ਡਾ. ਅਮਰ ਕੋਮਲ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਡਾ.ਅਮਰ ਕੋਮਲ ਦੇ ਦੇਹਾਂਤ ’ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਨੇ ਦੁੱਖ ਪ੍ਰਗਟਾਇਆ
Publish Date: Wed, 08 Apr 2026 07:30 PM (IST)
Updated Date: Thu, 09 Apr 2026 04:09 AM (IST)

ਫੋਟੋ ਨੰਬਰ-17 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਉੱਘੇ ਪੰਜਾਬੀ ਬਾਲ ਸਾਹਿੱਤ ਲੇਖਕ ਤੇ ਵਿਦਵਾਨ ਡਾ. ਅਮਰ ਕੋਮਲ ਦੇ ਦੇਹਾਂਤ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਡਾ. ਅਮਰ ਕੋਮਲ ਨੇ ਸਾਰੀ ਉਮਰ ਨਿਰੰਤਰ ਸਾਹਿਤ ਸਿਰਜਣਾ ਕਰਦਿਆਂ ਸਾਦਾ ਜੀਵਨ ਬਤੀਤ ਕਰ ਕੇ ਉਮਰ ਗੁਜ਼ਾਰੀ। ਡਾ. ਅਮਰ ਕੋਮਲ ਨੇ 15 ਕਾਵਿ-ਸੰਗ੍ਰਹਿ, 9 ਕਹਾਣੀ-ਸੰਗ੍ਰਹਿ, 14 ਬਾਲ-ਸਾਹਿੱਤ ਸੰਗ੍ਰਹਿ, 4 ਸ਼ਬਦ ਚਿੱਤਰ- ਸੰਗ੍ਰਹਿ, 21 ਵਾਰਤਕ ਸੰਗ੍ਰਹਿ ਲਿਖੇ। ਇਸ ਤੋਂ ਇਲਾਵਾ ਅਨੁਵਾਦ ਦੀਆਂ 15 ਪ੍ਰਮੁੱਖ ਰਚਨਾਵਾਂ ਹਨ। ਡਾ. ਅਮਰ ਕੋਮਲ ਦੀਆਂ ਸੰਪਾਦਨ ਦੀਆਂ 20, ਆਲੋਚਨਾ ਦੀਆਂ 14 ਤੇ ਜੀਵਨੀ ਦੀਆਂ 9 ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ। ਡਾ. ਅਮਰ ਕੋਮਲ ਦੇ ਮੁੱਢਲੇ ਦੌਰ ਦੇ ਸਾਥੀ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਦੱਸਿਆ ਕਿ ਉਹ ਬਰਨਾਲਾ ਦੇ ਬਹੁਤੇ ਲੇਖਕਾਂ ਲਈ ਪ੍ਰੇਰਨਾ ਸ੍ਰੋਤ ਸਨ। ਉਨ੍ਹਾਂ ਦੱਸਿਆ ਕਿ ਡਾ. ਕੋਮਲ ਨੇ ਹੋਰ ਭਾਸ਼ਾਵਾਂ ਦੀਆਂ ਕਿੰਨੀਆਂ ਹੀ ਪ੍ਰਸਿੱਧ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। 1955 ਵਿੱਚ ਉਨ੍ਹਾ ਪ੍ਰੋ. ਪ੍ਰੀਤਮ ਸਿੰਘ ਰਾਹੀ ਨਾਲ ਮਿਲ ਕੇ ਡਾ. ਰਵਿੰਦਰ ਨਾਥ ਟੈਗੋਰ ਦੀ ਨੋਬਲ ਇਨਾਮ ਜੇਤੂ ਪੁਸਤਕ ‘ਗੀਤਾਂਜਲੀ’ ਅਤੇ 2001 ਵਿੱਚ ਸ੍ਰੀਮਦ ਭਗਵਤ ਗੀਤਾ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ। ਚਾਣਕਯ ਨੀਤੀ ਨੂੰ ਪੰਜਾਬੀ ਵਿੱਚ ਪੇਸ਼ ਕਰਨ ਵਾਲੇ ਉਹ ਪਹਿਲੇ ਲੇਖਕ ਸਨ। ਪਿਛਲੇ ਸਮੇਂ ਉਨ੍ਹਾਂ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵੱਲੋਂ ਵੱਡ ਆਕਾਰੀ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ ਸੀ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਵੀ ਦੁੱਖ ਪ੍ਰਗਟਾਇਆ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਵੀ ਡਾ. ਅਮਰ ਕੋਮਲ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਡਾ. ਅਮਰ ਕੋਮਲ ਨੇ ਆਪਣਾ ਜੀਵਨ ਮਾਂ ਬੋਲੀ ਪੰਜਾਬੀ ਦੇ ਲੇਖੇ ਲਾਇਆ। ਉਨ੍ਹਾਂ ਦੀਆਂ ਲਿਖਤਾਂ ਨੇ ਸਾਰਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜੀ ਰੱਖਿਆ ਸੀ। ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾ. ਅਮਰ ਕੋਮਲ ਦੇ ਦੇਹਾਂਤ ਨਾਲ ਉਨ੍ਹਾਂ ਦੇ ਸਨੇਹੀਆਂ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਡਾ. ਅਮਰ ਕੋਮਲ ਨੇ ਬੱਚਿਆਂ ਲਈ ਬਹੁਤ ਹੀ ਸਰਲ ਅਤੇ ਸਿੱਖਿਆਦਾਇਕ ਸਾਹਿਤ ਦੀ ਰਚਨਾ ਕੀਤੀ।