ਖੇਤੀਬਾੜੀ ਨੂੰ ਏਆਈ ਨਾਲ ਜੋੜਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ : ਭਗਵੰਤ ਮਾਨ
ਖੇਤੀਬਾੜੀ ਨੂੰ ਏਆਈ ਨਾਲ ਜੋੜਨ ਵਾਲਾ ਪੰਜਾਬ ਪਹਿਲਾ ਸੂਬਾ-ਭਗਵੰਤ ਮਾਨ
Publish Date: Fri, 20 Mar 2026 07:52 PM (IST)
Updated Date: Sat, 21 Mar 2026 04:13 AM (IST)

- ਪੀਏਯੂ ਦੇ ਦੋ ਰੋਜ਼ਾ ਕਿਸਾਨ ਮੇਲੇ ਦਾ ਸੀਐੱਮ ਮਾਨ ਨੇ ਕੀਤਾ ਉਦਘਾਟਨ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ, ਕੈਬਨਿਟ ਮੰਤਰੀ ਹਰਦੀਪ ਸਿੰਘ ਮੂੰਡੀਆਂ, ਪੀਏਯੂ ਦੇ ਵੀਸੀ ਡਾ. ਸਤਿਬੀਰ ਸਿੰਘ ਗੋਸਲ, ਵੈਟਰਨਰੀ ਯੂਨੀਵਰਸਿਟੀ ਦੇ ਵੀਸੀ ਡਾ. ਜੇਪੀਐੱਸ ਗਿੱਲ ਦੀ ਮੌਜੂਦਗੀ ’ਚ ਪੀਏਯੂ ਦੇ ਦੋ ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ ਕੀਤਾ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਖੇਤੀਬਾੜੀ ਨੂੰ ਏਆਈ ਨਾਲ ਜੋੜਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਮਾਨ ਨੇ ਕਿਹਾ ਕਿ ਇਸ ਨਾਲ ਕਿਸਾਨ ਜਾਣ ਸਕਦਾ ਹੈ ਕਿ ਕਿਸ ਬੂਟੇ ਨੂੰ ਕਿੰਨਾਂ ਪਾਣੀ ਦੇਣਾ ਹੈ। ਉਨ੍ਹਾਂ ਪੀਏਯੂ ਦੇ ਵੀਸੀ ਨੂੰ ਅਪੀਲ ਕੀਤੀ ਕਿ ਉਹ ਖੋਜ ਕਰਨ ਉਪਰੰਤ ਹੀ ਤਕਨੀਕ ਕਿਸਾਨ ਤੱਕ ਪਹੁੰਚਾਉਣ, ਕਿਉਂਕਿ ਕਿਸਾਨ ਨਹੀਂ ਚਾਹੁੰਦਾ ਕਿ ਉਸ ’ਤੇ ਤਜ਼ਰਬੇ ਕੀਤੇ ਜਾਣ। ਕਿਸਾਨ ਨੂੰ ਲੈਬੋਰਟਰੀ ਨਾ ਬਣਾਇਆ ਜਾਵੇ। ਮਾਨ ਨੇ ਕਿਹਾ ਕਿ ਪੀਏਯੂ ਕਿਸਾਨ ਦੀ ਰਾਜਧਾਨੀ ਹੈ। ਉਨ੍ਹਾਂ ਕਿਹਾ ਕਿ ਪੀਏਯੂ ਖੋਜ ਦਾ ਕੰਮ ਜਾਰੀ ਰੱਖੇ, ਫੰਡ ਦੀ ਕੋਈ ਵੀ ਕਮੀ ਨਹੀਂ ਆਵੇਗੀ। ਮਾਨ ਨੇ ਕਿਹਾ ਕਿ ਸਰਕਾਰ ਲਈ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਬੱਸ ਨੀਅਤ ਸਾਫ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਲੰਬੇ ਸਮੇਂ ਬਾਅਦ ਕੱਸੀਆਂ ’ਚ ਪਾਣੀ ਵੇਖਿਆ। ਨਜ਼ਰੀਏ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗਰੀਬ ਨੂੰ ਚੰਨ ਰੋਟੀ ਵਰਗਾ ਲੱਗਦੈ, ਜਦਕਿ ਅਮੀਰ ਨੂੰ ਪਿਜ਼ੇ ਵਰਗਾ। ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਨਣ ਲਈ ਉਨ੍ਹਾਂ ਕੋਲ ਜਾਣਾ ਪਵੇਗਾ। ਇਸ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਪੀਏਯੂ ਦੇ ਵੀਸੀ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨ ਮੇਲੇ ’ਚ ਹਿੱਸਾ ਲੈ ਰਹੇ ਪਤਵੰਤਿਆਂ, ਕਿਸਾਨਾਂ ਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਤੇ ਵਿਦਿਆਰਥੀ ਭਲਾਈ ਅਧਿਕਾਰੀ ਗੁਰਪ੍ਰੀਤ ਵਿਰਕ ਨੇ ਕੀਤਾ। ਪ੍ਰਧਾਨਗੀ ਮੰਡਲ ਨੇ ਪੀਏਯੂ ਦਾ ਖੇਤੀ ਸਾਹਿਤ ਲੋਕ ਅਰਪਿਤ ਕੀਤਾ। ਇਸ ਮੌਕੇ ਪੀਏਯੂ ਦੇ ਵੱਖ-ਵੱਖ ਵਿਭਾਗਾਂ, ਨਿੱਜੀ ਮਸ਼ੀਨਰੀ ਕੰਪਨੀਆਂ ਤੇ ਸਵੈ ਸੇਵੀ ਸੰਗਠਨਾਂ ਨੇ ਆਪਣੀਆਂ ਪ੍ਰਦਰਸ਼ਨੀਆਂ ਲਾਈਆਂ ਸਨ। ਕਿਸਾਨਾਂ ਨੇ ਖੇਤੀ ਨਾਲ ਸਬੰਧਤ ਸਵਾਲ ਮਾਹਿਰਾਂ ਕੋਲੋਂ ਪੁੱਛੇ। ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨੇ ਗਏ ਅਗਾਂਹਵਧੂ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀਏਯੂ ਦੇ ਕਿਸਾਨ ਮੇਲੇ ਦੌਰਾਨ ਪੰਜਾਬ ਦੀ ਅਗਾਂਹਵਧੂ ਤੇ ਵਿਗਿਆਨਕ ਖੇਤੀ ਨਾਲ ਜੁੜੇ ਪੰਜ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਨਾਲ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੂੰਦੜ ਸੈਣੀ ਦੇ ਜਸਵੰਤ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ, ਪਿੰਡ ਬਿਰੜਵਾਲ ਜ਼ਿਲ੍ਹਾ ਪਟਿਆਲਾ ਦੇ ਕਮਲਜੀਤ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ, ਪਿੰਡ ਚੱਕ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੰਦੀਪ ਸਿੰਘ ਨੂੰ ਸੀਆਰਆਈ ਪੰਪਸ ਪੁਰਸਕਾਰ ਨਾਲ, ਪਿੰਡ ਬੀਰਮਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੁਰਜੀਤ ਸਿੰਘ ਬਿੰਬ ਨੂੰ ਸੀਆਰਆਈ ਪੰਪਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।