ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਕੀਤਾ ਨਿਹਾਲ
ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ
Publish Date: Mon, 06 Apr 2026 06:32 PM (IST)
Updated Date: Mon, 06 Apr 2026 06:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਵਿਖੇ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਬੜੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗੁਰਦੁਆਰਾ ਸਾਹਿਬ ਵਿਚ ਤਿੰਨ ਸ੍ਰੀ ਅਖੰਡ ਪਾਠਾਂ ਦੇ ਭੋਗ ਬੜੀ ਮਰਿਆਦਾ ਨਾਲ ਪਾਏ ਗਏ। ਉਪਰੰਤ ਬਾਬਾ ਸੁਖਵਿੰਦਰ ਸਿੰਘ ਅਤੇ ਬਾਬਾ ਜਰਨੈਲ ਸਿੰਘ ਜੀ ਵੱਲੋਂ ਗੁਰਬਾਣੀ ਕਥਾ ਅਤੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਜੀਵਨ, ਉਨ੍ਹਾਂ ਦੀ ਨਿਮਰਤਾ, ਸੇਵਾ ਅਤੇ ਮਨੁੱਖਤਾ ਪ੍ਰਤੀ ਪ੍ਰੇਮ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਣਾ ਵੀ ਦਿੱਤੀ। ਇਸ ਦੌਰਾਨ ਹਜ਼ੂਰੀ ਰਾਗੀ ਜਥਿਆਂ ਰਵਿੰਦਰ ਸਿੰਘ ਰਿੰਕੂ, ਉਕਾਰ ਸਿੰਘ, ਭਾਈ ਬਲਦੇਵ ਸਿੰਘ ਅਤੇ ਢਾਡੀ ਜਥਿਆਂ ਵੱਲੋਂ ਰਸਭਿੰਨਾ ਕੀਰਤਨ ਕਰਕੇ ਹਾਜ਼ਰ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜਿਆ। ਸਮਾਗਮ ਦੇ ਅੰਤ ਵਿਚ ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਗਿਆ, ਜਿਸ ਵਿਚ ਸੰਗਤਾਂ ਨੇ ਪ੍ਰੇਮ ਨਾਲ ਬੈਠ ਕੇ ਲੰਗਰ ਛਕਿਆ। ਇਸ ਮੌਕੇ ਜਗਜੀਤ ਸਿੰਘ ਕੈਨੇਡਾ, ਬੇਅੰਤ ਕੌਰ ਕਨੇਡਾ, ਅਮਰਜੋਤ ਸਿੰਘ ਸੰਧੂ, ਕਰਮਜੀਤ ਕੌਰ ਸੰਧੂ, ਅਮਨਦੀਪ ਕੌਰ ਸੰਧੂ, ਡਾਕਟਰ ਗੁਰਮੀਤ ਸਿੰਘ ਲੰਬੜਦਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ।