ਹਲਕਾ ਇੰਚਾਰਜ ਸੋਖੀ ਤੇ ਸਾਬਕਾ ਮੇਅਰ ਗੋਹਲਵੜੀਆ ਨੇ ਸੜਕਾਂ ਦੀ ਮੰਦੀ ਹਾਲਤ ਤੋਂ ਜਾਣੂੰ ਕਰਵਾਇਆ
ਹਲਕਾ ਇੰਚਾਰਜ ਸੋਖੀ ਤੇ ਸਾਬਕਾ ਮੇਅਰ ਗੋਹਲਵੜੀਆ ਨੇ ਸੜਕਾਂ ਦੀ ਮੰਦੀ ਹਾਲਤ ਤੋਂ ਜਾਣੂੰ ਕਰਵਾਇਆ
Publish Date: Thu, 26 Mar 2026 07:37 PM (IST)
Updated Date: Fri, 27 Mar 2026 04:09 AM (IST)

- ਕਿਹਾ, ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਸੜਕਾਂ ਦੇ ਜਾਲ ਵਿਛਾਉਣ ਉਪਰੰਤ ਲੱਗੀ ਰੋਕ ਫੋਟੋ ਨੰਬਰ-15 ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਆਤਮ ਨਗਰ ਦੇ ਇੰਚਾਰਜ ਤੇ ਜਨਰਲ ਸਕੱਤਰ ਜਗਬੀਰ ਸਿੰਘ ਸੋਖੀ ਤੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਨੇ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਦਾ ਜਾਇਜ਼ਾ ਲਿਆ, ਜਿਸ ਦੌਰਾਨ ਉਨ੍ਹਾਂ ਦੇਖਿਆ ਕਿ ਅੱਜ ਪੂਰੇ ਸੂਬੇ ਦੀਆਂ ਸੜਕਾਂ ਸਮੇਤ ਲੁਧਿਆਣਾ ਸ਼ਹਿਰ ਦੇ ਲਗਭਗ ਹਰ ਹਲਕੇ ’ਚ ਸੜਕਾਂ ਦਾ ਬੁਰਾ ਹਾਲ ਹੈ। ਸੋਖੀ ਤੇ ਗੋਹਲਵੜੀਆ ਨੇ ਕਿਹਾ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਸਰਕਾਰ ਦੇ ਰਾਜ ਦੌਰਾਨ ਹੋਇਆ ਵਿਕਾਸ ਅੱਜ ਵੀ ਸੂਬੇ ਦੇ ਕੋਨੇ-ਕੋਨੇ ਵਿੱਚ ਆਪਣੀ ਗਵਾਹੀ ਆਪ ਦੇ ਰਿਹਾ ਹੈ। ਖ਼ਾਸ ਕਰਕੇ ਪੰਜਾਬ ਭਰ ’ਚ ਸੜਕਾਂ ਦਾ ਵਿਛਿਆ ਜਾਲ ਬਾਦਲ ਸਰਕਾਰ ਦੀਆਂ ਵੱਡੀਆਂ ਉੱਪਲੱਭਦੀਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਆਈਆਂ ਸਰਕਾਰਾਂ ਦੀ ਨਲਾਇਕੀ ਕਾਰਨ ਵਿਕਾਸ ਕਾਰਜਾਂ ਨੂੰ ਬਰੇਕਾਂ ਲੱਗ ਗਈਆਂ। ਓਨ੍ਹਾਂ ਕਿਹਾ ਕਿ ਉਥੇ ਹੀ ਗਿੱਲ ਰੋਡ ਦੀ ਹਾਲਤ ਬਹੁਤ ਜਿਆਦਾ ਮਾੜੀ ਹੈ, ਜਿਸ ਦੇ ਚੱਲਦਿਆਂ ਇੱਥੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਰਫ ਇਨਾ ਹੀ ਨਹੀਂ ਲੁਧਿਆਣਾ ਨਗਰ ਨਿਗਮ ਮੇਅਰ ਤੇ ਨਿਗਮ ਕਮਿਸ਼ਨਰ ਵੱਲੋਂ ਸੜਕਾਂ ਦੀ ਮੁਰੰਮਤ ਜਾਂ ਸੀਵਰੇਜ ਪਵਾਉਣ ਦੇ ਕਾਰਜਾਂ ਸਮੇਂ ਵੀ ਸਹੀ ਰਣਨੀਤੀ ਜਾਂ ਸਹੀ ਰੂਟ ਡਾਇਵਰਜਨ ਨਾ ਬਣਾਏ ਜਾਣ ਦੇ ਚਲਦਿਆਂ ਲੋਕਾਂ ਦੀਆਂ ਪਰੇਸ਼ਾਨੀਆਂ ਵਿੱਚ ਵਾਧੇ ਦਾ ਕਾਰਨ ਬਣ ਰਿਹਾ ਹੈ। ਸੋਖੀ ਤੇ ਗੋਹਲਵੜੀਆ ਨੇ ਕਿਹਾ ਕਿ ਇਸ ਸਭ ਦੇ ਉਲਟ ਬਾਦਲ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਨਾਲ ਤੇ ਜ਼ਿਲ੍ਹਿਆਂ ਨੂੰ ਆਪਸ ਵਿੱਚ ਜੋੜਨ ਲਈ ਬਣਾਈਆਂ ਗਈਆਂ ਚੌੜੀਆਂ ਅਤੇ ਮਜ਼ਬੂਤ ਸੜਕਾਂ ਨੇ ਆਵਾਜਾਈ ਨੂੰ ਕਾਫ਼ੀ ਸੁਗਮ ਬਣਾਇਆ। ਕਈ ਨਵੇਂ ਪੁਲ, ਫਲਾਈਓਵਰ ਅਤੇ ਬਾਈਪਾਸ ਤਿਆਰ ਹੋਏ, ਜਿਸ ਨਾਲ ਟ੍ਰੈਫਿਕ ਭੀੜ ਘੱਟੀ ਅਤੇ ਯਾਤਰਾ ਦਾ ਸਮਾਂ ਬਚਿਆ। ਬਾਦਲ ਸਰਕਾਰ ਦੇ ਦੌਰਾਨ ਰਾਸ਼ਟਰੀ ਅਤੇ ਰਾਜ ਮਾਰਗਾਂ ਦੇ ਨਾਲ-ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਵੀ ਵੱਡੀ ਤਰਜੀਹ ਦਿੱਤੀ ਗਈ ਤੇ ਪਿੰਡਾਂ ਦੀ ਆਰਥਿਕ ਗਤੀਵਿਧੀ ’ਚ ਤੇਜ਼ੀ ਆਈ। ਉਦਯੋਗਿਕ ਖੇਤਰਾਂ ਤੱਕ ਵਧੀਆ ਸੜਕ ਸੰਪਰਕ ਬਣਨ ਨਾਲ ਨਿਵੇਸ਼ ਨੂੰ ਵੀ ਉਤਸ਼ਾਹ ਮਿਲਿਆ। ਉਨ੍ਹਾਂ ਕਿਹਾ ਕਿ ਸਿਰਫ਼ ਸੜਕਾਂ ਹੀ ਨਹੀਂ, ਬਲਕਿ ਸ਼ਹਿਰੀ ਢਾਂਚੇ ਦੇ ਵਿਕਾਸ ਵੱਲ ਵੀ ਕਈ ਕਦਮ ਚੁੱਕੇ ਗਏ। ਬਿਜਲੀ ਉਤਪਾਦਨ ਪ੍ਰੋਜੈਕਟ, ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ, ਸਿਹਤ ਤੇ ਸਿੱਖਿਆ ਦੇ ਖੇਤਰ ’ਚ ਵੀ ਨਵੇਂ ਸੰਸਥਾਨ ਬਣੇ। ਕਈ ਸ਼ਹਿਰਾਂ ਵਿੱਚ ਸੁੰਦਰਤਾ ਅਤੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਪ੍ਰੋਜੈਕਟ ਸ਼ੁਰੂ ਕੀਤੇ ਗਏ। ਅੱਜ ਵੀ ਪੰਜਾਬ ਦੀਆਂ ਸੜਕਾਂ ’ਤੇ ਦੌੜਦੇ ਵਾਹਨ ਤੇ ਪਿੰਡਾਂ ਤੱਕ ਪਹੁੰਚਦੀ ਪੱਕੀ ਸੜਕ ਇਸ ਗੱਲ ਦਾ ਅਹਿਸਾਸ ਕਰਾਉਂਦੀ ਹੈ ਕਿ ਉਸ ਦੌਰਾਨ ਬੁਨਿਆਦੀ ਢਾਂਚੇ ‘ਤੇ ਖਾਸ ਧਿਆਨ ਦਿੱਤਾ ਗਿਆ ਸੀ। ਜਿਸ ਦੇ ਚੱਲਦਿਆਂ ਇਹ ਵਿਕਾਸ ਸੂਬੇ ਦੀ ਤਰੱਕੀ ਲਈ ਮਜ਼ਬੂਤ ਨੀਂਹ ਸਾਬਤ ਹੋਇਆ।