ਸਜ਼ਾ ਹੋਣ ਦੇ ਬਾਵਜੂਦ ਵਿਧਾਇਕ ਦਾ ਪਦ ਜਾਰੀ ਰੱਖਣਾ ਸੰਵਿਧਾਨ ਦੀ ਉਲੰਘਣਾ : ਲੱਧੜ
ਸਜ਼ਾ ਹੋਣ ਦੇ ਬਾਵਜੂਦ ਵਿਧਾਇਕ ਦਾ ਪਦ ਜਾਰੀ ਰੱਖਣਾ ਸੰਵਿਧਾਨ ਦੀ ਉਲੰਘਣਾ—ਐਸਆਰ ਲਧਰ
Publish Date: Tue, 24 Mar 2026 07:41 PM (IST)
Updated Date: Wed, 25 Mar 2026 04:09 AM (IST)
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ ਚਾਰ ਸਾਲ ਦੀ ਸਜ਼ਾ ਕੱਟਣ ਦੇ ਬਾਵਜੂਦ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਵਿਧਾਇਕ ਪਦ ਤੋਂ ਅਯੋਗ ਨਾ ਠਹਿਰਾਉਣਾ ਸੰਵਿਧਾਨ ਤੇ ਕਾਨੂੰਨੀ ਪ੍ਰਣਾਲੀ ਦੀ ਘੋਰ ਉਲੰਘਣਾ ਹੈ। ਇਹ ਗੱਲ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਆਈਏਐੱਸ ਅਧਿਕਾਰੀ ਐੱਸਆਰ ਲੱਧੜ ਨੇ ਕਹੀ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਜੇ ਕਿਸੇ ਵਿਧਾਇਕ ਨੂੰ 2 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਸ ਦੀ ਮੈਂਬਰਸ਼ਿਪ ਆਪਣੇ ਆਪ ਖਤਮ ਹੋ ਜਾਂਦੀ ਹੈ। ਇਸ ਹਾਲਤ ’ਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਲਗਾਤਾਰ ਪਦ ’ਤੇ ਬਣੇ ਰਹਿਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਲੱਧੜ ਨੇ ਕਿਹਾ ਕਿ ਜਦੋਂ ਕਿਸੇ ਆਮ ਸਰਕਾਰੀ ਕਰਮਚਾਰੀ ਨੂੰ 48 ਘੰਟਿਆਂ ਦੀ ਹਿਰਾਸਤ ਤੋਂ ਬਾਅਦ ਹੀ ਮੁਅੱਤਲ ਕਰ ਦਿੱਤਾ ਜਾਂਦਾ ਹੈ ਤਾਂ ਮਾਣਯੋਗ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਵਿਧਾਇਕ ਕਿਸ ਆਧਾਰ ’ਤੇ ਆਪਣੇ ਆਹੁਦੇ ’ਤੇ ਕਾਇਮ ਹੈ। ਉਨ੍ਹਾਂ ਇਸ ਨੂੰ ਦੋਹਰੇ ਮਾਪਦੰਡਾਂ ਦੀ ਸਪੱਸ਼ਟ ਮਿਸਾਲ ਦੱਸਿਆ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਇਸ ਮਾਮਲੇ ’ਚ ਜਲਦ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਭਾਜਪਾ ਇਸ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਏਗੀ।