ਬਿਜਲੀ ਦੀਆਂ ਲਟਕ ਰਹੀਆਂ ਤਾਰਾਂ ਦੇ ਖਤਰੇ ’ਤੇ ਦੀਵਾਨ ਨੇ ਜਤਾਈ ਗੰਭੀਰ ਚਿੰਤਾ
ਬਿਜਲੀ ਦੀਆਂ ਥੱਲੇ ਲਟਕ ਰਹੀਆਂ ਤਾਰਾਂ ਦੇ ਖਤਰੇ ‘ਤੇ ਦੀਵਾਨ ਨੇ ਜਤਾਈ ਗੰਭੀਰ ਚਿੰਤਾ
Publish Date: Wed, 08 Apr 2026 06:52 PM (IST)
Updated Date: Thu, 09 Apr 2026 04:06 AM (IST)

ਫੋਟੋ ਨੰਬਰ-12 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ ਸ਼ਹਿਰ ਤੇ ਖ਼ਾਸ ਕਰ ਕੇ ਪੱਛਮੀ ਵਿਧਾਨ ਸਭਾ ਹਲਕੇ ਦੇ ਇਲਾਕਿਆਂ ’ਚ ਵੱਡੀ ਗਿਣਤੀ ’ਚ ਥੱਲੇ ਲਟਕ ਰਹੀਆਂ ਬਿਜਲੀ ਤਾਰਾਂ ਦੀ ਖ਼ਤਰਨਾਕ ਹਾਲਤ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਮਾਡਲ ਟਾਊਨ, ਮਾਡਲ ਟਾਊਨ ਐਕਸਟੈਂਸ਼ਨ, ਸਰਾਭਾ ਨਗਰ, ਗੁਰਦੇਵ ਨਗਰ, ਭਾਈ ਰਣਧੀਰ ਸਿੰਘ ਨਗਰ, ਸਿਵਲ ਲਾਈਨ, ਸ਼ਾਸਤਰੀ ਨਗਰ, ਜਵਾਹਰ ਨਗਰ, ਸ਼ਾਮ ਨਗਰ, ਭਾਰਤ ਨਗਰ ਚੌਂਕ ਸਮੇਤ ਕਈ ਭੀੜ ਵਾਲੇ ਇਲਾਕਿਆਂ ਵਿੱਚ ਖਤਰਨਾਕ ਢੰਗ ਨਾਲ ਲਟਕ ਰਹੀਆਂ ਤਾਰਾਂ ਸੜਕਾਂ ਅਤੇ ਰਹਾਇਸ਼ੀ ਗਲੀਆਂ ‘ਚ ਫੈਲੀਆਂ ਹੋਈਆਂ ਹਨ, ਜਿਹੜੀਆਂ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ, ਦੁਕਾਨਦਾਰਾਂ ਤੇ ਸਥਾਨਕ ਨਿਵਾਸੀਆਂ ਲਈ ਇਕ ਵੱਡਾ ਖ਼ਤਰਾ ਬਣੀਆਂ ਹੋਈਆਂ ਹਨ। ਦੀਵਾਨ ਨੇ ਨਗਰ ਨਿਗਮ ਅਤੇ ਸੰਬੰਧਤ ਵਿਭਾਗਾਂ ਦੀ ਲਾਪਰਵਾਹੀ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਮੰਤਰੀ ਬਣਨ ਤੋਂ ਬਾਅਦ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਸਾਰੀਆਂ ਖ਼ਤਰਨਾਕ ਤਾਰਾਂ ਨੂੰ ਠੀਕ ਕੀਤਾ ਜਾਵੇਗਾ ਅਤੇ ਬਿਜਲੀ ਢਾਂਚੇ ਨੂੰ ਅੱਪਗ੍ਰੇਡ ਕੀਤਾ ਜਾਵੇਗਾ, ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਕੰਮ ਦੀ ਰਫ਼ਤਾਰ ਬਹੁਤ ਹੌਲੀ ਹੈ। ਦੀਵਾਨ ਨੇ ਸੰਬੰਧਤ ਅਧਿਕਾਰੀਆਂ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ, ਤਾਂ ਜੋ ਪਿਛਲੇ ਸਾਲ ਕੀਤੇ ਗਏ ਸੁਰੱਖਿਆ ਵਾਅਦੇ ਹਕੀਕਤ ਬਣ ਸਕਣ ਅਤੇ ਲੋਕਾਂ ਦੀ ਜਾਨ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ।