ਸ਼ਾਹੀ ਇਮਾਮ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਹਾਸ਼ਿਮ ਸੂਫੀ ਦਾ ਸਨਮਾਨ
ਸ਼ਾਹੀ ਇਮਾਮ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ ਦੇ ਨਵ-ਨਿਯੁਕਤ ਚੇਅਰਮੈਨ ਹਾਸ਼ਿਮ ਸੂਫੀ ਦਾ ਸਨਮਾਨ
Publish Date: Wed, 08 Apr 2026 06:31 PM (IST)
Updated Date: Thu, 09 Apr 2026 04:06 AM (IST)

- ਸਰਕਾਰ ਅੱਗੇ ਰੱਖੀ ਜਾਵੇਗੀ ਮੁਹਾਲੀ ਏਅਰਪੋਰਟ ਦੇ ਨਾਲ ਹੱਜ ਮੰਜਿਲ ਬਣਾਏ ਜਾਣ ਦੀ ਮੰਗ : ਸੂਫੀ ਫੋਟੋ ਨੰਬਰ-2 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਬੁੱਧਵਾਰ ਨੂੰ ਫੀਲਡ ਗੰਜ ਚੌਕ ਸਥਿਤ ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਰਕਾਰ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਜਨਾਬ ਹਾਸ਼ਿਮ ਸੂਫੀ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਟੇਟ ਹੱਜ ਕਮੇਟੀ ਨੂੰ ਵਿਸ਼ੇਸ਼ ਫੰਡ ਜਾਰੀ ਕਰੇ ਤਾਂ ਜੋ ਹੱਜ ਦੇ ਦਿਨਾਂ ’ਚ ਹਾਜੀਆਂ ਲਈ ਕੀਤੇ ਜਾਣ ਵਾਲੇ ਪ੍ਰਬੰਧ ਹੋਰ ਵਧੀਆ ਕੀਤੇ ਜਾ ਸਕਣ। ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਵਿੱਚ ਮੋਹਾਲੀ ਏਅਰਪੋਰਟ ਦੇ ਨੇੜੇ ਹੱਜ ਮੰਜਿਲ ਬਣਾਈ ਜਾਣੀ ਚਾਹੀਦੀ ਹੈ ਅਤੇ ਪੰਜਾਬ ਤੋਂ ਸਾਊਦੀ ਅਰਬ ਦੇ ਲਈ ਸਿੱਧੀ ਫਲਾਈਟ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹਾਜੀਆਂ ਨੂੰ ਮੁਕੱਦਸ ਸਫਰ ਦੇ ਵਿੱਚ ਆਸਾਨੀ ਹੋ ਸਕੇ। ਇਸ ਮੌਕੇ ਨਵ ਨਿਯੁਕਤ ਚੇਅਰਮੈਨ ਜਨਾਬ ਹਾਸ਼ਿਮ ਸੂਫੀ ਨੇ ਕਿਹਾ ਕਿ ਉਹ ਪੰਜਾਬ ਸਟੇਟ ਹੱਜ ਕਮੇਟੀ ਦੇ ਇਸ ਅਹੁਦੇ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਉਣਗੇ। ਉਨਾਂ ਕਿਹਾ ਕਿ ਪਾਰਟੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਤੇ ਜੋ ਵਿਸ਼ਵਾਸ ਜਤਾਇਆ ਹੈ ਉਹ ਉਸ ’ਤੇ ਖਰੇ ਉਤਰਨਗੇ। ਸੂਫੀ ਨੇ ਕਿਹਾ ਕਿ ਹੱਜ ਦਾ ਸਫ਼ਰ ਇਕ ਮੁਕੱਦਸ ਸਫ਼ਰ ਹੁੰਦਾ ਹੈ ਜੋ ਕਿ ਹਰੇਕ ਮੁਸਲਮਾਨ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਆਪਣੇ ਜੀਵਨ ਵਿੱਚ ਇੱਕ ਵਾਰ ਉਹ ਹੱਜ ਕਰਨ ਲਈ ਜਰੂਰ ਜਾਵੇ। ਉਨਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਮੈਂਬਰ ਪੂਰੀ ਕੋਸ਼ਿਸ਼ ਕਰਨਗੇ ਕਿ ਆਪਣੇ ਕਾਰਜਕਾਲ ਦੇ ਦੌਰਾਨ ਹਾਜੀਆਂ ਨੂੰ ਵੱਧ ਤੋਂ ਵੱਧ ਸਹੂਲਤ ਪਹੁੰਚਾ ਸਕੀਏ। ਉਨਾਂ ਕਿਹਾ ਕਿ ਪੰਜਾਬ ਸਟੇਟ ਹੱਜ ਕਮੇਟੀ ਨੇ ਹਮੇਸ਼ਾ ਹੀ ਆਪਣਾ ਕੰਮ ਸਮੇਂ ਸਿਰ ਨਿਪਟਾਇਆ। ਹੱਜ ਪ੍ਰਣਾਲੀ ਦੇ ਵਿੱਚ ਸੈਂਟਰਲ ਕਮੇਟੀ ਦਾ ਇਖਤਿਆਰ ਸਭ ਤੋਂ ਜਿਆਦਾ ਹੈ, ਉਹ ਜਲਦੀ ਹੀ ਕੇਂਦਰੀ ਹੱਜ ਕਮੇਟੀ ਦੇ ਸੀਈਓ ਨਾਲ ਮਿਲ ਕੇ ਪੰਜਾਬ ਦੇ ਹਾਜੀਆਂ ਲਈ ਹੋਰ ਬੇਹਤਰ ਪ੍ਰਬੰਧ ਕਰਨ ਦੇ ਲਈ ਕੋਸ਼ਿਸ਼ ਕਰਨਗੇ। ਹਾਸ਼ਿਮ ਸੂਫੀ ਨੇ ਕਿਹਾ ਕਿ ਮੁਹਾਲੀ ਏਅਰਪੋਰਟ ਦੇ ਨਾਲ ਹੱਜ ਮੰਜ਼ਿਲ ਬਣਾਏ ਜਾਣ ਦੀ ਮੰਗ ਵੀ ਸਰਕਾਰ ਅੱਗੇ ਰੱਖੀ ਜਾਵੇਗੀ। ਉਨਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸਿੱਧੀਆਂ ਫਲਾਈਟਾਂ ਸਾਊਦੀ ਅਰਬ ਲਈ ਜਾਂਦੀਆਂ ਹਨ, ਉਹ ਕੇਂਦਰੀ ਹੱਜ ਕਮੇਟੀ ਨਾਲ ਮਿਲ ਕੇ ਪੰਜਾਬ ਤੋਂ ਵੀ ਇੱਕ ਸਿੱਧੀ ਫਲਾਈਟ ਚਲਾਏ ਜਾਣ ਦੀ ਮੰਗ ਰੱਖਣਗੇ। ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹਾਜੀ ਸ਼ਮਸ਼ਾਦ ਅਹਿਮਦਗੜ੍ਹ, ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਮੁਹੰਮਦ ਮੁਸਤਕੀਮ, ਨਿਸਾਰ ਮੁਹੰਮਦ, ਰਿਆਜ ਸਲਮਾਨੀ, ਕਾਰੀ ਮੁਹਤਰਮ, ਹਾਫਿਜ ਜੈਨੁਲਬਦੀਨ, ਅਬੂ ਬਕਰ, ਮੁਹੰਮਦ ਸਲਮਾਨ ਮੌਜੂਦ ਸਨ।