ਰਿਵਾਈਬਿੰਗ ਲੁਧਿਆਣਾ” ਮੁਹਿੰਮ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ’ਚ ਸ਼ੁਰੂਆਤ
ਅਹਿਮ ਖ਼ਬਰ-“ਰਿਵਾਈਬਿੰਗ ਲੁਧਿਆਣਾ” ਮੁਹਿੰਮ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿੱਚ ਸ਼ੁਰੂਆਤ
Publish Date: Thu, 16 Apr 2026 06:38 PM (IST)
Updated Date: Thu, 16 Apr 2026 06:42 PM (IST)

ਸਫਾਈ, ਕੂੜੇ ਦੀ ਛਾਂਟ ਤੇ ਵਾਤਾਵਰਣ ਪ੍ਰਤੀ ਜਾਗਰੂਕ ਜੀਵਨਸ਼ੈਲੀ ਨੂੰ ਕੀਤਾ ਉਤਸ਼ਾਹਿਤ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਵਿਚ ਸਸਟੇਨੇਬਿਲਿਟੀ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ “ਰਿਵਾਈਬਿੰਗ ਲੁਧਿਆਣਾ” ਮੁਹਿੰਮ ਦੀ ਸ਼ੁਰੂਆਤ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਵਿਚ ਕੀਤੀ ਗਈ। ਇਸ ਸਮਾਗਮ ਵਿਚ ਵਿਦਿਆਰਥੀਆਂ, ਨੌਜਵਾਨ ਵਲੰਟੀਅਰਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੇ ਭਾਗ ਲੈ ਕੇ ਸਫਾਈ, ਕੂੜੇ ਦੀ ਛਾਂਟ ਤੇ ਵਾਤਾਵਰਣ ਪ੍ਰਤੀ ਜਾਗਰੂਕ ਜੀਵਨਸ਼ੈਲੀ ਨੂੰ ਉਤਸਾਹਿਤ ਕੀਤਾ। ਇਸ ਮੌਕੇ ਵਿਦਿਆਰਥੀਆਂ, ਫਿਲਾਂਥਰਪੀ ਕਲੱਬ ਦੇ ਮੈਂਬਰਾਂ ਅਤੇ ਡੂ ਗੁੱਡ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਬਾਲ ਭਵਨ ਦੇ ਬੱਚਿਆਂ ਦੁਆਰਾ ਇੱਕ ਉਤਸ਼ਾਹਪੂਰਣ ਸਫਾਈ ਅਭਿਆਨ ਚਲਾਇਆ ਗਿਆ, ਜਿਸ ਨੇ ਸਮੁਦਾਇਕ ਭਾਗੀਦਾਰੀ ਦਾ ਸ਼ਾਨਦਾਰ ਉਦਾਹਰਨ ਪੇਸ਼ ਕੀਤਾ। ਸਮਾਗਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ ਹੋਏ ਵਿੰਮੀ ਬਜਾਜ, ਸੁਖਦੀਪ ਮਾਨ, ਪ੍ਰਭਰੂਪ ਅਤੇ ਸਨਾ ਗੋਇਲ ਵੱਲੋਂ “ਸੇਗ੍ਰਿਗੇਸ਼ਨ ਸਟੋਰੀ” ਪੇਸ਼ ਕੀਤੀ ਗਈ, ਜਿਸ ਵਿਚ ਕੂੜਾ ਪ੍ਰਬੰਧਨ ਦੀ ਮਹੱਤਤਾ ਨੂੰ ਬਹੁਤ ਹੀ ਸਰਲ ਢੰਗ ਨਾਲ ਦਰਸਾਇਆ ਗਿਆ। ਇਸ ਮੁਹਿੰਮ ਦੀ ਅਗਵਾਈ ਰਮਨਦੀਪ, ਵਿੰਮੀ ਬਜਾਜ, ਅਨੁ ਗੁਪਤਾ, ਹਰਕਨਵਾਲ ਸੇਖੋਂ, ਡਾ. ਰਿਪੁਲਾ ਅਤੇ ਮਮਤਾ ਵੱਲੋਂ ਕੀਤੀ ਗਈ, ਜਿਨ੍ਹਾਂ ਦੇ ਯਤਨਾਂ ਨਾਲ ਸਮਾਗਮ ਸਫਲਤਾਪੂਰਵਕ ਆਯੋਜਿਤ ਹੋਇਆ। ਇਸ ਪ੍ਰੋਗਰਾਮ ਦਾ ਇਕ ਮੁੱਖ ਆਕਰਸ਼ਣ ਈ-ਬਿਨ ਦਾ ਉਦਘਾਟਨ ਸੀ, ਜੋ ਸਹਾਇਕ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਜਸਦੇਵ ਸੇਖੋਂ ਅਤੇ ਰੈੱਡ ਕ੍ਰਾਸ ਦੇ ਕਾਰਜਕਾਰੀ ਸਕੱਤਰ ਨਵਨੀਤ ਜੋਸ਼ੀ ਵੱਲੋਂ ਕੀਤਾ ਗਿਆ। ਇਹ ਕਦਮ ਮਾਰਕੀਟ ਖੇਤਰਾਂ ਵਿੱਚ ਸਮਾਰਟ ਕਚਰਾ ਪ੍ਰਬੰਧਨ ਵੱਲ ਇੱਕ ਮਹੱਤਵਪੂਰਨ ਪਹਿਲ ਹੈ। ਰਿਵਾਈਬਿੰਗ ਲੁਧਿਆਣਾ” ਦੀ ਸੋਚ ਲਖਮਿੰਦਰ ਕੌਰ ਡਿੱਕੀ ਛਾਬੜਾ ਵੱਲੋਂ ਪ੍ਰੇਰਿਤ ਹੈ, ਜਿਸ ਦਾ ਉਦੇਸ਼ ਸਮੁਦਾਇਕ ਭਾਗੀਦਾਰੀ ਰਾਹੀਂ ਸ਼ਹਿਰ ਨੂੰ ਸਾਫ਼ ਅਤੇ ਸਸਟੇਨੇਬਲ ਮਾਡਲ ਬਣਾਉਣਾ ਹੈ। ਇਸ ਮੌਕੇ “ਵੇਲਥ ਆਉਟ ਆਫ ਵੇਸਟ” ਵਿਸ਼ੇ ਹੇਠ ਇੱਕ ਈਕੋ ਬਜ਼ਾਰ ਦਾ ਵੀ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਵਾਤਾਵਰਣ ਅਨੁਕੂਲ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਦਾ ਉਦੇਸ਼ ਲੋਕਾਂ ਨੂੰ ਜ਼ਿੰਮੇਵਾਰ ਖਪਤ ਵੱਲ ਪ੍ਰੇਰਿਤ ਕਰਨਾ ਸੀ। ਇਸ ਮੁਹਿੰਮ ਨੂੰ ਕਿੱਪਸ ਮਾਰਟ ਦੇ ਮਾਲਕ ਹਿਤੇਸ਼ ਅਰੋੜਾ ਅਤੇ ਬੈਲਫਰਾਂਸ ਦੀ ਰਿਚਾ ਕੁਕਰੇਜਾ ਦਾ ਖਾਸ ਸਹਿਯੋਗ ਪ੍ਰਾਪਤ ਹੋਇਆ, ਜਿਨ੍ਹਾਂ ਨੇ ਕਿੱਪਸ ਮਾਰਕੀਟ ਨੂੰ ਲੁਧਿਆਣਾ ਦੀ ਸਭ ਤੋਂ ਸਾਫ਼ ਮਾਡਲ ਮਾਰਕੀਟ ਬਣਾਉਣ ਦਾ ਸੰਕਲਪ ਲਿਆ ਹੈ। ਇਹ ਸ਼ੁਰੂਆਤ ਇੱਕ ਲਗਾਤਾਰ ਚੱਲਣ ਵਾਲੀ ਮੁਹਿੰਮ ਦਾ ਆਗਾਜ਼ ਹੈ, ਜੋ ਨਾਗਰਿਕਾਂ, ਵਪਾਰੀਆਂ ਅਤੇ ਸੰਸਥਾਵਾਂ ਨੂੰ ਸਾਫ਼ ਅਤ ਹਰਾ-ਭਰਾ ਲੁਧਿਆਣਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀ ਹੈ।