ਬੱਚਿਆਂ ਦੀ ਮੌਤ ਦਰ ਘਟਾਉਣ ਲਈ ਚਾਇਲਡ ਡੈਥ ਰਿਵਿਊ ਪ੍ਰਣਾਲੀ ਨੂੰ ਵਿਭਾਗ ਕਰੇਗਾ ਹੋਰ ਮਜ਼ਬੂਤ
ਬੱਚਿਆਂ ਦੀ ਮੌਤ ਦਰ ਘਟਾਉਣ ਲਈ ਚਾਇਲਡ ਡੈਥ ਰਿਵਿਊ ਪ੍ਰਣਾਲੀ ਨੂੰ ਵਿਭਾਗ ਕਰੇਗਾ ਹੋਰ ਮਜਬੂਤ
Publish Date: Thu, 09 Apr 2026 06:32 PM (IST)
Updated Date: Thu, 09 Apr 2026 06:35 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਚਾਇਲਡ ਡੈਥ ਰਿਵਿਊ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਹਰਪ੍ਰੀਤ ਸਿੰਘ ਅਤੇ ਨੋਡਲ ਅਫਸਰ ਡਾ. ਜਸਕਰਨ ਸਿੰਘ ਨੇ ਹਿੱਸਾ ਲਿਆ। ਇਸ ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹੇ ਭਰ ਵਿੱਚ ਬੱਚਿਆਂ ਦੀਆਂ ਮੌਤਾਂ ਦੇ ਕੇਸਾਂ ਦੀ ਸਮੀਖਿਆ ਅਤੇ ਵਿਸ਼ਲੇਸ਼ਣ ਕੀਤਾ ਗਿਆ। ਮੀਟਿੰਗ ਦੌਰਾਨ ਮੌਜੂਦਾ ਰਿਪੋਰਟਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਬੱਚਿਆਂ ਦੀ ਮੌਤ ਨਾਲ ਸੰਬੰਧਿਤ ਡਾਟਾ ਅਤੇ ਸਹੀਪਨ ਨੂੰ ਸੁਧਾਰਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਮੇਂ ਸਿਰ ਰਿਪੋਰਟਿੰਗ, ਵਿਸਤ੍ਰਿਤ ਕੇਸ ਵਿਸ਼ਲੇਸ਼ਣ ਅਤੇ ਸਬੂਤ-ਅਧਾਰਿਤ ਸੁਧਾਰਾਤਮਕ ਕਦਮ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਤਾਂ ਜੋ ਬੱਚਿਆਂ ਦੀ ਮੌਤ ਦਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਇਆ ਜਾ ਸਕੇ। ਪੀਡੀਆਟ੍ਰਿਕ ਵਿਭਾਗਾਂ ਦੇ ਮੁਖੀਆਂ ਨੇ ਵਿਚਾਰ ਸਾਂਝੇ ਕੀਤੇ ਅਤੇ ਬੱਚਿਆਂ ਦੀ ਸਿਹਤ ਵਿਚ ਸੁਧਾਰ ਲਈ ਆਪਣੇ ਅਨੁਭਵ ਅਤੇ ਸਿਫ਼ਾਰਸ਼ਾਂ ਦਿੱਤੀਆਂ। ਉਨ੍ਹਾਂ ਦੇ ਸੁਝਾਅ ਸਿਸਟਮ ਵਿਚ ਮੌਜੂਦ ਖਾਮੀਆਂ ਦੀ ਪਛਾਣ ਕਰਨ ਅਤੇ ਵੈਵਹਾਰਿਕ ਹੱਲ ਪ੍ਰਸਤਾਵਿਤ ਕਰਨ ਵਿਚ ਮਦਦਗਾਰ ਸਾਬਤ ਹੋਏ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਬੱਚਿਆਂ ਦੀ ਸਿਹਤ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਸਾਂਝੇ ਯਤਨਾਂ, ਜ਼ਿੰਮੇਵਾਰੀ ਅਤੇ ਨਿਰੰਤਰ ਨਿਗਰਾਨੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਤਾਂ ਜੋ ਬੱਚਿਆਂ ਦੀ ਮੌਤ ਦਰ ਵਿਚ ਸਥਾਈ ਕਮੀ ਹਾਸਲ ਕੀਤੀ ਜਾ ਸਕੇ।