ਨੱਤ ਨੇ ਵਿਦਿਆਰਥੀਆਂ ਨੂੰ 7 ਕਰੋੜ ਦੀ ਸਕਾਲਰਸ਼ਿਪ ਦੇਣ ਦਾ ਕੀਤਾ ਐਲਾਨ
ਨੱਤ ਨੇ ਵਿਦਿਆਰਥੀਆਂ ਨੂੰ 7 ਕਰੋੜ ਦੀ ਸਕਾਲਰਸ਼ਿਪ ਦੇਣ ਦਾ ਕੀਤਾ ਐਲਾਨ
Publish Date: Mon, 13 Apr 2026 06:32 PM (IST)
Updated Date: Mon, 13 Apr 2026 06:37 PM (IST)

ਬਰਾੜ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੀ ਹੋਈ ਸਥਾਪਨਾ ਦੇ 70ਵੇਂ ਵਰ੍ਹੇਗੰਢ ਸਮਾਰੋਹ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਸਾਬਕਾ ਫੈਕਲਟੀ ਮੈਂਬਰ ਮਨਰਾਜ ਸਿੰਘ ਨੱਤ ਨੇ ਲੋੜਵੰਦ ਅਤੇ ਯੋਗ ਵਿਦਿਆਰਥੀਆਂ ਲਈ 7 ਕਰੋੜ ਰੁਪਏ ਦੀ ਅਕਾਦਮਿਕ ਸਕਾਲਰਸ਼ਿਪ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੋ ਕਾਲਜ ਦੇ ਗਵਰਨਿੰਗ ਬਾਡੀ ਦੇ ਮੁਖੀ ਵੀ ਹਨ, ਨੇ ਇੰਜ. ਨੱਤ ਦੀ ਲੋੜਵੰਦ ਵਿਦਿਆਰਥੀਆਂ ਪ੍ਰਤੀ ਇਸ ਦਾਨਵੀਰਤਾ ਦੀ ਭਾਵਨਾ ਦੀ ਸ਼ਲਾਘਾ ਕੀਤੀ। ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ ਟਰੱਸਟੀ ਐਨਐਸਈਟੀ ਨੇ ਦੱਸਿਆ ਕਿ ਮਨਰਾਜ ਸਿੰਘ ਨੱਤ ਨੇ ਅਗਲੇ ਸਾਲ ਤੱਕ 3 ਕਰੋੜ ਰੁਪਏ ਦਾ ਕੋਰਪਸ ਤਿਆਰ ਕਰਨ ਦਾ ਵਾਅਦਾ ਕੀਤਾ ਹੈ। ਇਸ ਦੇ ਇਲਾਵਾ ਜੇ ਸਾਬਕਾ ਵਿਦਿਆਰਥੀਆਂ ਵਲੋਂ 2 ਕਰੋੜ ਰੁਪਏ ਦੀ ਰਕਮ ਜੋੜੀ ਜਾਵੇਗੀ ਤਾਂ ਮਨਰਾਜ ਸਿੰਘ ਆਪਣੇ ਵਲੋਂ ਵੀ 2 ਕਰੋੜ ਹੋਰ ਪਾੳਣਗੇ, ਜਿਸ ਨਾਲ ਇਹ ਐਂਡੋਨਮੈਂਟ ਫੰਡ 7 ਕਰੋੜ ਰੁਪਏ ਤੱਕ ਦਾ ਹੋ ਜਾਵੇਗਾ ਅਤੇ ਇਸ ਰਕਮ ਨੂੰ 15 ਕਰੋੜ ਰੁਪਏ ਤੱਕ ਪਹੁੰਚਾਉਣ ਦੀ ਤਜਵੀਜ ਹੈ। ਇਸ ਫੰਡ ਤੋਂ ਪ੍ਰਾਪਤ ਹੋਣ ਵਾਲਾ ਵਿਆਜ ਡਿਗਰੀ ਅਤੇ ਡਿਪਲੋਮਾ ਕੋਰਸਾਂ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਦੇਣ ਲਈ ਵਰਤਿਆ ਜਾਵੇਗਾ। ਕਾਲਜ ਦੇ ਪ੍ਰਿੰਸੀਪਲ ਡਾ.ਸਹਿਜਪਾਲ ਸਿੰਘ ਨੇ ਮਨਰਾਜ ਸਿੰਘ ਦੇ ਇਸ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸ ਨੱਤ ਦਾ ਇਹ ਕਦਮ ਸਲਾਘਾਯੋਗ ਕਦਮ ਹੈ,ਜਿਸਦੇ ਜ਼ਰੀਏ ਉਹ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨਗੇ।ਉਨ੍ਹਾਂ ਦੱਸਿਆ ਕਿ ਪੜਾਈ ਪੂਰੀ ਕਰਨ ਤੋਂ ਬਾਅਦ ਮਨਰਾਜ ਸਿੰਘ ਨੇ ਜੀਐਨਈ ਦੇ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਵਿੱਚ ਲੈਕਚਰਾਰ ਵਜੋਂ ਸੇਵਾ ਨਿਭਾਈ ਅਤੇ ਬਾਅਦ ਵਿੱਚ ਅਮਰੀਕਾ ਜਾ ਵਸੇ, ਅੱਜ ਉਹ ਇੱਕ ਕਾਮਯਾਬ ਉਦਯੋਗਪਤੀ ਹਨ ਅਤੇ ਸਮਾਜ ਲਈ ਕਈ ਲੋਕ ਭਲਾਈ ਪ੍ਰੋਜੈਕਟਾਂ ਵਿੱਚ ਯੋਗਦਾਨ ਪਾ ਰਹੇ ਹਨ।