ਫੂਡ ਸੇਫਟੀ ਟੀਮਾਂ ਵੱਲੋਂ ਡੇਅਰੀ ਕੰਪਲੈਕਸਾਂ ਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ
ਫੂਡ ਸੇਫਟੀ ਟੀਮਾਂ ਵੱਲੋਂ ਡੇਅਰੀ ਕੰਪਲੈਕਸਾ ਅਤੇ ਮਿਠਾਈ ਦੀਆਂ ਦੁਕਾਨਾਂ ਦੀ ਜਾਂਚ
Publish Date: Tue, 14 Apr 2026 06:23 PM (IST)
Updated Date: Tue, 14 Apr 2026 06:27 PM (IST)

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਸੀਸ ਚਾਵਲਾ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਫੂਡ ਸੇਫਟੀ ਟੀਮਾਂ ਨੇ ਸਖਤੀ ਦਾ ਰੁੱਖ ਅਪਣਾ ਲਿਆ ਹੈ ਅਤੇ ਲਗਾਤਾਰ ਤੇਜ਼ੀ ਦੇ ਨਾਲ ਸ਼ਹਿਰ ਵਿਚ ਖਾਣ ਪੀਣ ਦੀਆਂ ਦੁਕਾਨਾਂ ਰੇੜੀਆਂ ਅਤੇ ਡਾਇਰੀ ਕੰਪਲੈਕਸਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਤੱਕ ਉੱਚ ਕੁਆਲਿਟੀ ਦਾ ਖਾਣ ਪੀਣ ਦਾ ਸਮਾਨ ਮੁਹੱਈਆ ਕਰਵਾਉਣ ਵਿਚ ਨਿਰੰਤਰਤਾ ਬਣਾਈ ਰੱਖੀ ਜਾ ਸਕੇ। ਇਸੇ ਕੜੀ ਤਹਿਤ ਅੱਜ ਖਾਦ ਸੁਰੱਖਿਆ ਟੀਮ, ਲੁਧਿਆਣਾ ਨੇ ਜ਼ਿਲ੍ਹਾ ਸਿਹਤ ਅਫਸਰ ਚਾਵਲਾ ਦੀ ਰਹਿਨੁਮਾਈ ਹੇਠ ਹੰਬੜਾ ਰੋਡ ’ਤੇ ਸਥਿਤ ਹੈਬੋਵਾਲ ਡੇਅਰੀ ਕੰਪਲੈਕਸ, ਤ੍ਰਿਸ਼ੀਨਾ ਨਗਰ, ਸਿਵਲ ਲਾਈਨਜ਼ ਵਿਚ ਵਿਸ਼ੇਸ਼ ਚੈਕਿੰਗ ਅਤੇ ਸੈਂਪਲਿੰਗ ਮੁਹਿੰਮ ਚਲਾਈ। ਇਸ ਕਾਰਵਾਈ ਦੌਰਾਨ ਟੀਮ ਵੱਲੋਂ ਦੋ ਸੈਂਪਲ ਪਨੀਰ ਦੇ, ਦੋ ਸੈਂਪਲ ਦੁੱਧ, ਇੱਕ ਸੈਂਪਲ ਚੀਜ਼ ਐਨਾਲਾਗ ਅਤੇ ਇਕ ਸੈਂਪਲ ਨਮਕ ਦਾ ਇਕੱਠਾ ਕੀਤਾ ਗਿਆ। ਸਾਰੇ ਸੈਂਪਲ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਦੇ ਨਿਯਮਾਂ ਅਨੁਸਾਰ ਨਾਲ ਸੀਲ ਕਰਕੇ ਰਾਜ ਖਾਦ ਪ੍ਰਯੋਗਸ਼ਾਲਾ ਵਿਚ ਵਿਸ਼ਲੇਸ਼ਣ ਲਈ ਭੇਜੇ ਗਏ ਹਨ, ਤਾਂ ਜੋ ਉਨ੍ਹਾਂ ਦੀ ਗੁਣਵੱਤਾ ਅਤੇ ਮਿਆਰਾਂ ਦੀ ਪੂਰੀ ਜਾਂਚ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਗੋਕੁਲ ਰੋਡ ਸਥਿਤ ਇੱਕ ਮਿਠਾਈ ਦੀ ਦੁਕਾਨ ਦੀ ਵੀ ਜਾਂਚ ਕੀਤੀ ਗਈ। ਜਾਂਚ ਦੌਰਾਨ ਸਫ਼ਾਈ ਦੇ ਮਾਪਦੰਡ, ਖਾਦ ਪਦਾਰਥਾਂ ਦੀ ਸਟੋਰੇਜ ਸਥਿਤੀ ਅਤੇ ਫੂਡ ਸੇਫਟੀ ਐਕਟ ਦੀਆਂ ਗਾਈਡਲਾਈਨਾਂ ਅਨੁਸਾਰ ਕੰਮ ਕਰਨ ਦੀ ਪਾਲਣਾ ਦਾ ਵਿਸਥਾਰ ਨਾਲ ਮੁਲਾਂਕਣ ਕੀਤਾ ਗਿਆ। ਦੁਕਾਨਦਾਰ ਨੂੰ ਸਫ਼ਾਈ ਅਤੇ ਸੁਰੱਖਿਆ ਮਾਪਦੰਡ ਹੋਰ ਮਜ਼ਬੂਤ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ। ਡਾ. ਅਸ਼ੀਸ਼ ਚਾਵਲਾ ਨੇ ਕਿਹਾ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਸਾਫ਼-ਸੁਥਰਾ ਮਾਹੌਲ, ਸਹੀ ਸਟੋਰੇਜ ਅਤੇ ਖਾਦ ਪਦਾਰਥਾਂ ਦੀ ਗੁਣਵੱਤਾ ਬਰਕਰਾਰ ਰੱਖਣਾ ਹਰ ਫੂਡ ਬਿਜ਼ਨੈੱਸ ਆਪ੍ਰੇਟਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਨਿਯਮਿਤ ਜਾਂਚਾਂ ਦਾ ਮੁੱਖ ਉਦੇਸ਼ ਜਨਤਾ ਨੂੰ ਸੁਰੱਖਿਅਤ, ਸਾਫ਼ ਅਤੇ ਮਿਆਰੀ ਖੁਰਾਕ ਮੁਹੱਈਆ ਕਰਵਾਉਣਾ ਹੈ। ਘਟੀਆ ਕੁਆਲਿਟੀ ਦਾ ਸਾਮਾਨ ਵੇਚਣ ਵਾਲਿਆਂ ’ਤੇ ਕੀਤੀ ਜਾਵੇਗੀ ਸਖਤ ਕਾਰਵਾਈ ਡਾਕਟਰ ਚਾਵਲਾ ਨੇ ਦੱਸਿਆ ਕਿ ਸਰਕਾਰ ਦੀਆਂ ਸਖਤ ਹਦਾਇਤਾਂ ਦੇ ਅਨੁਸਾਰ ਖਾਣ ਪੀਣ ਦਾ ਘਟੀਆ ਕੁਆਲਿਟੀ ਦਾ ਸਾਮਾਨ ਵੇਚਣ ਵਾਲਿਆਂ ਤੇ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਠਿਆਈਆਂ ਅਤੇ ਹੋਰ ਖਾਣ ਪੀਣ ਦੇ ਸਮਾਨ ਵਿੱਚ ਰੰਗਾਂ ਦੀ ਮਿਕਦਾਰ ਫੂਡ ਸੇਫਟੀ ਐਕਟ ਦੀਆਂ ਹਦਾਇਤਾਂ ਮੁਤਾਬਕ ਰੱਖੀ ਜਾਵੇ। ਵਧੀਆ ਅਤੇ ਉੱਚ ਕੁਆਲਿਟੀ ਦਾ ਖਾਣ ਪੀਣ ਦਾ ਸਾਮਾਨ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੋ ਘਟੀਆ ਕੁਆਲਿਟੀ ਦਾ ਖਾਣ ਪੀਣ ਦਾ ਸਾਮਾਨ ਆਮ ਜਨਤਾ ਨੂੰ ਪਰੋਸਦੇ ਹਨ ਉਹਨਾਂ ’ਤੇ ਵਿਭਾਗ ਵੱਲੋਂ ਸਖਤੀ ਵਰਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਜੇਕਰ ਤੁਹਾਨੂੰ ਕਿਤੇ ਘਟੀਆ ਖਾਣ ਪੀਣ ਦਾ ਸਾਮਾਨ ਪਰੋਸਿਆ ਜਾ ਰਿਹਾ ਹੈ ਤਾਂ ਤੁਸੀਂ ਸਿੱਧੇ ਤੌਰ ’ਤੇ ਵੀ ਵਿਭਾਗ ਨੂੰ ਸ਼ਿਕਾਇਤ ਕਰ ਸਕਦੇ ਹੋ।