ਬੇਬੇ ਨਾਨਕੀ ਜੀ ਦਾ ਜੀਵਨ ਸਬਰ, ਸੰਤੋਖ ਤੇ ਸੇਵਾ ਦੀ ਲਾਸਾਨੀ ਮਿਸਾਲ : ਬੈਂਸ
ਬੇਬੇ ਨਾਨਕੀ ਜੀ ਦਾ ਜੀਵਨ ਸਬਰ, ਸੰਤੋਖ ਤੇ ਸੇਵਾ ਦੀ ਲਾਸਾਨੀ ਮਿਸਾਲ- ਬੈਂਸ
Publish Date: Wed, 08 Apr 2026 07:19 PM (IST)
Updated Date: Thu, 09 Apr 2026 04:09 AM (IST)

- ਗੁਰੂ ਨਾਨਕ ਦਰਬਾਰ ਵਿਖੇ ਬੇਬੇ ਨਾਨਕੀ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਫੋਟੋ ਨੰਬਰ-9 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਗੁਰੂ ਨਾਨਕ ਦਰਬਾਰ ਸ਼ਿਮਲਾਪੁਰੀ ਵਿਖੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਅਤੇ ਬੀਬੀਆਂ ਦੇ ਜੱਥੇ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਕਰਵਾਏ ਗਏ ਸਮਾਗਮ ’ਚ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਅਤੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਬੈਂਸ ਨੇ ਕਿਹਾ ਕਿ ਬੇਬੇ ਨਾਨਕੀ ਜੀ ਮਾਨਵਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਦੀ ਰੂਹਾਨੀਅਤ ਅਤੇ ਇਲਾਹੀ ਜੋਤ ਨੂੰ ਪਛਾਣਨ ਵਾਲੀ ਪਹਿਲੀ ਸ਼ਖਸੀਅਤ ਸਨ। ਉਨ੍ਹਾਂ ਕਿਹਾ ਕਿ ਬੇਬੇ ਨਾਨਕੀ ਜੀ ਦਾ ਜੀਵਨ ਸਬਰ, ਸੰਤੋਖ ਅਤੇ ਭਰਾ-ਭੈਣ ਦੇ ਨਿਰਛਲ ਪਿਆਰ ਦੀ ਇੱਕ ਅਜਿਹੀ ਮਿਸਾਲ ਹੈ, ਜੋ ਹਮੇਸ਼ਾ ਮਾਨਵਤਾ ਦਾ ਰਾਹ ਰੁਸ਼ਨਾਉਂਦੀ ਰਹੇਗੀ। ਉਨ੍ਹਾਂ ਜ਼ੋਰ ਦਿੱਤਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਬੇਬੇ ਜੀ ਦੇ ਜੀਵਨ ਤੋਂ ਸਿੱਖਿਆ ਲੈਂਦਿਆਂ ਸਮਾਜ ਵਿੱਚ ਔਰਤ ਦੇ ਸਤਿਕਾਰ ਤੇ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਸਮਾਗਮ ਦੀ ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਵਿਧਾਇਕ ਬੈਂਸ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਉਨ੍ਹਾਂ ਦੀਆਂ ਲੋਕ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਬੈਂਸ ਨੇ ਵੀ ਪ੍ਰਬੰਧਕ ਕਮੇਟੀ ਤੇ ਬੀਬੀਆਂ ਦੇ ਜੱਥੇ ਦੁਆਰਾ ਕੀਤੇ ਗਏ। ਇਸ ਗੁਰਮਤਿ ਸਮਾਗਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ, ਪ੍ਰਧਾਨ ਗੁਰ ਪਿਆਰ ਸਿੰਘ, ਦਲਜੀਤ ਸਿੰਘ ਦਾਸੂਵਾਲ, ਜਸਪਾਲ ਸਿੰਘ ਸੈਕਟਰੀ, ਰਾਜਿੰਦਰ ਬਾਜਵਾ, ਕੁਲਜਿੰਦਰ ਬਿੱਟੀ, ਪ੍ਰਧਾਨ ਕੁਲਵੰਤ ਕੌਰ, ਬੀਬੀ ਰਣਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਤੇ ਸੰਗਤਾਂ ਮੌਜੂਦ ਸਨ। ਬੀਬੀਆਂ ਦੇ ਜੱਥੇ ਵੱਲੋਂ ਕੀਤੇ ਗਏ ਰਸਭਿੰਨੇ ਕੀਰਤਨ ਨੇ ਮਾਹੌਲ ਨੂੰ ਰੂਹਾਨੀ ਰੰਗ ’ਚ ਰੰਗ ਦਿੱਤਾ।