ਕੰਗਣਵਾਲ ‘ਚ ਕਰੋੜਾਂ ਦੀ ਜ਼ਮੀਨ ‘ਤੇ ਵਿਵਾਦ, ਜਾਲਸਾਜ਼ੀ ਦੇ ਦੋਸ਼, ਜਾਂਚ ਏਡੀਸੀਪੀ ਨੂੰ ਸੌਂਪੀ
ਕੰਗਣਵਾਲ ‘ਚ ਕਰੋੜਾਂ ਦੀ ਜ਼ਮੀਨ ‘ਤੇ ਵਿਵਾਦ, ਜਾਲਸਾਜ਼ੀ ਦੇ ਦੋਸ਼—ਪੁਲਿਸ ਜਾਂਚ ਏਡੀਸੀਪੀ ਨੂੰ ਸੌਂਪੀ
Publish Date: Wed, 18 Mar 2026 07:32 PM (IST)
Updated Date: Thu, 19 Mar 2026 04:10 AM (IST)

ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਕੰਗਣਵਾਲ ਪਿੰਡ ਵਿੱਚ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਲੈ ਕੇ ਵੱਡਾ ਵਿਵਾਦ ਸਾਹਮਣੇ ਆਇਆ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਕੁਝ ਵਿਅਕਤੀਆਂ ਨੇ ਜਾਲੀ ਦਸਤਾਵੇਜ਼ ਤਿਆਰ ਕਰਕੇ ਉਸ ਦੀ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਜ਼ਮੀਨ ਸਾਲ 2011 ਵਿੱਚ ਖਰੀਦੀ ਸੀ। ਉਸਦੇ ਮੁਤਾਬਕ ਉਕਤ ਵਿਅਕਤੀਆਂ ਨੇ ਉਸ ਦੀ ਜ਼ਮੀਨ ਦੇ ਨਕਲੀ ਕਾਗਜ਼ ਬਣਾਕੇ ਗੈਰਕਾਨੂੰਨੀ ਤਰੀਕੇ ਨਾਲ ਵੇਚਣ ਲਈ ਸੌਦਾ ਵੀ ਕਰ ਲਿਆ। ਉਸ ਨੇ ਹੋਰ ਦੱਸਿਆ ਕਿ 24 ਫਰਵਰੀ 2026 ਨੂੰ ਉਸ ਦੀ ਜ਼ਮੀਨ ‘ਤੇ ਲੱਗਿਆ ਬਿਜਲੀ ਮੀਟਰ, ਜੋ ਉਸਦੇ ਪੁੱਤਰ ਦੇ ਨਾਮ ‘ਤੇ ਸੀ, ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ। ਇਸ ਸਬੰਧੀ ਉਸ ਨੇ ਪੀਐਸਪੀਸੀਐਲ ਵਿਭਾਗ ਨੂੰ ਵੀ ਜਾਣਕਾਰੀ ਦਿੱਤੀ। ਅਮਰਜੀਤ ਸਿੰਘ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ‘ਤੇ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਏਡੀਸੀਪੀ ਕਰਣਵੀਰ ਸਿੰਘ ਨੂੰ ਸੌਂਪੀ ਗਈ ਹੈ। ਸ਼ਿਕਾਇਤਕਰਤਾ ਨੂੰ ਉਮੀਦ ਹੈ ਕਿ ਪੁਲਿਸ ਵੱਲੋਂ ਨਿਰਪੱਖ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ, ਬਲਰਾਜ ਸਿੰਘ, ਜਿਸ ‘ਤੇ ਦੋਸ਼ ਲਗੇ ਹਨ, ਨੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਸ ਨੇ ਕਿਹਾ ਕਿ ਉਸ ਨੇ 1995 ਵਿੱਚ ਮੇਲਾ ਸਿੰਘ ਤੋਂ 2 ਏਕੜ ਜ਼ਮੀਨ ਖਰੀਦੀ ਸੀ ਅਤੇ ਉਸ ਵਿੱਚੋਂ 1 ਏਕੜ ਅੱਗੇ 7 ਲੋਕਾਂ ਨੂੰ ਵੇਚ ਦਿੱਤੀ ਸੀ। ਉਸਦਾ ਕਹਿਣਾ ਹੈ ਕਿ ਉਹ ਇੱਕ ਅਨਪੜ੍ਹ ਕਿਸਾਨ ਹੈ ਅਤੇ ਗਲਤ ਵਸੀਕਾ ਨੰਬਰ ਦਰਜ ਹੋਣ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਇਸ ਸਾਰੇ ਮਾਮਲੇ ਦੀ ਪੜਤਾਲ ਤੋਂ ਬਾਅਦ ਸਾਫ ਹੋ ਸਕੇਗਾ ਕਿ ਆਖਿਰਕਾਰ ਇਹ ਜਮੀਨ ਕਿਸਦੀ ਹੈ।