ਸਵੇਰੇ ਨਿਕਲੀ ਧੁੱਪ, ਦੁਪਹਿਰ ਤੋਂ ਬਾਅਦ ਪਿਆ ਤੇਜ਼ ਮੀਂਹ, ਅਪ੍ਰੈਲ ’ਚ ਹੋ ਰਿਹੈ ਠੰਢ ਦਾ ਅਹਿਸਾਸ
ਸਵੇਰੇ ਨਿਕਲੀ ਧੁੱਪ, ਬਾਅਦ ਦੁਪਿਹਰ ਪਿਆ ਤੇਜ ਮੀਂਹ, ਅਪਰੈਲ ’ਚ ਹੋ ਰਿਹੈ ਠੰਡ ਦਾ ਅਹਿਸਾਸ
Publish Date: Thu, 09 Apr 2026 06:13 PM (IST)
Updated Date: Thu, 09 Apr 2026 06:14 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਇਸ ਸਾਲ ਅਪ੍ਰੈਲ ਵਿਚ ਪੰਜਾਬ ਚ ਮੌਸਮ ਅਚਾਨਕ ਬਦਲਿਆ ਹੈ, ਜਿਸ ਵਿਚ ਮੀਂਹ ਅਤੇ ਕੋਰੇ ਕਾਰਨ ਸਵੇਰ-ਸ਼ਾਮ ਠੰਢ ਮਹਿਸੂਸ ਕੀਤੀ ਜਾ ਰਹੀ ਹੈ, ਜੋ ਆਮ ਨਾਲੋਂ ਵੱਖਰੀ ਹੈ। ਇਸ ਅਸਧਾਰਨ ਠੰਡ ਦਾ ਕਾਰਨ ਵੈਸਟਰਨ ਡਿਸਟਰਬੈਂਸ ਹੈ, ਜਿਸ ਨਾਲ ਤਾਪਮਾਨ ਡਿੱਗਿਆ ਹੈ। ਅਪ੍ਰੈਲ ਵਿਚ ਪੱਛਮੀ ਗੜਬੜੀ ਕਾਰਨ ਕਈ ਥਾਵਾਂ ਤੇ ਮੀਂਹ ਅਤੇ ਸਵੇਰੇ-ਸਵੇਰੇ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਅਪ੍ਰੈਲ ਵਿਚ ਅਚਾਨਕ ਮੀਂਹ ਅਤੇ ਕੋਰੇ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਮਾਹਿਰਾਂ ਨੇ ਇਸ ਬਦਲਦੇ ਮੌਸਮ ਵਿਚ ਸਿਹਤ ਦਾ ਖਾਸ ਧਿਆਨ ਰੱਖਣ ਦੀ ਗੱਲ ਕੀਤੀ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਸਵੇਰ-ਸ਼ਾਮ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਪਿਛਲੇ ਕਈ ਦਿਨ ਤੋਂ ਪੈ ਰਹੇ ਮੀਂਹ ਨੇ ਵੀਰਵਾਰ ਨੂੰ ਆਪਣਾ ਰੰਗ ਵਿਖਾਇਆ। ਸਵੇਰੇ ਵੇਲੇ ਧੁੱਪ ਨਿਕਲੀ ਜਦ ਕਿ ਬਾਅਦ ਦੁਪਿਹਰ ਬੱਦਲਵਾਈ ਦਰਮਿਆਨ ਇਕ ਦਮ ਤੇਜ਼ ਮੀਂਹ ਪਿਆ ਜਿਸ ਨੇ ਅਪਰੈਲ ਵਿਚ ਠੰਢ ਦਾ ਅਹਿਸਾਸ ਕਰਵਾ ਦਿੱਤਾ। ਵੀਰਵਾਰ ਨੂੰ ਇੱਕ ਦਮ ਪਏ ਮੀਂਹ ਦੌਰਾਨ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਵੱਲ ਪਹੁੰਚਣ ’ਚ ਦਿੱਕਤਾਂ ਪੇਸ਼ ਆਈਆਂ। ਵਾਹਨ ਚਾਲਕ ਛੱਤਰੀ ਦਾ ਸਹਾਰਾ ਲੈ ਕੇ ਅਤੇ ਦਿਨ ਵੇਲੇ ਹੀ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਮੰਜ਼ਿਲ ਵੱਲ ਵੱਧਦੇ ਰਹੇ। ਡਿਲਵਰੀ ਬੁਆਏ ਵੀ ਮੀਂਹ ਦੌਰਾਨ ਹੀ ਗ੍ਰਾਹਕਾਂ ਦਾ ਆਰਡਰ ਭੁਗਤਾਉਣ ਲਈ ਜਾਂਦੇ ਵੇਖੇ ਗਏ। ਪੰਜਾਬੀ ਜਾਗਰਣ ਵੱਲੋਂ ਇੰਨ੍ਹਾਂ ਦ੍ਰਿਸ਼ਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਗਿਆ। ਪੱਛਮੀ ਗੜਬੜੀ ਦਾ ਵੱਧ ਐਕਟਿਵ ਹੋਣਾ ਬਣਿਆ ਅਪ੍ਰੈਲ ਮਹੀਨੇ ’ਚ ਮੀਂਹ ਪੈਣ ਦਾ ਕਾਰਨ : ਡਾ. ਕਿੰਗਰਾ ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰਮੁੱਖ ਡਾ. ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਪੱਛਮੀ ਗੜਬੜੀ (ਵੈਸਟਰਨ ਡਿਸਟਰਬੈਂਸ) ਦਾ ਵੱਧ ਐਕਟਿਵ ਹੋਣਾ ਹੀ ਅਪ੍ਰੈਲ ਮਹੀਨੇ ਵਿੱਚ ਮੀਂਹ ਪੈਣ ਦਾ ਕਾਰਨ ਬਣਿਆ ਹੈ। ਡਾ .ਕਿੰਗਰਾ ਨੇ ਕਿਹਾ ਕਿ ਵੈਸਟਰਨ ਡਿਸਟਰਬੈਂਸ ਸਿਸਟਮ ਮਾਰਚ ਦੇ ਅੱਧ ਤੋਂ ਬਾਅਦ ਵੱਧ ਐਕਟਿਵ ਹੋ ਗਿਆ ਜਦ ਕਿ ਫਰਵਰੀ ਵਿਚ ਤਾਪਮਾਨ ਬਹੁਤ ਵਧ ਗਿਆ ਸੀ। ਮਾਰਚ ਦੇ ਪਹਿਲੇ 15 ਦਿਨ ਵੀ ਡਬਲਿਊ ਡੀ ਐਕਟਿਵ ਨਹੀਂ ਹੋਈ। ਮਾਰਚ ਦੇ ਅੱਧ ਤੋਂ ਬਾਅਦ ਹੀ ਮੌਸਮ ਦਾ ਮਿਜ਼ਾਜ ਬਦਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਅਜੇ ਮੀਂਹ ਦੀ ਕੋਈ ਸੰਭਾਵਨਾ ਨਹੀ। ਫਸਲਾਂ ਦਾ ਨੁਕਸਾਨ ਸਬੰਧੀ ਗੱਲ ਕਰਦੇ ਹੋਏ ਡਾ. ਕਿੰਗਰਾ ਨੇ ਕਿਹਾ ਤੇਜ਼ ਹਵਾਵਾਂ ਅਤੇ ਮੀਂਹ ਨਾਲ ਫਸਲਾਂ ਦਾ ਨੁਕਸਾਨ ਹੋਣਾ ਕੁਦਰਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਰੁਕ ਰੁਕ ਕੇ ਪੈ ਰਿਹਾ ਮੀਂਹ ਅਤੇ ਗੜੇਮਾਰੀ ਨਾਲ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਸ ਦਾ ਅਸਰ ਕਣਕ ਦੀ ਵਾਢੀ ਤੇ ਵੀ ਪਿਆ ਹੈ। ਮਹਾਂਨਗਰ ਵਿਚ ਘੱਟ ਤੋਂ ਘੱਟ 13.4 ਅਤੇ ਵੱਧ ਤੋਂ ਵੱਧ 27.6 ਡਿਗਰੀ ਸੈਲਸੀਅਸ ਰਿਹਾ।