ਕੰਸਟਰੱਕਸ਼ਨ ਵਰਕਰਜ਼ ਯੂਨੀਅਨ ਨੇ ਕੀਤੀ ਸੂਬਾ ਪੱਧਰੀ ਬੈਠਕ
ਕੰਸਟਰੱਕਸ਼ਨ ਵਰਕਰਜ਼ ਯੂਨੀਅਨ ਵੱਲੋਂ ਕੀਤੀ ਗਈ ਸੂਬਾ ਪੱਧਰੀ ਬੈਠਕ
Publish Date: Wed, 18 Mar 2026 06:41 PM (IST)
Updated Date: Thu, 19 Mar 2026 04:07 AM (IST)

ਪੰਜਾਬੀ ਜਾਗਰਣ ਟੀਮ, ਲੁਧਿਆਣਾ : ਲੇਬਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਤੇ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵੈੱਲਫੇਅਰ ਬੋਰਡ ਦੇ ਸਕੱਤਰ ਵੱਲੋਂ ਬੋਰਡ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਬਿਨਾਂ ਕਿਰਤੀਆਂ ਦੀ ਭਲਾਈ ਦੀ ਬਜਾਏ, ਉਨ੍ਹਾਂ ਖਿਲਾਫ਼ ‘ਆਪ’ ਹੁਦਰੇ ਲਏ ਜਾ ਰਹੇ ਫੈਸਲਿਆਂ ਦਾ ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਪੰਜਾਬ ਨੇ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਕਿਰਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਖ਼ਿਲਾਫ਼ ਸੂਬਾ ਪੱਧਰੀ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਯੂਨੀਅਨ ਦੀ ਆਨਲਾਈਨ ਹੋਈ ਸੂਬਾ ਪੱਧਰੀ ਹੰਗਾਮੀ ਬੈਠਕ ’ਚ ਲਏ ਗਏ ਫੈਸਲੇ ਸਬੰਧੀ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਸੁਖਦੇਵ ਸ਼ਰਮਾ, ਪ੍ਰਧਾਨ ਬੋਹੜ ਸਿੰਘ ਸੁਖਨਾ, ਮੀਤ ਪ੍ਰਧਾਨ ਇਕਬਾਲ ਸਿੰਘ ਤਖਾਣਵੱਧ, ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਅਤੇ ਏਟਕ ਦੇ ਜਥੇਬੰਦਕ ਸਕੱਤਰ ਮਨਿੰਦਰ ਸਿੰਘ ਭਾਟੀਆ ਨੇ ਦੱਸਿਆ ਹੈ ਕਿ ਕਿਰਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਬੋਰਡ ਵਿੱਚ ਨਿਯੁਕਤ ਕੀਤੇ ਹੋਏ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਨਵੇਂ ਨਿਯਮ ਬਣਾ ਕੇ ਕਥਿਤ ਤੌਰ ਤੇ ਆਪ ਹੁਦਰਾ ਸ਼ਾਹੀ ਫ਼ਰਮਾਨ ਜਾਰੀ ਕਰਦਿਆਂ ਫੈਸਲੇ ਲਏ ਜਾ ਰਹੇ ਹਨ, ਜੋ ਕਿ ਕਿਸੇ ਵੀ ਤਰ੍ਹਾਂ ਕਿਰਤੀਆਂ ਦੇ ਹੱਕ ਵਿੱਚ ਭੁਗਤਦੇ ਨਜ਼ਰ ਨਹੀਂ ਆ ਰਹੇ। ਇਸ ਕਰਕੇ ਯੂਨੀਅਨ ਵੱਲੋਂ ਪ੍ਰਿੰਸੀਪਲ ਸਕੱਤਰ ਖਿਲਾਫ਼ 27 ਮਾਰਚ ਨੂੰ ਮੁਹਾਲੀ ਸਥਿਤ ਕਿਰਤ ਭਵਨ ਸਾਹਮਣੇ ਸੂਬਾ ਪੱਧਰੀ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਆਗੂਆਂ ਨੇ ਅੱਗੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਐਕਸ ਗਰੇਸ਼ੀਅਆ ਸਕੀਮ ਨੂੰ ਮਨਜ਼ੂਰੀ ਨਾ ਦੇਣਾ,ਐਲਟੀਸੀ ਨੂੰ ਲਗਭਗ ਖਤਮ ਕਰਨ ਕਿਨਾਰੇ ਲੈ ਕੇ ਆਉਣਾ,ਸਰਜਰੀ ਦੇ ਬਕਾਇਆ ਰਕਮ ਨੂੰ ਸਿਹਤ ਬੀਮਾ ਨਾਲ ਜੋੜ ਕੇ ਕਿਰਤੀਆਂ ਨੂੰ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਕਰਨਾ, ਦੇਸ਼ ਨੂੰ ਉਸਾਰਨ ਵਿੱਚ ਜ਼ਿੰਦਗੀ ਭਰ ਆਪਣੀਆਂ ਸਵਾਵਾਂ ਦੇਣ ਵਾਲੇ ਕਿਰਤੀਆਂ ਨੂੰ ਪੈਨਸ਼ਨ ਦੇਣ ਲਈ ਵੱਖ-ਵੱਖ ਸਮਾਂ ਸ੍ਰੇਣੀਆਂ ਵਿੱਚ ਵੰਡ ਕੇ ਪੈਨਸ਼ਨ ਨੂੰ ਘਟਾ ਕੇ ਦੇਣ ਦਾ ਫੈਸਲਾ ਕਰਨਾ ਕਿਰਤੀਆਂ ਤੇ ਵੱਡਾ ਆਰਥਿਕ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੂਬਾ ਪੱਧਰੀ ਹੋਈ ਮੀਟਿੰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਣਜੀਤ ਸਿੰਘ, ਤਰਨ ਤਾਰਨ ਤੋਂ ਗੁਰਦਿਆਲ ਸਿੰਘ ਖੰਡੂਰ ਸਾਹਿਬ, ਮੋਗਾ ਤੋਂ ਇਕਬਾਲ ਤਖਾਣਵੱਧ,ਡਾਕਟਰ ਇੰਦਰਬੀਰ ਗਿੱਲ,ਪਟਿਆਲਾ ਤੋਂ ਕਸ਼ਮੀਰ ਸਿੰਘ ਗਦਾਈਆ, ਸੰਗਰੂਰ ਤੋਂ ਲੀਲੇ ਖਾਂ, ਪ੍ਰਦੀਪ ਚੀਮਾ,ਬਰਨਾਲਾ ਤੋਂ ਖੁਸ਼ਿਆ ਸਿੰਘ, ਫਰੀਦਕੋਟ ਤੋਂ ਚਰਨਜੀਤ ਸਿੰਘ ਚਮੇਲੀ ਫਿਰੋਜ਼ਪੁਰ ਤੋਂ ਚਰਨਜੀਤ ਛਾਂਗਾਰਾਏ, ਫਾਜ਼ਿਲਕਾ ਤੋਂ ਜੰਮੂਰਾਮ ਬਨ ਵਾਲਾ ਅਤੇ ਸੋਨਾ ਸਿੰਘ ਧੁਨਕੀਆਂ ਹਾਜ਼ਰ ਹੋਏ।