਤਹਿਸੀਲ ਦੇ ਮੁਲਾਜ਼ਮ
ਅਧੂਰੇ ਪ੍ਰਬੰਧਾਂ ਦੌਰਾਨ ਲੋਕਾਂ ਦੇ ਕੰਮ ਕਰਨ ਲਈ ਯਤਨਸ਼ੀਲ ਉੱਤਰੀ ਤਹਿਸੀਲ ਦੇ ਅਧਿਕਾਰੀ
Publish Date: Wed, 10 Jun 2026 08:49 PM (IST)
Updated Date: Wed, 10 Jun 2026 08:50 PM (IST)

-ਨਾ ਇਨਵਰਟਰ, ਨਾ ਜਨਰੇਟਰ ਤੇ ਨਾ ਹੀ ਪੀਣ ਵਾਲੇ ਪਾਣੀ ਦਾ ਪ੍ਰਬੰਧ -ਬੱਤੀ ਗੁਲ ਹੋਣ ’ਤੇ ਨਿੱਜੀ ਸਾਧਨਾਂ ਨਾਲ ਫੋਟੋ ਕਰਵਾਉਣ ਲਈ ਮਜਬੂਰ ਹੁੰਦੇ ਨੇ ਅਧਿਕਾਰੀ ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ ਵਿਧਾਨ ਸਭਾ ਹਲਕਾ ਉੱਤਰੀ ਤੋਂ ‘ਆਪ’ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਯਤਨਾਂ ਸਦਕਾ ਚਾਂਦ ਸਿਨੇਮਾ ਦੇ ਕੋਲ ਨਵੀਂ ਤਹਿਸੀਲ ਬਣਾਈ ਗਈ ਹੈ, ਜਿਸ ਦਾ ਉਦਘਾਟਨ ਬੀਤੀ 2 ਜੂਨ ਨੂੰ ਪੰਜਾਬ ਦੇ ਰੈਵੀਨਿਊ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਕਰ ਕੇ ਲੋਕਾਂ ਦੇ ਕੰਮ ਸ਼ੁਰੂ ਕਰਵਾਏ ਗਏ ਸਨ। ਸਰਕਾਰ ਵੱਲੋਂ ਇਹ ਤਹਿਸੀਲ ਹਲਕਾ ਉੱਤਰੀ ਤੇ ਨਾਲ ਲੱਗਦੇ ਪਿੰਡਾਂ ਦੇ ਵਾਸੀਆਂ ਨੂੰ ਉਨ੍ਹਾਂ ਦੇ ਤਹਿਸੀਲ ਨਾਲ ਸਬੰਧਤ ਕੰਮਾਂ ਦੀ ਸਹੂਲਤ ਦੇਣ ਲਈ ਬਣਾਈ ਗਈ ਹੈ ਪਰ ਅਧੂਰੇ ਪ੍ਰਬੰਧਾਂ ਦੌਰਾਨ ਹੀ ਸ਼ੁਰੂ ਕੀਤੀ ਗਈ ਤਹਿਸੀਲ ’ਚ ਹੁਣ ਤਾਇਨਾਤ ਅਧਿਕਾਰੀਆਂ ਨੂੰ ਲੋਕਾਂ ਦੇ ਕੰਮ ਕਰਨ ਲਈ ਖੁਦ ਪ੍ਰਬੰਧ ਕਰਨੇ ਪੈ ਰਹੇ ਹਨ। ਚਾਂਦ ਸਿਨੇਮਾ ਦੇ ਨਜ਼ਦੀਕ ਰੈਵੀਨਿਊ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਉੱਤਰੀ ਤਹਿਸੀਲ ਦੇ ਰਜਿਸਟਰਾਰ ਦਫਤਰ ਵਿੱਚ ਚੱਲ ਰਹੇ ਕੰਮ ਨੂੰ ਦੇਖਣ ਲਈ ਅੱਜ ‘ਪੰਜਾਬੀ ਜਾਗਰਣ’ ਦੀ ਟੀਮ ਪਹੁੰਚੀ। ਇਸ ਤਹਿਸੀਲ ’ਚ ਕੰਮ ਸ਼ੁਰੂ ਹੋਏ ਨੂੰ 1 ਹਫਤੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਨਾ ਤਾਂ ਅਜੇ ਤੱਕ ਜਨਰੇਟਰ ਦਾ ਪ੍ਰਬੰਧ ਹੈ ਤੇ ਨਾ ਹੀ ਸਰਕਾਰ ਵੱਲੋਂ ਇਨਵਰਟਰ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ, ਜਿਸ ਕਾਰਨ ਜਦੋਂ ਬੱਤੀ ਗੁੱਲ ਹੋ ਜਾਂਦੀ ਹੈ ਤਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਤੀ ਬੰਦ ਹੁੰਦਿਆਂ ਹੀ ਤਹਿਸੀਲ ਦੇ ਕੰਪਿਊਟਰ ਵੀ ਬੰਦ ਹੋ ਜਾਂਦੇ ਹਨ, ਜਿਸ ਕਾਰਨ ਕੰਮ ਕਰਨ ਵਿੱਚ ਮੁਲਾਜ਼ਮਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੱਝ ਮੁਲਾਜ਼ਮਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਤਹਿਸੀਲ ਵਿੱਚ ਅਜੇ ਪ੍ਰਬੰਧ ਪੂਰੇ ਨਹੀਂ ਹਨ। ਬਿਜਲੀ ਜਾਣ ਤੋਂ ਬਾਅਦ ਨਿੱਜੀ ਸਾਧਨਾਂ ਨਾਲ ਫੋਟੋ ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਮਜਬੂਰ ਹੋਣਾ ਪੈਂਦਾ ਹੈ। ਪੀਣ ਵਾਲੇ ਪਾਣੀ ਤੋਂ ਵਾਂਝੇ ਲੋਕ ਤਹਿਸੀਲ ’ਚ ਪੀਣ ਵਾਲੇ ਪਾਣੀ ਦੀ ਸਹੂਲਤ ਨਾ ਹੋਣ ਕਾਰਨ ਅੱਤ ਦੀ ਗਰਮੀ ’ਚ ਲੋਕਾਂ ਨੂੰ ਮੁੱਲ ਦਾ ਪਾਣੀ ਖਰੀਦ ਕੇ ਆਪਣੀ ਪਿਆਸ ਸ਼ਾਂਤ ਕਰਨੀ ਪੈ ਰਹੀ ਹੈ। ਵਿਭਾਗ ਵੱਲੋਂ ਤਹਿਸੀਲ ’ਚ ਕੋਈ ਆਰਓ ਜਾਂ ਵਾਟਰ ਕੂਲਰ ਨਹੀਂ ਲਗਵਾਇਆ ਗਿਆ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਮਿਲ ਸਕੇ। ਮੁਲਾਜ਼ਮਾਂ ਨੇ ਦੱਸਿਆ ਕਿ ਅਸੀਂ ਨਿੱਜੀ ਤੌਰ ’ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੈ। ਲੋੜਵੰਦ ਲੋਕਾਂ ਨੂੰ ਪੀਣ ਯੋਗ ਪਾਣੀ ਮੁਹੱਈਆ ਕਰਵਾ ਕੇ ਦਿੰਦੇ ਹਾਂ ਤਾਂ ਕਿ ਤਹਿਸੀਲ ਵਿੱਚ ਆਏ ਕਿਸੇ ਵਿਅਕਤੀ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ। ਕੀ ਕਹਿਣਾ ਹੈ ਅਧਿਕਾਰੀਆਂ ਦਾ ਜਦੋਂ ਉੱਤਰੀ ਤਹਿਸੀਲ ਦੀਆਂ ਖਾਮੀਆਂ ਸਬੰਧੀ ਡਿਊਟੀ ’ਤੇ ਤਾਇਨਾਤ ਨਾਇਬ ਤਹਿਸੀਲਦਾਰ ਜਗਸੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਹਿਸੀਲ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਲੋੜਵੰਦ ਲੋਕਾਂ ਨੂੰ ਸੇਵਾਵਾਂ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੀ ਸਾਰੀ ਟੀਮ ਯਤਨਸ਼ੀਲ ਹੈ। ਜਦੋਂ ਉਨ੍ਹਾਂ ਨੂੰ ਖਾਮੀਆਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਏਡੀਸੀ ਜਨਰਲ ਦੇ ਧਿਆਨ ’ਚ ਲਿਆ ਦਿੱਤਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਹੀ ਜਨਰੇਟਰ, ਇਨਵਰਟਰ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਹਿਸੀਲ ਨਾਲ ਸਬੰਧਤ ਕੰਮ ਕਰਵਾਉਣ ਵਾਲੇ ਲੋਕ ਸਵੇਰੇ 7:30 ਵਜੇ ਤੋਂ 2 ਵਜੇ ਤੱਕ ਆ ਕੇ ਆਪਣਾ ਕੰਮ ਕਰਵਾ ਸਕਦੇ ਹਨ। ਜੇ ਕਿਸੇ ਲੋੜਵੰਜ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਸਿੱਧਾ ਉਨ੍ਹਾਂ ਨਾਲ ਰਾਬਤਾ ਕਰ ਸਕਦਾ ਹੈ।