ਮੰਗਾਂ ਮਨਵਾਉਣ ਲਈ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰਨ ਆਏ ਕਿਸਾਨਾਂ ਦੀ ਪੁਲਿਸ ਨਾਲ ਹੋਈ ਧੱਕਾ ਮੁੱਕੀ
ਮੰਗਾਂ ਮਨਵਾਉਣ ਲਈ ਡਿਪਟੀ ਕਮਿਸ਼ਨਰ ਦਾ ਦਫ਼ਤਰ ਘੇਰਨ ਆਏ ਕਿਸਾਨਾਂ ਦੀ ਪੁਲਿਸ ਨਾਲ ਹੋਈ ਧੱਕਾ ਮੁੱਕੀ
Publish Date: Mon, 06 Apr 2026 06:34 PM (IST)
Updated Date: Mon, 06 Apr 2026 06:37 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਆਪਣੀਆਂ ਹੱਕੀ ਮੰਗਾਂ ਮਨਵਾਉਣ ਅਤੇ ਮੰਨੀਆਂ ਮੰਗਾਂ ਨੂੰ ਅਮਲੀ ਰੂਪ ਦੇਣ ਦੇ ਮਕਸਦ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਕਣਕ ਦੀ ਵਾਢੀ ਤੋਂ ਪਹਿਲਾ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਵਿਸ਼ਾਲ ਧਰਨਾ ਮਾਰ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਸ਼ਾਸਨਿਕ ਅਧਿਕਾਰੀਆ ਵੱਲੋਂ ਧਰਨੇ ਵਿਚ ਮੰਗ ਪੱਤਰ ਨਾ ਲੈਣ ਆਉਣ ਤੇ ਗੁੱਸੇ ਵਿਚ ਆਏ ਧਰਨਾਕਾਰੀਆ ਨੇ ਡਿਪਟੀ ਕਮਿਸ਼ਨਰ ਦੇ ਮੇਨ ਗੇਟ ’ਤੇ ਪੁੱਜ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਜਿਸ ਕਰ ਕੇ ਪੁਲਿਸ ਨਾਲ ਹਲਕੀ ਧੱਕਾ ਮੁੱਕੀ ਵੀ ਹੋਈ। ਮੰਗ ਪੱਤਰ ਲੈਣ ਆਏ ਤਹਿਸੀਲਦਾਰ ਨੂੰ ਕਿਸਾਨਾਂ ਨੇ ਮੰਗ ਪੱਤਰ ਨਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਡੀਸੀ ਜਾਂ ਏਡੀਸੀ ਤੋਂ ਘੱਟ ਕਿਸੇ ਨੂੰ ਮੰਗ ਪੱਤਰ ਨਹੀਂ ਦੇਣਗੇ। ਕਿਸਾਨਾਂ ਦੇ ਦਬਾਅ ਥੱਲੇ ਝੁਕਦਿਆਂ ਫਿਰ ਏਡੀਸੀ ਨੇ ਮੰਗ ਪੱਤਰ ਪ੍ਰਾਪਤ ਕੀਤਾ। ਰੋਸ ਪ੍ਰਦਰਸ਼ਨ ਦੀ ਅਗਵਾਈ ਕਾਮਰੇਡ ਅਮਰ ਸਿੰਘ ਜਲਾਲਦੀਵਾਲ, ਕਾਮਰੇਡ ਸਤਨਾਮ ਸਿੰਘ ਵੜੈਚ, ਬਲਰਾਜ ਸਿੰਘ ਕੋਟਉਮਰਾ, ਨਾਜ਼ਰ ਸਿੰਘ ਸਿਆੜ, ਗੁਰਸੇਵਕ ਸਿੰਘ ਮੰਜਾਲੀਆ, ਮਨਪ੍ਰੀਤ ਸਿੰਘ, ਹਰਜਿੰਦਰ ਕੌਰ ਨੇ ਕੀਤੀ। ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਧਰਨਾਕਾਰੀ ਨੇ ਆਖਿਆ ਕਿ ਕਿਸਾਨਾਂ ਮਜ਼ਦੂਰਾਂ ਦੇ ਸਮੂਚੇ ਕਰਜ਼ੇ ਮੁਆਫ਼ ਕੀਤੇ ਜਾਣ, ਕਰਜ਼ੇ ਤੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰਨ ਵਾਲਿਆਂ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਕੀਤੀ ਜਾਵੇ, ਪਾਣੀ ਦੀ ਸੰਭਾਲ ਤੇ ਸ਼ੁਧਤਾ ਲਈ ਠੋਸ ਉਪਰਾਲੇ ਕੀਤੇ ਜਾਣ, ਹਰ ਖੇਤ ਲਈ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ, ਪੀਣ ਵਾਲੇ ਪਾਣੀ ਨੂੰ ਹਰ ਘਰ ਤੱਕ ਪੁੱਜਦਾ ਕਰਨ ਲਈ ਗਾਰੰਟੀ ਕੀਤੀ ਜਾਵੇ, ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ-ਬੇਸਨ ਸਿਧਾਂਤ ਅਤੇ ਸੰਵਿਧਾਨ ਵਿਵਸਥਾ ਦੇ ਅਨੁਸਾਰ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਰਿਆਵਾਂ, ਨਹਿਰਾਂ ਤੇ ਡ੍ਰੇਨਾਂ ਵਿਚ ਦੂਸ਼ਿਤ ਪਾਣੀ ਪਾਉਣ ਤੋਂ ਰੋਕਿਆ ਜਾਵੇ, ਸੂਬੇ ਦੇ ਅਧਿਕਾਰਾਂ ਵਿਚ ਕੇਂਦਰ ਦਾ ਦਖਲ ਬੰਦ ਕੀਤਾ ਜਾਵੇ, ਜੰਗਲ ਦਾ ਰਕਬਾ ਵਧਾਉਣ ਲਈ ਰੁੱਖ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾਵੇ, ਫ਼ਸਲੀ ਭਿੰਨਤਾ ਲਈ ਐੱਮਐੱਸਪੀ ਉੱਪਰ ਖਰੀਦ ਦੀ ਗਾਰੰਟੀ ਕੀਤੀ ਜਾਵੇ, ਅਮਰੀਕਾ ਦੇ ਦਬਾਅ ਅਧੀਨ ਕੀਤਾ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਬਿਜਲੀ ਸੋਧ ਬਿੱਲ ਰੱਦ ਕੀਤਾ ਜਾਵੇ, ਬਿਜਲੀ ਦੇ ਸਮਾਰਟ ਮੀਟਰ ਨਾ ਲਗਾਏ ਜਾਣ, ਭਾਰਤ ਮਾਲਾ ਪ੍ਰੋਜੈਕਟ ਅਧੀਨ ਜ਼ਮੀਨ ਦਾ ਰੇਟ ਮਾਰਕੀਟ ਕੀਮਤ ਤੇ ਦੂਜੇ ਕਾਰਕ ਜੋੜ ਕੇ ਕੀਤਾ ਜਾਵੇ, ਮੱਧ ਪੂਰਵ ਦੇਸ਼ਾਂ ਤੇ ਪਾਕਿਸਤਾਨ ਨਾਲ ਬਾਘਾ ਬਾਹਡਰ ਤੇ ਹੁਸੈਨੀਵਾਲਾ ਰਾਹੀਂ ਸੜਕੀ ਤੇ ਰੇਲ ਰਾਹੀਂ ਵਪਾਰ ਖੋਲ੍ਹਿਆ ਜਾਵੇ, ਨਵੀ ਕੋਮੀ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਕੋਮੀ ਖੇਤੀ ਮੰਡੀਕਰਨ ਨੀਤੀ ਰੱਦ ਕੀਤੀ ਜਾਵੇ, ਅਗਸਤ ਸਤੰਬਰ 2025 ਵਿਚ ਆਏ ਹੜਾ ਦਾ ਮੁਆਵਜ਼ਾ ਦਿੱਤਾ ਜਾਵੇ, ਯੂਰੀਆ ਦੀ ਕੀਮਤ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ, ਬਾਹਡਰ ਉੱਪਰ ਲੱਗੀ ਤਾਰ ਨੂੰ ਬਾਹਡਰ ਲਾਈਨ ਦੇ ਨੇੜੇ ਕੀਤਾ ਜਾਵੇ। ਅੱਜ ਦੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਰਘਵੀਰ ਸਿੰਘ ਬੈਨੀਪਾਲ, ਹਰਨੇਕ ਸਿੰਘ ਗੁੱਜਰਵਾਲ, ਭਾਰਤੀ ਕਿਸਾਨ ਯੂਨੀਅਨ ਡਕੌਦਾ (ਧਨੇਰ) ਦੇ ਜਗਤਾਰ ਸਿੰਘ ਦੇਹੜਕਾ, ਆਲ ਇੰਡੀਆ ਕਿਸਾਨ ਸਭਾ (ਹੱਨਨ ਮੁੱਲਾ) ਦੇ ਬਲਜੀਤ ਸਿੰਘ ਗਰੇਵਾਲ, ਆਲ ਇੰਡੀਆ ਕਿਸਾਨ ਸਭਾ (1936) ਡਾ. ਰਜਿੰਦਰ ਪਾਲ ਸਿੰਘ ਔਲਖ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਦਾਗਰਸਿੰਘ, ਘੁਡਾਣੀ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਮਨਜੀਤ ਸਿੰਘ ਢੀਡਸਾ, ਕਿਰਤੀ ਕਿਸਾਨ ਯੂਨੀਅਨ ਦੇ ਸਾਧੂ ਸਿੰਘ ਅੱਚਰਵਾਲ ਨੇ ਸੰਬੋਧਨ ਕੀਤਾ।