ਸਿਹਤ ਵਿਭਾਗ ਦਾ ਸਮਾਜ ਨੂੰ ਟੀਬੀ ਮੁਕਤ ਕਰਨ ਵੱਲ ਮਜ਼ਬੂਤ ਕਦਮ
ਸਿਹਤ ਵਿਭਾਗ ਦਾ ਸਮਾਜ ਨੂੰ ਟੀਬੀ ਮੁਕਤ ਕਰਨ ਵੱਲ ਮਜ਼ਬੂਤ ਕਦਮ
Publish Date: Thu, 09 Apr 2026 06:15 PM (IST)
Updated Date: Thu, 09 Apr 2026 06:17 PM (IST)

ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਸਿਹਤ ਅਤੇ ਸਮਾਜਿਕ ਭਲਾਈ ਵੱਲ ਇਕ ਮਹੱਤਵਪੂਰਨ ਅਤੇ ਪ੍ਰੇਰਣਾਦਾਇਕ ਉਪਰਾਲੇ ਤਹਿਤ ਐਕਟ ਹਿਊਮਨ ਐੱਨਜੀਓ ਦੇ ਸਹਿਯੋਗ ਨਾਲ, ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਅਤੇ ਜ਼ਿਲ੍ਹਾ ਟੀਬੀ ਅਫਸਰ ਡਾਕਟਰ ਆਸ਼ੀਸ਼ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟੀਬੀ ਨਾਲ ਪੀੜਤ 100 ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟੀਬੀ ਅਤੇ ਸਿਹਤ ਅਫਸਰ ਡਾਕਟਰ ਅਸੀਸ ਚਾਵਲਾ ਨੇ ਦੱਸਿਆ ਇਹ ਪ੍ਰੋਗਰਾਮ ਸਿਰਫ਼ ਰਾਸ਼ਨ ਵੰਡਣ ਤੱਕ ਸੀਮਿਤ ਨਹੀਂ, ਸਗੋਂ ਇਸ ਦਾ ਮੁੱਖ ਉਦੇਸ਼ ਟੀਬੀ ਮਰੀਜ਼ਾਂ ਨੂੰ ਪੋਸ਼ਣ ਯੋਗ ਸਹਾਇਤਾ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੇ ਇਲਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ। ਉਹਨਾਂ ਅੱਗੇ ਕਿਹਾ ਕਿ ਟੀਬੀ ਦੇ ਇਲਾਜ ਦੌਰਾਨ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੁੰਦੀ ਹੈ, ਜੋ ਮਰੀਜ਼ਾਂ ਦੀ ਰੋਗ-ਰੋਧਕ ਸਮਰੱਥਾ ਨੂੰ ਮਜ਼ਬੂਤ ਕਰਦੀ ਹੈ ਅਤੇ ਉਨ੍ਹਾਂ ਨੂੰ ਜਲਦੀ ਠੀਕ ਹੋਣ ਵਿਚ ਮਦਦ ਕਰਦੀ ਹੈ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਟੀਬੀ ਮੁਕਤ ਭਾਰਤ ਅਭਿਆਨ ਦਾ ਮਕਸਦ ਦੇਸ਼ ਵਿਚੋਂ ਟੀਬੀ ਬਿਮਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਇਸ ਲਈ ਸਰਕਾਰ ਦੇ ਨਾਲ-ਨਾਲ ਗੈਰ-ਸਰਕਾਰੀ ਸੰਗਠਨਾਂ ਅਤੇ ਸਮਾਜ ਦੇ ਸਹਿਯੋਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਸਿਹਤ ਵਿਭਾਗ ਅਤੇ ਐੱਨਜੀਓ ਦੇ ਇਸ ਉਪਰਾਲੇ ਨੂੰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਵੀ ਬਹੁਤ ਸਰਾਹਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮਦਦ ਨਾਲ ਉਨ੍ਹਾਂ ਨੂੰ ਨਵੀਂ ਉਮੀਦ ਅਤੇ ਹੌਸਲਾ ਮਿਲਿਆ ਹੈ। ਇਸ ਮੌਕੇ ਸਿਹਤ ਵਿਭਾਗ ਅਤੇ ਐਨਜੀਓ ਵੱਲੋਂ ਸਮਾਜ ਦੇ ਹੋਰ ਵਰਗਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਇਸ ਤਰ੍ਹਾਂ ਦੇ ਮਨੁੱਖਤਾ ਭਰਪੂਰ ਉਪਰਾਲਿਆਂ ਵਿੱਚ ਆਪਣਾ ਯੋਗਦਾਨ ਪਾਉਣ, ਤਾਂ ਜੋ ਮਿਲਜੁਲ ਕੇ ਟੀਬੀ ਮੁਕਤ ਭਾਰਤ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਿਆ ਜਾ ਸਕੇ।