ਕਿਸਾਨਾਂ -ਮਜ਼ਦੂਰਾਂ ਦਾ ਦੂਜੇ ਦਿਨ ਵੀ ਰਿਹਾ ਰੋਸ ਧਰਨਾ ਜਾਰੀ

ਸੁਖਦੇਵ ਸਲੇਮਪੁਰੀ,ਪੰਜਾਬੀ ਜਾਗਰਣ,
ਲੁਧਿਆਣਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਅਤੇ ਦਸਮੇਸ਼ ਕਿਸਾਨ - ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਲਾਢੋਵਾਲ ਸਥਿਤ ਲੁਧਿਆਣਾ-ਅੰਮ੍ਰਿਤਸਰ ਹਾਈਵੇ ’ਤੇ ਰੋਸ ਧਰਨਾ ਸ਼ੁਰੂ ਕੀਤਾ ਗਿਆ ਹੈ ਜੋ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ 12 ਵਜੇ ਤੋਂ ਸ਼ਾਮ 3 ਵਜੇ ਤੱਕ ਟੋਲ ਪਲਾਜ਼ਾ ਫਰੀ ਕਰਨ ਦਾ ਜੋ ਫ਼ੈਸਲਾ ਕੀਤਾ ਗਿਆ ਸੀ, ਪ੍ਰਸ਼ਾਸਨ ਵੱਲੋਂ ਮੰਗਾਂ ਪੂਰੀਆਂ ਕਰਨ ਲਈ ਭਰੋਸੇ ਦੇਣ ’ਤੇ ਮੁਲਤਵੀ ਕਰ ਦਿੱਤਾ ਸੀ।ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਹੈ ਕਿ ਕੱਲ੍ਹ 16 ਮਾਰਚ ਨੂੰ ਸਵੇਰੇ ਤੋਂ ਸਤਲੁਜ ਕੰਢੇ ਵਸੀ ਸਸਰਾਲੀ ਕਾਲੋਨੀ ਲਾਗੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪ੍ਰਾਜੈਕਟ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੱਲ੍ਹ 16 ਮਾਰਚ ਤੋਂ ਸਤਲੁਜ ਦਾ ਧੁੱਸੀ ਬੰਨ੍ਹ ਜਿਥੋਂ ਟੁੱਟਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ,ਨੂੰ ਮੁੜ ਮਜ਼ਬੂਤ ਕਰਨ ਲਈ ਕੰਮ ਨਾ ਸ਼ੁਰੂ ਕੀਤਾ ਗਿਆ ਤਾਂ ਉਕਤ ਮਿਤੀ ਨੂੰ ਬਾਅਦ ਦੁਪਹਿਰ ਇੱਕ ਵਜੇ ਤੋਂ ਟੋਲ ਪਲਾਜ਼ਾ ਆਉਣ-ਜਾਣ ਵਾਲੇ ਵਾਹਨਾਂ ਚਾਲਕਾਂ ਲਈ ਮੁਕਤ ਕਰ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਦੇ ਕੰਢੇ ਵਸੇ ਸਸਰਾਲੀ ਕਾਲੋਨੀ ਲਾਗੇ ਪਿਛਲੇ ਸਾਲ ਧੁੱਸੀ ਬੰਨ੍ਹ ਕੰਮਜ਼ੋਰ ਹੋਣ ਕਰਕੇ ਟੁੱਟ ਗਿਆ ਸੀ, ਜੋ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਾਬੂ ਕੀਤਾ ਗਿਆ, ਪਰ ਸਰਕਾਰ ਨੇ ਲੱਗਭੱਗ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਧੁੱਸੀ ਬੰਨ੍ਹ ਮਜ਼ਬੂਤ ਨਹੀਂ ਕੀਤਾ ਜਿਸ ਕਰਕੇ ਲਾਗਲੇ ਪਿੰਡਾਂ ਉਪਰ ਹਰ ਵੇਲੇ ਸੰਭਾਵੀ ਹੜ੍ਹ ਦੇ ਕਾਲੇ ਬੱਦਲ ਮੰਡਰਾਅ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਲੁਧਿਆਣਾ ਤੋਂ ਰਾਹੋਂ ਨੂੰ ਜਾ ਰਹੀ ਸੜਕ ਉਪਰ ਖੂਹ ਬਣ ਚੁੱਕੇ ਹਨ, ਪਰ ਪੰਜਾਬ ਸਰਕਾਰ ਸੜਕ ਬਣਾਉਣ ਲਈ ਕੋਈ ਵੀ ਉੱਦਮ ਨਹੀਂ ਕਰ ਰਹੀ ।ਉਹਨਾਂ ਅੱਗੇ ਕਿਹਾ ਕਿ ਜਦੋਂ ਤੱਕ ਸਸਰਾਲੀ ਕਾਲੋਨੀ ਲਾਗੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਰਾਹੋਂ ਰੋਡ ਬਣਾਉਣ ਲਈ ਪੰਜਾਬ ਸਰਕਾਰ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਟੋਲ ਪਲਾਜ਼ਾ ’ਤੇ ਰੋਸ ਧਰਨਾ ਜਾਰੀ ਰਹੇਗਾ। ਇਸ ਮੌਕੇ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਤਲਵੰਡੀ ਅਤੇ ਜਸਦੇਵ ਸਿੰਘ ਲਲਤੋਂ ਨੇ ਸੰਬੋਧਨ ਕਰਦਿਆਂ ਕਿਹਾ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਹੋਇਆ ਹੈ। ਇਸ ਮੌਕੇ ਵਰ੍ਹਦੇ ਮੀਂਹ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ।ਇਸ ਮੌਕੇ ਅਮਨਦੀਪ ਸਿੰਘ ਬੈਂਸ, ਸੁਖਦੇਵ ਸਿੰਘ ਮੰਗਲੀ, ਕਸ਼ਮੀਰ ਸਿੰਘ ਮੰਗਲੀ, ਗੁਰਮੁੱਖ ਸਿੰਘ ਹਲਕਾ ਪ੍ਰਧਾਨ, ਗੁਰਮੀਤ ਸਿੰਘ ਮੰਗਲੀ, ਕੁਲਦੀਪ ਸਿੰਘ ਮੰਗਲੀ, ਸਤਨਾਮ ਸਿੰਘ ਮੰਗਲੀ, ਹਰਜਿੰਦਰ ਸਿੰਘ ਚੌਹਾਨ, ਭੋਲਾ ਸਿੰਘ, ਮੀਆਂ ਜੀ ਮਿਹਰਬਾਨ, ਸੁਰਿੰਦਰ ਸਿੰਘ ਪਵਾਰ ਪ੍ਰਧਾਨ ਹਲਕਾ ਲਾਢੋਵਾਲ, ਦਿਲਜੀਤ ਸਿੰਘ ਬਲੀਪੁਰ, ਪ੍ਰੀਤਮ ਸਿੰਘ, ਮੋਹਨ ਸਿੰਘ ਅਤੇ ਗੁਰਮੀਤ ਸਿੰਘ ਹਾਜ਼ਰ ਸਨ ।
--