ਅਹਿਮ ਜਾਣਕਾਰੀਆਂ ਨਾਲ ਵੈਟਰਨਰੀ ’ਵਰਸਿਟੀ ਦਾ ਪਸ਼ੂ ਪਾਲਣ ਮੇਲਾ ਸਮਾਪਤ
ਪਸ਼ੂ ਪਾਲਕਾਂ ਨੂੰ ਗਿਆਨ ਅਤੇ ਅਹਿਮ ਜਾਣਕਾਰੀਆਂ ਪ੍ਰਦਾਨ ਕਰਦਾ ਵੈਟਰਨਰੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਸਮਾਪਤ
Publish Date: Sat, 21 Mar 2026 09:08 PM (IST)
Updated Date: Sun, 22 Mar 2026 04:17 AM (IST)

ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਅਹਿਮ ਸ਼ਖਸੀਅਤਾਂ ਦਾ ਕੀਤਾ ਸਨਮਾਨ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੋ ਦਿਨਾ ਪਸ਼ੂ ਪਾਲਣ ਮੇਲਾ ‘ਪਸ਼ੂ ਪਾਲਣ : ਰਵਾਇਤੀ ਤੋਂ ਵਿਸ਼ਵ ਪੱਧਰ ਤੱਕ’ ਦੇ ਸੰਦੇਸ਼ ਨਾਲ ਸਮਾਪਤ ਹੋਇਆ। ਐੱਮਐਲ. ਜਾਟ, ਮਹਾਂ ਨਿਰਦੇਸ਼ਕ, ਭਾਰਤੀ ਖੇਤੀ ਖੋਜ ਪਰਿਸ਼ਦ, ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ, ਡਾ. ਐਚਐਸ ਜਾਟ, ਨਿਰਦੇਸ਼ਕ, ਮੱਕੀ ਸੰਬੰਧੀ ਖੋਜ ਦੀ ਭਾਰਤੀ ਸੰਸਥਾ, ਡਾ. ਪਰਵੇਂਦਰ ਸ਼ੇਰੋਂ, ਨਿਰਦੇਸ਼ਕ, ਅਟਾਰੀ, ਡਾ. ਆਰਐਸ. ਸਿੱਧੂ, ਸਾਬਕਾ ਡਾਇਰੈਕਟਰ, ਬੋਰਲੌਗ ਇੰਸਟੀਚਿਊਟ ਆਫ ਸਾਊਥ ਏਸ਼ੀਆ, ਡਾ. ਐਮ.ਐਸ. ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀਏਯੂ ਨੇ ਦੂਜੇ ਦਿਨ ਇਸ ਮੇਲੇ ਵਿੱਚ ਸ਼ਾਮਲ ਹੋਏ। ਜਤਿੰਦਰ ਪਾਲ ਸਿੰਘ ਗਿੱਲ, ਵੀਸੀ ਨੇ ਯੂਨੀਵਰਸਿਟੀ ਦੀ ਉੱਚ ਦਰਜਾਬੰਦੀ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਅਸੀਂ ਕਿਸਾਨਾਂ ਦੀ ਸਮੱਸਿਆਵਾਂ ਦਾ ਹਲ ਲੱਭਣ ਲਈ ਲਗਾਤਾਰ ਖੋਜ ਕਰਦੇ ਰਹਿੰਦੇ ਹਾਂ। ਉਨ੍ਹਾਂ ਨੇ ਪ੍ਰਾਸੈਸਿੰਗ ਰਾਹੀਂ ਉਤਪਾਦਾਂ ਦੀ ਗੁਣਵੱਤਾ ਵਧਾਉਣ ’ਤੇ ਜੋਰ ਦਿੱਤਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕੁੱਝ ਵਿਭਾਗ ਪਸ਼ੂ ਪਾਲਣ ਸਬੰਧੀ ਸੇਵਾਵਾਂ ਦਿੰਦੇ ਹਨ ਜਦਕਿ ਕੁਝ ਵਿਭਾਗ ਪਸ਼ੂ ਉਤਪਾਦਾਂ ਦੀ ਗੁਣਵੱਤਾ ਵਧਾ ਕੇ ਨਵੇਂ ਉਤਪਾਦ ਤਿਆਰ ਕਰਨ ਸਬੰਧੀ ਸਿੱਖਿਅਤ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੰਮਾਂ ਨਾਲ ਘਰ ਬੈਠਿਆਂ ਹੀ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਤਿਆਂ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਔਰਤਾਂ ਵੀ ਸੌਖਿਆਂ ਹੀ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਜਾਵਟੀ ਮੱਛੀਆਂ, ਮੱਛੀਆਂ ਲਈ ਐਕਵੇਰੀਅਮ, ਬੋਤਲ ਬੰਦ ਸੁਗੰਧਿਤ ਦੁੱਧ, ਲੱਸੀ, ਪਨੀਰ, ਮੀਟ ਅਤੇ ਆਂਡਿਆਂ ਦੇ ਆਚਾਰ, ਕੋਫਤੇ, ਪੈਟੀਆਂ, ਬਾਲ ਅਤੇ ਮੱਛੀ ਦੇ ਕੀਮੇ ਤੋਂ ਤਿਆਰ ਕੀਤੀਆਂ ਕਈ ਤਰ੍ਹਾਂ ਦੀਆਂ ਸੁਆਦੀ ਵੰਨਗੀਆਂ ਬਣਾਈਆਂ ਜਾ ਸਕਦੀਆਂ ਹਨ। ਯੂਨੀਵਰਸਿਟੀ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ, ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਵੱਲੋਂ ਵੱਖ-ਵੱਖ ਕਿਸਮ ਦੇ ਦੁੱਧ, ਮੀਟ ਅਤੇ ਆਂਡਿਆਂ ਦੇ ਕਈ ਉਤਪਾਦ ਤਿਆਰ ਕੀਤੇ ਗਏ ਸਨ ਜਦਕਿ ਫ਼ਿਸ਼ਰੀਜ਼ ਕਾਲਜ ਵੱਲੋਂ ਵੀ ਵੱਡੀ ਗਿਣਤੀ ਵਿਚ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਸਨ। ਡਾ. ਗਰੇਵਾਲ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੇ ਪਸ਼ੂ ਪਾਲਣ ਕਿੱਤਿਆਂ ਨੂੰ ਬਿਹਤਰ ਬਨਾਉਣ ਅਤੇ ਵਿਗਿਆਨਕ ਤਕਨੀਕਾਂ ਨੂੰ ਅਪਨਾਉਣ ਵਿੱਚ ਆਪਣੀ ਚੰਗੀ ਰੁਚੀ ਜ਼ਾਹਿਰ ਕੀਤੀ। ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ ਨੇ ਆਪਣਾ ਗਿਆਨ ਤੇ ਜਾਣਕਾਰੀਆਂ ਪਸ਼ੂ ਪਾਲਕਾਂ ਨੂੰ ਦਿੱਤੀਆਂ। ਪਸ਼ੂ ਆਹਾਰ ਵਿਭਾਗ ਨੇ ਪਸ਼ੂਆਂ ਦੇ ਸੁਚੱਜੇ ਖੁਰਾਕ ਪ੍ਰਬੰਧ ਲਈ ਕਈ ਨਵੀਆਂ ਤਕਨੀਕਾਂ ਜਿਵੇਂ ਬਾਈਪਾਸ ਫੈਟ, ਪਸ਼ੂ ਚਾਟ ਅਤੇ ਧਾਤਾਂ ਦਾ ਚੂਰਾ ਆਦਿ ਵਿਕਸਿਤ ਕੀਤੀਆਂ ਹਨ। ਪਸ਼ੂ ਆਹਾਰ ਤਿਆਰ ਕਰਨ ਵਾਸਤੇ ਪਸ਼ੂ ਪਾਲਕਾਂ ਨੂੰ ਸੰਤੁਲਿਤ ਮਿਕਦਾਰ ਬਾਰੇ ਵੀ ਦੱਸਿਆ ਗਿਆ। ਪਸ਼ੂ ਪ੍ਰਜਣਨ ਵਿਭਾਗ ਨੇ ਪਸ਼ੂਆਂ ਦੇ ਨਾ ਠਹਿਰਣ, ਵਾਰ ਵਾਰ ਫਿਰ ਜਾਣ ਆਦਿ ਵਰਗੀਆਂ ਉਲਝਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਸਮੱਸਿਆਵਾਂ ’ਤੇ ਕਾਬੂ ਪਾਉਣ ਵਾਸਤੇ ਜਾਗਰੂਕ ਕੀਤਾ। ਮਸਨੂਈ ਗਰਭਦਾਨ ਦੇ ਫਾਇਦਿਆਂ ਬਾਰੇ ਵੀ ਕਿਸਾਨਾਂ ਨੂੰ ਦੱਸਿਆ ਗਿਆ। ਫਿਸ਼ਰੀਜ ਕਾਲਜ, ਵੱਲੋਂ ਵੱਖ-ਵੱਖ ਕਿਸਮਾਂ ਦੀਆਂ ਪਾਲਣਯੋਗ ਮੱਛੀਆਂ ਜਿਵੇਂ ਕਿ ਕਾਰਪ ਮੱਛੀ, ਕੈਟ ਮੱਛੀ, ਝੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ ਦੁੱਧ ਦੀ ਗੁਣਵੱਤਾ ਵਧਾ ਕੇ ਮਿੱਠੀ ਤੇ ਨਮਕੀਨ ਲੱਸੀ, ਦੁੱਧ, ਪਨੀਰ, ਬਰਫੀ ਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ। ਯੂਨੀਵਰਸਿਟੀ ਦੇ ਵਨ ਹੈਲਥ ਕੇਂਦਰ ਨੇ ਲੋਕਾਂ ਨੂੰ ਅਤੇ ਪਾਲਤੂ ਜਾਨਵਰ ਰੱਖਣ ਵਾਲੇ ਮਾਲਕਾਂ ਨੂੰ ਪਸ਼ੂਆਂ ਤੋਂ ਜਾਨਵਰਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਬਾਰੇ ਜਾਗਰੂਕ ਕੀਤਾ। ਪਸ਼ੂਆਂ ਦੀ ਸਿਹਤ ਸਮੱਸਿਆਵਾਂ ਲਈ ਕੰਮ ਕਰਦੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦੇ ਮਾਹਿਰਾਂ ਨੇ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਉਹ ਕਿਸੇ ਵੀ ਤਰ੍ਹਾਂ ਦੀ ਸਕੈਨਿੰਗ, ਅਪਰੇਸ਼ਨ ਸਬੰਧੀ, ਕਲੀਨੀਕਲ ਜਾਂ ਦਵਾਈ ਸਬੰਧੀ ਜਾਂਚ ਕਰਵਾ ਸਕਦੇ ਹਨ। ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ‘ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਿਫਾਰਿਸ਼ਾਂ’, ਮਹੀਨੇਵਾਰ ਰਸਾਲਾ ‘ਵਿਗਿਆਨਕ ਪਸ਼ੂ ਪਾਲਣ’ ਵੀ ਕਿਸਾਨਾਂ ਦੀ ਖਿੱਚ ਦਾ ਕੇਂਦਰ ਰਹੇ। ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗਾਂ, ਦਵਾਈਆਂ, ਮਸ਼ੀਨਰੀ, ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮਿਆਂ ਤੇ ਯੂਨੀਵਰਸਿਟੀ ਨਾਲ ਜੁੜ ਕੇ ਕੰਮ ਕਰ ਰਹੀਆਂ ਜਥੇਬੰਦੀਆਂ ਦੇ ਵੱਡੀ ਗਿਣਤੀ ਵਿੱਚ ਸਟਾਲ ਲੱਗੇ ਹੋਏ ਸਨ। ਯੂਨੀਵਰਸਿਟੀ ਦੀ ਨਿਰਣਾਇਕ ਕਮੇਟੀ ਨੇ ਸਾਰੇ ਸਟਾਲਾਂ ਦਾ ਮੁਲਾਂਕਣ ਕੀਤਾ ਅਤੇ, ਉਦਯੋਗ ਸ਼੍ਰੇਣੀ ਵਿੱਚ ਵੈਨਸਨ ਟੈਕਨਾਲੋਜੀਜ਼ ਨੂੰ ਪਹਿਲਾ ਇਨਾਮ, ਅਸੀਸ ਫੀਡ ਨੂੰ ਦੂਜਾ ਇਨਾਮ, ਅਤੇ ਪ੍ਰੋਵੈਲਿਸ ਇੰਡੀਆ ਹੈਲਥ ਕੇਅਰ ਨੂੰ ਤੀਜਾ ਇਨਾਮ ਦਿੱਤਾ ਗਿਆ, ਜਦੋਂ ਕਿ ਓਲੰਪਿਕ ਓਵਰਸੀਜ਼ ਨੂੰ ਪ੍ਰਸ਼ੰਸਾ ਪੁਰਸਕਾਰ ਮਿਲਿਆ।ਯੂਨੀਵਰਸਿਟੀ ਸ਼੍ਰੇਣੀ ਵਿੱਚ, ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਕਾਲਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫਿਸ਼ਰੀਜ਼ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪਸ਼ੂਧਨ ਉਤਪਾਦ ਅਤੇ ਤਕਨਾਲੋਜੀ ਵਿਭਾਗ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ, ਅਤੇ ਟੀਚਿੰਗ ਵੈਟਰਨਰੀ ਕਲੀਨਿਕਲ ਕੰਪਲੈਕਸ ਨੂੰ ਪ੍ਰਸ਼ੰਸਾ ਪੁਰਸਕਾਰ ਪ੍ਰਾਪਤ ਹੋਇਆ। ਇਸ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਸਾਰੀਆਂ ਮੁਹਤਬਰ ਸ਼ਖ਼ਸੀਅਤਾਂ, ਡਾ. ਕੇਵਲ ਅਰੋੜਾ (ਸੇਵਾ ਮੁਕਤ ਅਧਿਕਾਰੀ, ਪਸ਼ੂ ਪਾਲਣ ਵਿਭਾਗ) ਅਤੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਡਾ.ਗਿੱਲ ਵੱਲੋਂ ਹਾਜ਼ਰੀਨ ਦਾ ਧੰਨਵਾਦ ਵੀ ਕੀਤਾ ਗਿਆ।