ਸਿਹਤ ਵਿਭਾਗ ਵੱਲੋਂ ਖਾਦ ਸੁਰੱਖਿਆ ਵੈਨ ਮੁਹਿੰਮ ਦੀ ਸ਼ੁਰੂਆਤ, ਮਿਲਾਵਟ ਖ਼ਿਲਾਫ਼ ਵੱਡਾ ਕਦਮ
ਸਿਹਤ ਵਿਭਾਗ ਵੱਲੋਂ ਖਾਦ ਸੁਰੱਖਿਆ ਵੈਨ ਮੁਹਿੰਮ ਦੀ ਸ਼ੁਰੂਆਤ – ਮਿਲਾਵਟ ਖ਼ਿਲਾਫ਼ ਵੱਡਾ ਕਦਮ
Publish Date: Thu, 19 Mar 2026 06:49 PM (IST)
Updated Date: Fri, 20 Mar 2026 04:13 AM (IST)

* ਜ਼ਿਲ੍ਹੇ ਦੇ 30 ਸਥਾਨਾਂ ‘ਤੇ ਪਹੁੰਚੇਗੀ ਵੈਨ; ਸਿਰਫ 50 ਰੁਪਏ ’ਚ ਖੁਰਾਕ ਦੀ ਜਾਂਚ ਸਹੂਲਤ ਉਪਲਬਧ ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ : ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਡਾ. ਜ਼ਿਲ੍ਹਾ ਟੀਬੀ ਅਫਸਰ ਅਸੀਸ ਚਾਵਲਾ ਦੀ ਅਗਵਾਈ ਹੇਠ ਲੋਕਾਂ ਨੂੰ ਸੁਰੱਖਿਅਤ ਤੇ ਮਿਲਾਵਟ ਰਹਿਤ ਖੁਰਾਕ ਪ੍ਰਦਾਨ ਕਰਨ ਲਈ ਖਾਦ ਸੁਰੱਖਿਆ ਵੈਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਮੁਹਿੰਮ ਲੋਕਾਂ ਦੇ ਦਰਵਾਜ਼ੇ ਤੱਕ ਖੁਰਾਕ ਦੀ ਜਾਂਚ ਸਹੂਲਤ ਪਹੁੰਚਾਉਣ ਦੇ ਨਾਲ-ਨਾਲ ਖੁਰਾਕ ਸੁਰੱਖਿਆ ਤੇ ਸਫ਼ਾਈ ਬਾਰੇ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਕੀਤੀ ਗਈ ਹੈ, ਜੋ ਕਿ ਫੂਡ ਸੇਫਟੀ ਤੇ ਸਟੈਂਡਰਡ ਅਥਾਰਿਟੀ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਹੈ। ਖੁਰਾਕ ’ਚ ਮਿਲਾਵਟ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਮੁਹਿੰਮ ਲੋਕ ਸਿਹਤ ਦੀ ਰੱਖਿਆ ਵੱਲ ਇੱਕ ਅਹਿਮ ਕਦਮ ਹੈ। ਇਹ ਵੈਨ ਆਧੁਨਿਕ ਪ੍ਰਾਰੰਭਿਕ ਜਾਂਚ ਸਹੂਲਤਾਂ ਨਾਲ ਲੈਸ ਹੈ, ਖੁਰਾਕ ਵਿੱਚ ਮਿਲਾਵਟ ਦੀ ਮੌਕੇ ‘ਤੇ ਹੀ ਜਾਂਚ ਕੀਤੀ ਜਾ ਸਕਦੀ ਹੈ। ਲੋਕ ਆਪਣੇ ਖਾਣ-ਪੀਣ ਦੇ ਸੈਂਪਲ ਸਿਰਫ਼ 50 ਰੁਪਏ ਦੀ ਨਾਮਾਤਰ ਫੀਸ ਦੇ ਕੇ ਚੈਕ ਕਰਵਾ ਸਕਦੇ ਹਨ।ਇਸ ਮੌਕੇ ‘ਤੇ ਡਾ. ਚਾਵਲਾ ਨੇ ਕਿਹਾ ਕਿ ਖੁਰਾਕ ਵਿੱਚ ਮਿਲਾਵਟ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਹੈ ਅਤੇ ਇਹ ਮੁਹਿੰਮ ਮਿਲਾਵਟ ਦੀ ਪਹਿਚਾਣ, ਰੋਕਥਾਮ ਅਤੇ ਜਾਗਰੂਕਤਾ ਵਧਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ। ਇਸ ਮੁਹਿੰਮ ਦੌਰਾਨ ਸਕੂਲਾਂ ਵਿੱਚ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਵੀ ਕਰਵਾਏ ਜਾਣਗੇ ਤਾਂ ਜੋ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਖੁਰਾਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਭ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ, ਆਪਣੇ ਖੁਰਾਕ ਦੇ ਨਮੂਨੇ ਚੈਕ ਕਰਵਾਉਣ। ਕਿਹੜੇ ਦਿਨ ਕਿਹੜੇ ਇਲਾਕਿਆਂ ’ਚ ਜਾਵੇਗੀ ਖਾਦ ਜਾਂਚ ਸੁਰੱਖਿਆ ਵੈਨ ਜਾਣਕਾਰੀ ਦਿੰਦੇ ਹੋਏ ਜਿਲਾ ਟੀਬੀ ਅਧਿਕਾਰੀ ਡਾਕਟਰ ਅਸੀਸ ਚਾਵਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਤੈਅ ਕੀਤੇ ਗਏ ਸ਼ਡਿਊਲ ਅਨੁਸਾਰ ਇਹ ਵੈਨ 20 ਮਾਰਚ 2026 ਨੂੰ ਮਾਡਲ ਟਾਊਨ (ਗੋਲ ਮਾਰਕੀਟ), 24 ਮਾਰਚ ਨੂੰ ਸਰਾਭਾ ਨਗਰ, 25 ਮਾਰਚ ਨੂੰ ਪੀਏਯੂ ਅਗਰ ਨਗਰ (ਰਘੁਨਾਥ ਹਸਪਤਾਲ), 27 ਮਾਰਚ ਨੂੰ ਮੋਤੀ ਨਗਰ, 28 ਮਾਰਚ ਨੂੰ ਪੀਐਸ 1, 2, 3 (ਕਲਾਕ ਟਾਵਰ ਨੇੜੇ), 1 ਅਪ੍ਰੈਲ ਨੂੰ ਜੋਧੇਵਾਲ, 2 ਅਪ੍ਰੈਲ ਨੂੰ ਸਲੇਮ ਟਾਬਰੀ, 4 ਅਪ੍ਰੈਲ ਨੂੰ ਲਾਡੋਵਾਲ (ਸਕੂਲ ਟ੍ਰੇਨਿੰਗ), 6 ਅਪ੍ਰੈਲ ਨੂੰ ਖੰਨਾ (ਸਕੂਲ ਟ੍ਰੇਨਿੰਗ), 7 ਅਪ੍ਰੈਲ ਨੂੰ ਪਾਇਲ (ਸਕੂਲ ਟ੍ਰੇਨਿੰਗ), 9 ਅਪ੍ਰੈਲ ਨੂੰ ਸਮਰਾਲਾ (ਸਕੂਲ ਟ੍ਰੇਨਿੰਗ), 10 ਅਪ੍ਰੈਲ ਨੂੰ ਦੋਰਾਹਾ, 11 ਅਪ੍ਰੈਲ ਨੂੰ ਮਾਛੀਵਾੜਾ ਸਾਹਿਬ (ਸਕੂਲ ਟ੍ਰੇਨਿੰਗ), 13 ਅਪ੍ਰੈਲ ਨੂੰ ਮਲੌਦ (ਸਕੂਲ ਟ੍ਰੇਨਿੰਗ), 15 ਅਪ੍ਰੈਲ ਨੂੰ ਸ਼ਿਮਲਾਪੁਰੀ, 16 ਅਪ੍ਰੈਲ ਨੂੰ ਫੋਕਲ ਪਾਇੰਟ, 17 ਅਪ੍ਰੈਲ ਨੂੰ ਸਾਹਨੇਵਾਲ, 18 ਅਪ੍ਰੈਲ ਨੂੰ ਕੂੰਮ ਕਲਾਂ, 20 ਅਪ੍ਰੈਲ ਨੂੰ ਸਦਰ, 21 ਅਪ੍ਰੈਲ ਨੂੰ ਡਾਬਾ ਅਤੇ ਲੋਹਾਰਾ, 22 ਅਪ੍ਰੈਲ ਨੂੰ ਜਗਰਾਓਂ, 23 ਅਪ੍ਰੈਲ ਨੂੰ ਰਾਏਕੋਟ, 24 ਅਪ੍ਰੈਲ ਨੂੰ ਦਾਖਾ, 25 ਅਪ੍ਰੈਲ ਨੂੰ ਹਠੂਰ (ਸਕੂਲ ਟ੍ਰੇਨਿੰਗ), 27 ਅਪ੍ਰੈਲ ਨੂੰ ਸਿੱਧਵਾਂ ਬੇਟ, 28 ਅਪ੍ਰੈਲ ਨੂੰ ਜੋਧਾਂ, 29 ਅਪ੍ਰੈਲ ਨੂੰ ਸੁਧਾਰ ਪਹੁੰਚੇਗੀ।