ਕੈਬਨਿਟ ਮੰਤਰੀ ਖੁੱਡੀਆਂ ਵੱਲੋਂ ਵੈਟਰਨਰੀ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
ਲੋਕਲ ਪੰਨੇ ਲਈ ((ਪਸ਼ੂ ਪਾਲਣ ਮੇਲਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ)
Publish Date: Fri, 20 Mar 2026 07:52 PM (IST)
Updated Date: Fri, 20 Mar 2026 07:55 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ ਖੇਤੀਬਾੜੀ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰਾਸੈਸਿੰਗ ਦੁਆਰਾ ਕੀਤਾ ਗਿਆ। ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀਏਯੂ, ਡੀਨ, ਡਾਇਰੈਕਟਰ ਅਤੇ ਅਫਸਰਾਂ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ। ਪਤਵੰਤਿਆਂ ਨੇ ਡਾ. ਜਤਿੰਦਰਪਾਲ ਸਿੰਘ ਗਿੱਲ ਵੀਸੀ ਦੇ ਨਾਲ ’ਵਰਸਿਟੀ ਦੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ। ਖੁੱਡੀਆਂ ਮੇਲੇ ਦੇ ਵੱਖ-ਵੱਖ ਸਟਾਲਾਂ ’ਤੇ ਗਏ, ਉਨ੍ਹਾਂ ਨੇ ਪਸ਼ੂਧਨ ਕਿੱਤਿਆਂ ਸਬੰਧੀ ਅਤੇ ਬਿਹਤਰ ਨਸਲਾਂ ਬਾਰੇ ਜਾਨਣ ਲਈ ਵਿਸ਼ੇਸ਼ ਰੁਚੀ ਵਿਖਾਈ। ਉਨ੍ਹਾਂ ਕਿਹਾ ਕਿ ਡੇਅਰੀ ਦਾ ਕਿੱਤਾ ਪ੍ਰਤੀ ਦਿਨ ਆਮਦਨ ਦੇਣ ਵਾਲਾ ਕਿੱਤਾ ਹੈ। ਉਨ੍ਹਾਂ ਨੇ ਕਿਸਾਨਾਂ ਨਾਲ ਗੱਲਾਂ ਕੀਤੀਆਂ ਅਤੇ ਕਿਸਾਨੀ ਮੁੱਦਿਆਂ ਸਬੰਧੀ ਉਨ੍ਹਾਂ ਦੇ ਵਿਚਾਰ ਜਾਣੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਲਈ ਕਈ ਭਲਾਈ ਯੋਜਨਾਵਾਂ ਚਲਾ ਰਹੀ ਹੈ। ਕਿਸਾਨਾਂ ਨੂੰ ਉਨ੍ਹਾਂ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਬਿਹਤਰ ਆਮਦਨ ਵਾਸਤੇ ਆਪਣੇ ਖੇਤੀਬਾੜੀ ਅਤੇ ਪਸ਼ੂਧਨ ਉੱਦਮੀ ਕਿੱਤੇ ਸਥਾਪਿਤ ਕਰਨੇ ਚਾਹੀਦੇ ਹਨ। ਡਾ. ਜਤਿੰਦਰਪਾਲ ਸਿੰਘ ਗਿੱਲ ਵੀਸੀ ਨੇ ਜਾਣਕਾਰੀ ਦਿੱਤੀ ਕਿ ਇਸ ਵਾਰ ਦਾ ਮੇਲਾ ਪਸ਼ੂ ਪਾਲਣ ਰਵਾਇਤੀ ਤੋਂ ਵਿਸ਼ਵ ਪੱਧਰ ਤੱਕ ਵਿਸ਼ੇ ਨੂੰ ਆਧਾਰ ਬਣਾ ਕੇ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਅਸੀਂ ਆਪਣੇ ਰਵਾਇਤੀ ਅਤੇ ਪਰੰਪਰਾਗਤ ਢਾਂਚੇ ਦੀਆਂ ਖੂਬੀਆਂ ਨੂੰ ਨਾਲ ਲੈ ਕੇ ਆਲਮੀ ਸੋਚ, ਲੋੜਾਂ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਪਹੁੰਚ ਨੂੰ ਅਪਣਾਉਣ ਸਬੰਧੀ ਯਤਨਸ਼ੀਲ ਹਾਂ। ਉਨ੍ਹਾਂ ਨੇ ਕਿਸਾਨਾਂ ਨੂੰ ਵਿਗਿਆਨਕ ਵਿਧੀ ਨਾਲ ਪਸ਼ੂਧਨ ਕਿੱਤੇ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਾਡੇ ਲਈ ਹਰ ਕਿਸਾਨ ਬਰਾਬਰ ਦਾ ਮਹੱਤਵ ਰੱਖਦਾ ਹੈ ਇਸ ਲਈ ਸਾਡੀ ਸੰਸਥਾ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹਨ। ਮਾਰਚ ਅਤੇ ਸਤੰਬਰ ਦੇ ਮਹੀਨੇ, ਸਾਲ ਵਿੱਚ ਦੋ ਵਾਰ ਲਗਾਇਆ ਜਾਂਦਾ ਇਹ ਮੇਲਾ ਪਸ਼ੂ ਪਾਲਕਾਂ, ਵਿਗਿਆਨੀਆਂ, ਪਸਾਰ ਕਰਮਚਾਰੀਆਂ, ਡੇਅਰੀ ਅਫਸਰਾਂ, ਪਸ਼ੂ ਆਹਾਰ ਮਾਹਿਰਾਂ, ਮੱਛੀ ਪਾਲਣ ਅਧਿਕਾਰੀਆਂ ਅਤੇ ਪਸ਼ੂ ਇਲਾਜ ਅਤੇ ਤਕਨੀਕੀ ਸੰਦਾਂ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਨੂੰ ਇਕ ਸਾਂਝਾ ਮੰਚ ਮੁਹੱਈਆ ਕਰਦਾ ਹੈ। ਇਸ ਮੰਚ ’ਤੇ ਜਿੱਥੇ ਨਵੀਆਂ ਸੂਚਨਾਵਾਂ, ਤਕਨੀਕਾਂ ਅਤੇ ਨੀਤੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਉੱਥੇ ਕਈ ਤਰ੍ਹਾਂ ਦੇ ਤਜਰਬੇ ਵੀ ਵਿਚਾਰੇ ਜਾਂਦੇ ਹਨ। ਮੇਲੇ ਸਬੰਧੀ ਦੱਸਦਿਆਂ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਜਾਣਕਾਰੀ ਦਿੱਤੀ ਕਿ ਕਾਫੀ ਵੱਡੀ ਗਿਣਤੀ ਵਿੱਚ ਲੋਕ ਬੱਕਰੀ, ਸੂਰ ਤੇ ਮੱਛੀਆਂ ਪਾਲਣ ਦੇ ਕਿੱਤੇ ਅਪਣਾਉਣ ਸਬੰਧੀ ਗਿਆਨ ਲੈ ਰਹੇ ਸਨ। ਉਹ ਯੂਨੀਵਰਸਿਟੀ ਵੱਲੋਂ ਭਵਿੱਖ ਵਿੱਚ ਕਰਵਾਏ ਜਾ ਰਹੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਲੈਣ ਲਈ ਵੀ ਜਗਿਆਸੂ ਸਨ। ਯੂਨੀਵਰਸਿਟੀ ਵੱਲੋਂ ਪਸ਼ੂ ਪਾਲਕਾਂ ਲਈ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਪੁਸਤਕਾਂ ਜਿਵੇਂ ਡੇਅਰੀ ਫਾਰਮਿੰਗ, ਪਸ਼ੂਆਂ ਦੀ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਮੱਸਿਆਵਾਂ ਅਤੇ ਮਹੀਨਾਵਾਰ ਰਸਾਲੇ ‘ਵਿਗਿਆਨਕ ਪਸ਼ੂ ਪਾਲਣ’ ਨੂੰ ਵੀ ਪਸ਼ੂ ਪਾਲਕਾਂ ਅਤੇ ਨੌਜਵਾਨਾਂ ਨੇ ਬਹੁਤ ਪਸੰਦ ਕੀਤਾ। ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੁਲਤਾਂ ਅਤੇ ਵਿਸ਼ੇਸ਼ਤਾਵਾਂ ਬਾਰੇ ਪਰਚੇ ਵੀ ਵੰਡੇ ਗਏ। ਏਕੀਕ੍ਰਿਤ ਪਸ਼ੂ ਪਾਲਣ ਨੂੰ ਉਤਸਾਹਿਤ ਕਰਨ ਅਤੇ ਕਿਸਾਨਾਂ ਦਾ ਮੁਨਾਫ਼ਾ ਵਧਾਉਣ ਹਿਤ ਵਿਭਿੰਨ ਮਾਡਲ ਪ੍ਰਦਰਸ਼ਿਤ ਕੀਤੇ ਗਏ ਸਨ। ਯੂਨੀਵਰਸਿਟੀ ਦੇ ਮਿਆਰੀ ਪਸ਼ੂਧਨ ਨੂੰ, ਮੇਲੇ ਵਿੱਚ ਲੋਕਾਂ ਲਈ ਪ੍ਰਦਰਸ਼ਿਤ ਕੀਤਾ ਗਿਆ ਸੀ। ਕਿਸਾਨ ਬੜੇ ਉਤਸ਼ਾਹ ਨਾਲ ਇਨ੍ਹਾਂ ਸਬੰਧੀ ਜਾਣਕਾਰੀ ਲੈ ਰਹੇ ਸਨ ਅਤੇ ਚੰਗੇ ਪਸ਼ੂ ਰੱਖਣ ਦੀ ਰੁਚੀ ਜ਼ਾਹਰ ਕਰ ਰਹੇ ਸਨ। ਯੂਨੀਵਰਸਿਟੀ ਦੇ ਵੈਟਰਨਰੀ ਕਾਲਜ ਦੇ ਵਿਭਿੰਨ ਵਿਭਾਗਾਂ ਨੇ ਪਸ਼ੂ ਪਾਲਕਾਂ ਦੇ ਫਾਇਦੇ ਹਿੱਤ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਵਿਭਾਗਾਂ ਨੇ ਆਪਣੇ ਵੱਖ-ਵੱਖ ਸਟਾਲ ਲਗਾ ਕੇ ਪਸ਼ੂਆਂ ਦੀ ਹਰ ਉਲਝਣ ਤੇ ਰੋਸ਼ਨੀ ਪਾਈ।ਦੁੱਧ ਦੀ ਜਾਂਚ ਕਿੱਟ, ਲੇਵੇ ਦੀ ਸੋਜ ਤੋਂ ਬਚਾਉ ਕਿੱਟ, ਥਣਾਂ ਦੀ ਸੰਭਾਲ ਦੀ ਜਾਣਕਾਰੀ ਅਤੇ ਚਿੱਚੜਾਂ, ਮਲੱਪਾਂ ਤੋਂ ਬਚਾਅ ਵਾਸਤੇ ਵੀ ਪ੍ਰਦਰਸ਼ਨੀ ਲਾਈ ਗਈ ਸੀ, ਜਿਸ ਦਾ ਪਸ਼ੂ ਪਾਲਕਾਂ ਨੇ ਕਾਫੀ ਫਾਇਦਾ ਪ੍ਰਾਪਤ ਕੀਤਾ। ਯੂਨੀਵਰਸਿਟੀ ਦੇ ਫਿਸ਼ਰੀਜ ਕਾਲਜ ਨੇ ਜਿੱਥੇ ਕਾਰਪ ਮੱਛੀਆਂ ਅਤੇ ਸਜਾਵਟੀ ਮੱਛੀਆਂ ਦਾ ਪ੍ਰਦਰਸ਼ਨ ਕੀਤਾ, ਉੱਥੇ ਉਨ੍ਹਾਂ ਨੇ ਖਾਰੇ ਪਾਣੀ ਵਿੱਚ ਮੱਛੀ ਪਾਲਣ ਅਤੇ ਝੀਂਗਾ ਪਾਲਣ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ। ਡਕਵੀਡ ਅਤੇ ਅਜ਼ੋਲਾ ਨੂੰ ਮੱਛੀ ਦੀ ਫੀਡ ਅਤੇ ਪਸ਼ੂ ਆਹਾਰ ਦੇ ਤੌਰ ਤੇ ਕਿਵੇਂ ਵਰਤਿਆ ਜਾ ਸਕਦਾ ਹੈ ਉਸ ਸਬੰਧੀ ਉਨ੍ਹਾਂ ਨੂੰ ਪੂਰਨ ਜਾਣਕਾਰੀ ਦਿੱਤੀ ਗਈ।ਕਾਲਜ ਨੇ ਕੁਦਰਤ ਪ੍ਰੇਮੀਆਂ ਲਈ ਸਜਾਵਟੀ ਮੱਛੀ ਲਈ ਪੱਥਰ ਅਤੇ ਬੂਟਿਆਂ ਨਾਲ ਤਿਆਰ ਕੀਤੇ ਤਲਾਬ ਦਾ ਪ੍ਰਦਰਸ਼ਨ ਕੀਤਾ। ਜਲ-ਪੌਦਿਆਂ (ਡਕਵੀਡ ਅਤੇ ਅਜ਼ੋਲਾ) ਨਾਲ ਤਿਆਰ ਕੀਤੇ ਸਜਾਵਟੀ ਬੂਟਿਆਂ ਲਈ ਪ੍ਰਭਾਵੀ ਅਤੇ ਸੁਵਿਧਾਜਨਕ ਪੌਸ਼ਟਿਕ ਤੱਤਾਂ ਨਾਲ ਭਰਪੂਰ ਖਾਦ ਸਟਿਕਸ ਵੀ ਬਾਗ ਪ੍ਰੇਮੀਆਂ ਲਈ ਪੇਸ਼ ਕੀਤੇ ਗਏ ਸਨ, ਮਿੱਟੀ ਵਿੱਚ ਪਾਉਣ ਤੋਂ ਬਾਅਦ, ਇਹ 60 ਦਿਨਾਂ ਤੋਂ ਵੱਧ ਸਮੇਂ ਲਈ ਆਪਣੇ ਪੌਸ਼ਟਿਕ ਤੱਤ ਛੱਡਦਾ ਹੈ। ਪਸ਼ੂ ਆਹਾਰ ਵਿਭਾਗ ਵੱਲੋਂ ਤਿਆਰ ਕੀਤੇ ਗਏ ਇਲਾਕਾ ਆਧਾਰਿਤ ਧਾਤਾਂ ਦੇ ਮਿਸ਼ਰਣ, ਬਾਈ-ਪਾਸ ਫੈਟ ਅਤੇ ਪਸ਼ੂ ਚਾਟ ਸਬੰਧੀ ਪਸ਼ੂ ਪਾਲਕ ਵਿਸ਼ੇਸ਼ ਖਿੱਚ ਰੱਖਦੇ ਸਨ। ਉਨ੍ਹਾਂ ਵੱਡੀ ਮਾਤਰਾ ਵਿੱਚ ਇਨ੍ਹਾਂ ਪਦਾਰਥਾਂ ਨੂੰ ਖਰੀਦਣ ਵਿਚ ਰੁਚੀ ਵਿਖਾਈ। ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਦੇ ਡੇਅਰੀ ਪਲਾਂਟ ਵਿੱਚ ਤਿਆਰ ਕੀਤੀ ਭਿੰਨ-ਭਿੰਨ ਤਰ੍ਹਾਂ ਦੀ ਮਿੱਠੀ ਅਤੇ ਨਮਕੀਨ ਲੱਸੀ, ਦੁੱਧ, ਪਨੀਰ, ਢੋਡਾ ਬਰਫੀ, ਅਤੇ ਹੋਰ ਕਈ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਮੇਲੇ ਵਿੱਚ ਆਏ ਲੋਕਾਂ ਨੇ ਇਸ ਦਾ ਭਰਪੂਰ ਆਨੰਦ ਮਾਣਿਆ। ਕਾਲਜ ਨੇ ਹੱਥ ਨਾਲ ਬਣਿਆ ਬੱਕਰੀ ਦੇ ਦੁੱਧ ਵਾਲਾ ਸਾਬਣ ਪੇਸ਼ ਕੀਤਾ ਅਤੇ ਬੱਕਰੀ ਪਨੀਰ ਅਤੇ ਮੋਜ਼ੇਰੇਲਾ ਪਨੀਰ ਦੀ ਨਵੀਂ ਪ੍ਰੀਮੀਅਮ ਪੈਕੇਜਿੰਗ ਵੀ ਪੇਸ਼ ਕੀਤੀ ਗਈ। ਸਾਫ਼ ਦੁੱਧ ਪ੍ਰਤੀ ਜਾਗਰੂਕਤਾ ਲਈ ਇੱਕ ਲੂਡੋ ਗੇਮ ਵੀ ਲੋਕ ਅਰਪਣ ਕੀਤੀ ਗਈ। ਪਸ਼ੂਧਨ ਉਤਪਾਦ ਵਿਭਾਗ ਵੱਲੋਂ ਤਿਆਰ ਕੀਤੇ ਗਏ ਉਤਪਾਦ ਜਿਵੇਂ ਮੀਟ ਦੀਆਂ ਪੈਟੀਆਂ, ਮੀਟ ਤੇ ਆਂਡਿਆਂ ਦਾ ਆਚਾਰ ਖਰੀਦਣ ਅਤੇ ਉਨ੍ਹਾਂ ਨੂੰ ਬਣਾਉੇਣ ਦੀਆਂ ਵਿਧੀਆਂ ਜਾਨਣ ਲਈ ਵੀ ਜਗਿਆਸਾ ਜ਼ਾਹਰ ਕੀਤੀ। ਇਸ ਵਿਭਾਗ ਨੇ ਮੀਟ ਕਟਲੈਟ ਅਤੇ ਹੋਰ ਕਈ ਵਸਤਾਂ ਪੇਸ਼ ਕੀਤੀਆਂ ਸਨ। ਇਸ ਵਿਭਾਗ ਨੇ ਨਵੇਂ ਵਿਕਸਤ ਦੋ ਨਵੀਨਕਾਰੀ ਉਤਪਾਦ, ਕੋਰ-3 ਐਨਰਜੀ ਡਿਲਾਈਟ ਅਤੇ ਜੀ-ਈ-ਐੱਮ ਬਾਲ ਪੇਸ਼ ਕੀਤੇ। ਇਹ ਉਤਪਾਦ ਆਂਡੇ, ਦੁੱਧ ਅਤੇ ਬਾਜਰੇ ਦੇ ਵਿਲੱਖਣ ਸੁਮੇਲ ਨਾਲ ਵਿਕਸਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਉੱਚ ਪ੍ਰੋਟੀਨ ਅਤੇ ਫਾਈਬਰ ਹੈ। ਮਾਹਿਰਾਂ ਨੇ ਦੱਸਿਆ ਕਿ ਇਸ ਕਿੱਤੇ ਨੂੰ ਸ਼ੁਰੂ ਕਰਨ ਲਈ ਯੂਨੀਵਰਸਿਟੀ ਨਾਲ ਰਾਬਤਾ ਰੱਖ ਕੇ ਸਿਖਲਾਈ ਵੀ ਲੈ ਸਕਦੇ ਹਨ। ਯੂਨੀਵਰਸਿਟੀ ਦੇ ਵੱਖੋ ਵੱਖਰੇ ਵਿਭਾਗ, ਮਿਲਕਫੈੱਡ, ਦਵਾਈਆਂ, ਟੀਕਿਆਂ ਦੀਆਂ ਫਰਮਾਂ ਅਤੇ ਦੁੱਧ ਪ੍ਰਾਸੈਸਿੰਗ ਮਸ਼ੀਨਰੀ ਵਾਲੀਆਂ ਕੰਪਨੀਆਂ ਨੇ ਆਪਣੇ ਸਟਾਲ ਲਗਾਏ ਹੋਏ ਸਨ। ਯੂਨੀਵਰਸਿਟੀ ਦੀ ਦੇਖ-ਰੇਖ ਵਿੱਚ ਸਥਾਪਿਤ ਜਥੇਬੰਦੀਆਂ ਨੇ ਵੀ ਆਪਣੇ ਸਟਾਲ ਲਗਾ ਕੇ ਨਵੇਂ ਮੈਂਬਰਾਂ ਦੀ ਭਰਤੀ ਕੀਤੀ। ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੇ ਪੂਰੇ ਆਨੰਦ ਨਾਲ ਮੇਲੇ ਨੂੰ ਵੇਖਿਆ। ਪਸ਼ੂ ਪਾਲਕਾਂ ਨੇ ਮੇਲੇ ਵਿੱਚ ਭਰਵੀਂ ਹਾਜ਼ਰੀ ਲਗਵਾਈ, ਜਿਸ ਨਾਲ ਪਸ਼ੂ ਪਾਲਣ ਦੇ ਧੰਦਿਆਂ ਨੂੰ ਅਪਣਾਉਣ ਦੀ ਕਿਸਾਨਾਂ ਦੀ ਰੁਚੀ ਦਾ ਪਤਾ ਲੱਗਦਾ ਹੈ। ਮੇਲਾ 21 ਮਾਰਚ ਨੂੰ ਵੀ ਜਾਰੀ ਰਹੇਗਾ।