ਸਰਕਾਰੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ
ਸਰਕਾਰੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ
Publish Date: Sat, 04 Apr 2026 07:28 PM (IST)
Updated Date: Sat, 04 Apr 2026 07:31 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਦੌਰਾਨ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਨਾਮ ਵੰਡ ਸਮਾਗਮ ਵਿਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਕਾਲਜ ਗੀਤ ਨਾਲ ਹੋਈ। ਕਾਲਜ ਪ੍ਰਿੰਸੀਪਲ ਸੁਮਨ ਲਤਾ ਨੇ ਡਾ. ਜਤਿੰਦਰ ਪਾਲ ਸਿੰਘ ਗਿੱਲ ਜੀ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ। ਮੁੱਖ ਮਹਿਮਾਨ ਦਾ ਕਾਲਜ ਦੀਆਂ ਵਿਦਿਆਰਥਣਾਂ ਅਤੇ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਉਂਦੇ ਹੋਏ ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਡਾ. ਜਤਿੰਦਰ ਪਾਲ ਗਿੱਲ ਨੇ ਆਪਣੀ ਜ਼ਿੰਦਗੀ ਵਿਚ ਸਾਲਾਂ ਦੀ ਮਿਹਨਤ ਅਤੇ ਲਗਨ ਨਾਲ ਕਈ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਮੁੱਖ ਮਹਿਮਾਨ ਅਤੇ ਮੌਜੂਦ ਮਹਿਮਾਨਾਂ ਦਾ ਇਸ ਸਮਾਰੋਹ ਵਿਚ ਪਹੁੰਚਣ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਸੁਮਨ ਲਤਾ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਮੁੱਖ ਮਹਿਮਾਨ ਅਤੇ ਕਾਲਜ ਪ੍ਰਿੰਸੀਪਲ ਨੇ ਹੋਣਹਾਰ ਵਿਦਿਆਰਥਣਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਰਟੀਫਿਕੇਟ, ਕਾਲਜ ਕਲਰ, ਮੈਰਿਟ ਸਰਟੀਫਿਕੇਟ, ਟਰਾਫੀਆਂ ਅਤੇ ਨਕਦ ਇਨਾਮ ਦਿੱਤੇ। 50 ਵਿਦਿਆਰਥਣਾਂ ਨੂੰ ਰੋਲ ਆਫ਼ ਆਨਰ, 58 ਵਿਦਿਆਰਥਣਾਂ ਨੂੰ ਕਾਲਜ ਕਲਰ ਅਤੇ 154 ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ ਦਿੱਤੇ ਗਏ। ਸਟੂਡੈਂਟ ਕੌਂਸਲ ਦੀਆਂ 50 ਵਿਦਿਆਰਥਣਾਂ ਦੀ ਟੀਮ ਨੂੰ ਸਰਟੀਫਿਕੇਟ ਦਿੱਤੇ ਗਏ। 22 ਵਿਦਿਆਰਥਣਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਬੀਏ ਭਾਗ ਤੀਜਾ ਦੀ ਵਿਦਿਆਰਥਣ ਵਾਣੀ ਪੁਰੀ ਨੂੰ ਐਕਸੀਲੈਂਸ ਐਵਾਰਡ (ਉਸ ਨੇ ਆਪਣੀਆਂ ਖੇਡਾਂ ਦੇ ਆਧਾਰ ਤੇ ਰੇਲਵੇ ਵਿਚ ਨੌਕਰੀ ਵੀ ਪ੍ਰਾਪਤ ਕੀਤੀ) ਅਤੇ ਬੀਐਸਸੀ ਭਾਗ ਤੀਜਾ ਦੀ ਵਿਦਿਆਰਥਣ ਨਮੀਸ਼ਾ ਬਗਾਰੀਆ ਨੂੰ ਆਲ-ਰਾਊਂਡਰ ਬੈਸਟ ਸਟੂਡੈਂਟ ਟਰਾਫੀ ਮਿਲੀ। ਪ੍ਰਿੰਸੀਪਲ ਸੁਮਨ ਲਤਾ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰੇਕ ਵਿਦਿਆਰਥੀ ਦਾ ਇੱਕ ਟੀਚਾ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਉਸ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ। ਡਾ. ਅਬਦੁਲ ਕਲਾਮ ਦੀ ਉਦਾਹਰਣ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਸੁਪਨੇ ਉਹ ਹੁੰਦੇ ਹਨ, ਜੋ ਸਾਨੂੰ ਜਗਾਉਂਦੇ ਹਨ ਅਤੇ ਖੁੱਲ੍ਹੀਆਂ ਅੱਖਾਂ ਨਾਲ ਦੇਖੇ ਗਏ ਸੁਪਨੇ ਹੀ ਪੂਰੇ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਹਮੇਸ਼ਾ ਪਰਮਾਤਮਾ, ਮਾਪਿਆਂ ਤੇ ਅਧਿਆਪਕਾਂ ਦਾ ਸ਼ੁਕਰਾਨਾ ਕਰਨ ਲਈ ਕਿਹਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਮੋਬਾਈਲ ਫੋਨ ਦੀ ਯੋਗ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਸ ਪੁਰਸਕਾਰ ਸਮਾਰੋਹ ਦਾ ਹਿੱਸਾ ਬਣਨ ਤੇ ਵੀ ਮਾਣ ਪ੍ਰਗਟ ਕੀਤਾ। ਉਨ੍ਹਾਂ ਨੇ ਹਰੇਕ ਪੁਰਸਕਾਰ ਜੇਤੂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਉਨ੍ਹਾਂ ਦੀ ਲਗਨ, ਰਚਨਾਤਮਕਤਾ ਤੇ ਜਨੂੰਨ ਦਾ ਪ੍ਰਮਾਣ ਹਨ। ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਸੁਮਨ ਲਤਾ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੇ ਅਣਥੱਕ ਯਤਨਾਂ, ਸਬਰ ਤੇ ਮਾਰਗਦਰਸ਼ਨ ਦੁਆਰਾ ਇਨ੍ਹਾਂ ਵਿਦਿਆਰਥਣਾਂ ਨੇ ਆਪਣੀ ਸ਼ਖਸ਼ੀਅਤ ਨੂੰ ਹੋਰ ਨਿਖਾਰਿਆ। ਇਸ ਮੌਕੇ ਡਾ. ਗੁਰਸ਼ਰਨਜੀਤ ਸਿੰਘ (ਪ੍ਰਿੰਸੀਪਲ, ਸਰਕਾਰੀ ਕਾਲਜ ਲੜਕੇ ਲੁਧਿਆਣਾ), ਡਾ. ਗੁਰਪ੍ਰੀਤ ਕੌਰ (ਸੇਵਾਮੁਕਤ ਪ੍ਰਿੰਸੀਪਲ), ਡਾ. ਰਾਜੀਵ ਸਹਿਗਲ (ਸੇਵਾਮੁਕਤ ਡਾਇਰੈਕਟਰ), ਡਾ. ਮਮਤਾ ਕੋਚਰ (ਪ੍ਰਿੰਸੀਪਲ ਸਰਕਾਰੀ ਕਾਲਜ ਰਾਏਕੋਟ), ਸਰਦਾਰ ਜਸਵੰਤ ਸਿੰਘ (ਸੇਵਾਮੁਕਤ ਪ੍ਰਿੰਸੀਪਲ), ਸੁਖਵਿੰਦਰ ਕੌਰ (ਸੇਵਾਮੁਕਤ ਪ੍ਰੋਫੈਸਰ), ਬਲਬੀਰ ਬਜਾਜ (ਸੇਵਾਮੁਕਤ ਪ੍ਰੋਫੈਸਰ), ਸਰਦਾਰ ਕੁਲਦੀਪ ਸਿੰਘ, ਡਾ. ਪਰਮਿੰਦਰ ਕੌਰ (ਸੇਵਾਮੁਕਤ ਪ੍ਰਿੰਸੀਪਲ), ਅਨੀਤਾ ਸ਼ਰਮਾ (ਸੇਵਾਮੁਕਤ ਪ੍ਰੋਫੈਸਰ), ਡਾ. ਕਮਲੇਸ਼ ਕੌਰ (ਸੇਵਾਮੁਕਤ ਪ੍ਰੋਫੈਸਰ), ਸ੍ਰੀਮਤੀ ਕਵਿਤਾ ਅਤੇ ਪੀਟੀਏ ਦੇ ਮੈਂਬਰ ਮੌਜੂਦ ਸਨ। ਵਾਈਸ ਪ੍ਰਿੰਸੀਪਲ ਸਰਿਤਾ ਖੁਰਾਨਾ ਜੀ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦਾ ਅੰਤ ਰਾਸ਼ਟਰੀ ਗੀਤ ਨਾਲ ਹੋਇਆ। ਇਸ ਤਰ੍ਹਾਂ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। --