-ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਗੈਸ ਸਿਲੰਡਰਾਂ ਦੀ ਕਿੱਲਤ ਨੂੰ ਖਤਮ ਕਰਨ ਦੀ ਕੀਤੀ ਅਪੀ
ਵਿਸਾਖੀ ਸਮਾਗਮਾਂ ਤੋਂ ਪਹਿਲਾਂ ਗੁਰੂ ਘਰਾਂ ਵਿੱਚ ਗੈਸ ਸਿਲੰਡਰਾਂ ਦੀ ਕਮੀ ਦੇ ਮੱਦੇਨਜ਼ਰ
Publish Date: Thu, 09 Apr 2026 06:06 PM (IST)
Updated Date: Thu, 09 Apr 2026 06:08 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਵਿਸਾਖੀ ਸਮਾਗਮਾਂ ਤੋਂ ਪਹਿਲਾਂ ਗੁਰੂ ਘਰਾਂ ਵਿਚ ਗੈਸ ਸਿਲੰਡਰਾਂ ਦੀ ਕਮੀ ਦੇ ਮੱਦੇਨਜ਼ਰ ਅਕਾਲੀ ਆਗੂਆਂ ਦੇ ਵਫ਼ਦ ਵੱਲੋਂ ਸਹਾਇਕ ਕਮਿਸ਼ਨਰ ਪਾਇਲ ਗੋਇਲ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਗੈਸ ਸਿਲੰਡਰਾਂ ਦੀ ਕਿੱਲਤ ਨੂੰ ਖਤਮ ਕਰਨ ਦੀ ਅਪੀਲ ਕੀਤੀ। ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਹਲਕਾ ਆਤਮ ਨਗਰ ਦੇ ਇੰਚਾਰਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਵਿਸਾਖੀ ਦਾ ਪਵਿੱਤਰ ਤਿਉਹਾਰ ਸਿੱਖ ਕੌਮ ਲਈ ਸਿਰਫ਼ ਖੁਸ਼ੀ ਦਾ ਮੌਕਾ ਹੀ ਨਹੀਂ, ਸਗੋਂ ਆਤਮਿਕ ਚੜ੍ਹਦੀ ਕਲਾ ਤੇ ਸੇਵਾ-ਭਾਵਨਾ ਦਾ ਪ੍ਰਤੀਕ ਵੀ ਹੈ। ਇਸ ਦਿਨ ਗੁਰੂ ਘਰਾਂ ਵਿਚ ਸੰਗਤ ਵੱਡੀ ਗਿਣਤੀ ਵਿਚ ਨਤਮਸਤਕ ਹੁੰਦੀ ਹੈ ਅਤੇ ਲੰਗਰ ਦੀ ਸੇਵਾ ਬੇਮਿਸਾਲ ਸ਼ਰਧਾ ਨਾਲ ਨਿਭਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਵਿਚ ਆ ਰਹੀ ਗੈਸ ਸਿਲੰਡਰਾਂ ਦੀ ਕਮੀ ਦੇ ਮੱਦੇਨਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਗੈਸ ਸਿਲੰਡਰਾਂ ਦੀ ਕਮੀ ਨੇ ਇਨ੍ਹਾਂ ਪਵਿੱਤਰ ਤਿਆਰੀਆਂ ‘ਤੇ ਚਿੰਤਾ ਦੀ ਛਾਂ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਮਸਲੇ ਨੂੰ ਲੈ ਕੇ ਅਕਾਲੀ ਦਲ ਦੇ ਆਗੂਆਂ ਨੇ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਲੰਗਰ ਸਿਰਫ਼ ਭੋਜਨ ਨਹੀਂ, ਸਗੋਂ ਸਮਾਨਤਾ, ਸੇਵਾ ਅਤੇ ਸਾਂਝੀਵਾਲਤਾ ਦਾ ਜੀਵੰਤ ਰੂਪ ਹੈ। ਗੁਰੂ ਘਰਾਂ ਵਿੱਚ ਬਣਦਾ ਲੰਗਰ ਹਰ ਕਿਸੇ ਲਈ ਖੁੱਲ੍ਹਾ ਹੁੰਦਾ ਹੈ, ਜਿੱਥੇ ਅਮੀਰ-ਗਰੀਬ ਦਾ ਕੋਈ ਫਰਕ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਜੇਕਰ ਗੈਸ ਸਿਲੰਡਰਾਂ ਦੀ ਕਮੀ ਕਾਰਨ ਲੰਗਰ ਦੀ ਸੇਵਾ ਵਿੱਚ ਕੋਈ ਰੁਕਾਵਟ ਆਉਂਦੀ ਹੈ, ਤਾਂ ਇਹ ਸਿਰਫ਼ ਪ੍ਰਬੰਧਕੀ ਮਸਲਾ ਨਹੀਂ ਰਹਿੰਦਾ, ਸਗੋਂ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਵੀ ਜੁੜ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਸਾਖੀ ਦੇ ਇਸ ਮਹਾਨ ਦਿਨ ‘ਤੇ ਹਰ ਸੇਵਾਦਾਰ ਆਪਣੀ ਸਮਰਥਾ ਅਨੁਸਾਰ ਸੇਵਾ ਕਰਦਾ ਹੈ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਪਵਿੱਤਰ ਕਾਰਜ ਵਿਚ ਕੋਈ ਅੜਚਣ ਨਾ ਆਉਣ ਦੇਵੇ। ਜਿਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਗੁਰੂ ਘਰਾਂ ਨੂੰ ਪਹਿਲ ਦੇ ਆਧਾਰ ‘ਤੇ ਗੈਸ ਸਿਲੰਡਰ ਮੁਹੱਈਆ ਕਰਵਾਏ ਜਾਣ, ਤਾਂ ਜੋ ਲੰਗਰ ਦੀ ਅਟੁੱਟ ਸੇਵਾ ਜਾਰੀ ਰਹੇ ਅਤੇ ਸੰਗਤ ਬਿਨਾਂ ਕਿਸੇ ਰੁਕਾਵਟ ਦੇ ਗੁਰੂ ਦੀ ਬਖ਼ਸ਼ਿਸ਼ ਪ੍ਰਾਪਤ ਕਰ ਸਕੇ। ਸਹਾਇਕ ਕਮਿਸ਼ਨਰ ਪਾਇਲ ਗੋਇਲ ਨੇ ਮੰਗ ਪੱਤਰ ਲੈਂਦੇ ਹੋਏ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਲਈ ਸੰਬੰਧਤ ਵਿਭਾਗਾਂ ਨਾਲ ਸਹਿਯੋਗ ਕਰਕੇ ਜ਼ਰੂਰੀ ਕਦਮ ਚੁੱਕੇ ਜਾਣਗੇ, ਤਾਂ ਜੋ ਵਿਸਾਖੀ ਦੇ ਪਵਿੱਤਰ ਮੌਕੇ ‘ਤੇ ਕਿਸੇ ਵੀ ਪ੍ਰਕਾਰ ਦੀ ਕਮੀ ਮਹਿਸੂਸ ਨਾ ਹੋਵੇ। ਇਸ ਮੌਕੇ ਤੇ ਅਕਾਲੀ ਆਗੂ ਪ੍ਰਵੀਨ ਭਾਰਤੀ ਵੀ ਮੌਜੂਦ ਰਹੇ।