ਕਣਕ ਦੀ ਵਿਕਰੀ ਲਈ ਕਿਸਾਨਾਂ ਨੂੰ ਦਿੱਤੀ ਰਾਹਤ, ਰੇਲ ਰੋਕੋ ਪ੍ਰੋਗਰਾਮ ਰੱਦ
ਕਣਕ ਦੀ ਵਿਕਰੀ ਲਈ ਕਿਸਾਨਾਂ ਨੂੰ ਦਿੱਤੀ ਰਾਹਤ, ਰੇਲ ਰੋਕੋ ਪ੍ਰੋਗਰਾਮ ਰੱਦ
Publish Date: Fri, 17 Apr 2026 06:13 PM (IST)
Updated Date: Fri, 17 Apr 2026 06:15 PM (IST)

ਸੁਖਦੇਵ ਸਲੇਮਪੁਰੀ,ਪੰਜਾਬੀ ਜਾਗਰਣ ਲੁਧਿਆਣਾ ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਮੋਰਚਾ ਪੰਜਾਬ, ਸੰਯੁਕਤ ਕਿਸਾਨ ਮੋਰਚਾ ਦੀਆਂ 6 ਅਤੇ ਆਜ਼ਾਦ ਕਿਸਾਨ ਮੋਰਚਾ ਸਮੇਤ ਕੁੱਲ 36 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਚ ਕਣਕ ਦੀ 15 ਦਿਨ ਤੋਂ ਬੁਰੀ ਤਰ੍ਹਾਂ ਰੋਕੀ ਹੋਈ ਖਰੀਦ ਨੂੰ ਚਾਲੂ ਕਰਵਾਉਣ ਲਈ 14 ਅਪ੍ਰੈਲ ਦੀ ਸਾਂਝੀ ਸੂਬਾਈ ਮੀਟਿੰਗ ਰਾਹੀਂ ਅੱਜ 17 ਅਪ੍ਰੈਲ ਦੇ ਪੰਜਾਬ ਪੱਧਰੀ 3 ਘੰਟੇ ਦਾ ਰੇਲ ਰੋਕੋ ਚੱਕਾ ਜਾਮ ਦੇ ਵੱਡੇ ਘੋਲ਼ ਦਾ ਐਲਾਨ ਕੀਤਾ ਗਿਆ ਸੀ, ਜਿਸ ਦੀਆਂ 3 ਦਿਨ ਤੋਂ ਜ਼ੋਰਦਾਰ ਤਿਆਰੀਆਂ ਵਿੱਢੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਘੋਲ ਦੀ ਤਿਆਰੀ ਮੁਹਿੰਮ ਦੇ ਸਿੱਟੇ ਵਜੋਂ ਕੱਲ੍ਹ ਸ਼ਾਮ ਤੋਂ ਦੇਰ ਰਾਤ ਤੱਕ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੇ ਸਬੰਧਿਤ ਕਿਸਾਨ ਆਗੂਆਂ ਨਾਲ ਮਸਲੇ ਦੇ ਹੱਲ ਲਈ ਕਈ ਵਾਰ ਗੱਲਬਾਤ ਹੋਈ ਅਤੇ ਨਾਲ ਹੀ ਕੱਲ੍ਹ ਤੋਂ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਕਣਕ ਦੀ ਖਰੀਦ ਨੇ ਵੀ ਕੁਝ ਰਫ਼ਤਾਰ ਫੜੀ। ਸਿੱਟੇ ਵਜੋਂ ਅੱਜ ਸਵੇਰੇ 7 ਵਜੇ ਉਪਰੋਕਤ ਜਥੇਬੰਦੀਆਂ ਨੇ ਇਸ ਮੁੱਢਲੀ ਜਿੱਤ ਦੇ ਸਿੱਟੇ ਵਜੋਂ ਰੇਲ ਰੋਕੋ ਐਕਸ਼ਨ ਨੂੰ 3 ਦਿਨ ਲਈ ਮੁਲਤਵੀ ਕਰ ਦਿੱਤਾ ਅਤੇ ਲਗਾਤਾਰ ਖ਼ਰੀਦ ਕਾਰਜਾਂ ਤੇ ਬਾਜ ਅੱਖ ਰੱਖਣ ਦਾ ਫੈਸਲਾ ਕੀਤਾ ਹੈ। ਆਗੂਆਂ ਨੇ ਇਸ ਮੁਢਲੀ ਜਿੱਤ ਨੂੰ 36 ਸੰਘਰਸ਼ਸ਼ੀਲ ਜਥੇਬੰਦੀਆਂ ਤੇ ਸਾਂਝੀ ਕਿਸਾਨ ਲਹਿਰ ਦੀ ਸਾਂਝੀ ਜਿੱਤ ਕਰਾਰ ਦਿੱਤਾ ਹੈ।