ਰਾਮਗੜ੍ਹੀਆ ਗਰਲਜ਼ ਕਾਲਜ ’ਚ ਕਰਵਾਈ ‘ਧੂਮ ਫੇਟ-2026’ ਐਲੂਮਨੀ ਮੀਟ
ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ ‘ਧੂਮ ਫੇਟ 2026’ ਨਾਲ ਕਰਵਾਈ ਐਲੂਮਨੀ ਮੀਟ
Publish Date: Sat, 14 Mar 2026 10:37 PM (IST)
Updated Date: Sun, 15 Mar 2026 04:19 AM (IST)

ਫੋਟੋ 36, 37, 38 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ‘ਧੂਮ ਫੇਟ 2026’ ਐਲੂਮਨੀ ਮੀਟ ਕਰਵਾਈ ਗਈ। ਇਸ ਸਮਾਗਮ ’ਚ ਜੀਐੱਸ ਰੇਡੀਏਟਰਜ਼ ਦੇ ਐੱਮਡੀ ਰਜਿੰਦਰ ਕੌਰ ਨੇ ਮੁੱਖ ਮਹਿਮਾਨ ਤੇ ਰਾਮਗੜ੍ਹੀਆ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਸਾਬਕਾ ਪ੍ਰਿੰਸੀਪਲ ਕੰਵਲਜੀਤ ਕੌਰ ਕਲਸੀ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਦਾ ਕਾਲਜ ਪੁੱਜਣ ਤੇ ਪ੍ਰਿੰਸੀਪਲ ਡਾ. ਅਜੀਤ ਕੌਰ, ਐਲੂਮਨੀ ਐਸੋਸੀਏਸ਼ਨ ਦੇ ਸੈਕਟਰੀ ਪ੍ਰੋਫੈਸਰ ਨੀਰੂ ਖੁਰਾਨਾ ਤੇ ਪ੍ਰਬੰਧਕ ਪ੍ਰੋਫੈਸਰ ਰਤਨਦੀਪ ਸਿੰਘ ਚਾਵਲਾ ਨੇ ਨਿੱਘਾ ਸਵਾਗਤ ਕੀਤਾ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਵੀ ਉਚੇਚੇ ਤੌਰ ਤੇ ਸਮਾਗਮ ਵਿੱਚ ਪਹੁੰਚੇ। ਪ੍ਰੋਗਰਾਮ ਦਾ ਆਰੰਭ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ। ਕਾਲਜ ਤੋਂ ਪੜ੍ਹ ਕੇ ਜਾ ਚੁੱਕੀਆਂ ਸਾਬਕਾ ਵਿਦਿਆਰਥਣਾਂ ਲਈ ਇਹ ਇੱਕ ਖ਼ਾਸ ਮੌਕਾ ਸੀ ਜਦੋਂ ਉਹ ਆਪਣੀਆਂ ਪੁਰਾਣੀਆਂ ਸਹੇਲੀਆਂ ਤੇ ਅਧਿਆਪਕ ਸਹਿਬਾਨ ਨੂੰ ਆ ਕੇ ਮਿਲੀਆਂ, ਉਨ੍ਹਾਂ ਮਿਲ ਕੇ ਕਾਲਜ ਵਿਖੇ ਬਿਤਾਏ ਪਲਾਂ ਦੀ ਪੁਰਾਣੀਆਂ ਯਾਦਾਂ ਨੂੰ ਤਰੋਤਾਜ਼ਾ ਕੀਤਾ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹੋਏ ਕਿਹਾ ਕਿ ਸਾਡੇ ਬੀਤੇ ਸਾਲਾਂ ਦੇ ਸਫ਼ਰ ਨੂੰ ਕਾਮਯਾਬ ਬਣਾਉਣ ਲਈ ਇਨ੍ਹਾਂ ਵਿਦਿਆਰਥਣਾਂ ਦਾ ਭਰਪੂਰ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕਾਲਜ ਦੀਆਂ ਪੁਰਾਣੀਆਂ ਵਿਦਿਆਥਣਾਂ ਨੂੰ ਮਿਲਕੇ ਸਾਡੀ ਖ਼ੁਸ਼ੀ ਹੋਰ ਵੀ ਦੁੱਗਣੀ ਹੋ ਰਹੀ ਹੈ। ਇਸ ਸੰਸਥਾ ਵਿੱਚ 1982 ’ਚ ਪੜ੍ਹਾਈ ਕਰਨ ਵਾਲੇ ਕਵਲਜੀਤ ਕੌਰ ਕਲਸੀ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਵਿਕਾਸ ਪਿੱਛੇ ਉਸ ਦੇ ਕਾਲਜ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਫਲਤਾ ਦਾ ਸਿਹਰਾ ਆਪਣੇ ਕਾਲਜ ਨੂੰ ਦਿੱਤਾ। ਸਾਬਕਾ ਵਿਦਿਆਰਥਣਾਂ ਨੇ ਆਪਣੇ ਭਾਵ ਪ੍ਰਗਟ ਕਰਦਿਆਂ ਕਿਹਾ ਕਿ ਜ਼ਿੰਦਗੀ ਚ ਸਫਲ ਹੋਣ ਲਈ ਅਧਿਆਪਕਾਂ ਦੁਆਰਾ ਦਿਖਾਏ ਗਏ ਰਸਤੇ ਅਤੇ ਦਿੱਤੀ ਸਿੱਖਿਆ ਕਰਕੇ ਅੱਜ ਉਹ ਸਫਲ ਤੇ ਖ਼ੁਸ਼ ਹਨ। ਕਾਲਜ ਦੀਆਂ ਇਹ ਵਿਦਿਆਰਥਣਾਂ ਹੁਣ ਥਿਏਟਰ, ਸਿਨੇਮਾ ਬੈਂਕਿੰਗ, ਹੋਟਲ ਇੰਡਸਟਰੀ ਤੇ ਅਧਿਆਪਨ ਆਦਿ ਵੱਖ-ਵੱਖ ਖੇਤਰਾਂ ’ਚ ਖ਼ੂਬ ਨਾਮ ਕਮਾ ਰਹੀਆਂ ਹਨ। ਐਲੂਮਨੀ ਮੀਟ ਵਿੱਚ ਪਹੁੰਚੀਆਂ ਵਿਦਿਆਰਥਣਾਂ ਨੂੰ ਕਾਲਜ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਸੇਵਾ ਮੁਕਤ ਪ੍ਰਿੰਸੀਪਲ ਜਸਪਾਲ ਕੌਰ, ਪ੍ਰਿੰਸੀਪਲ ਗੁਣਵੰਤ ਕੌਰ ਵੀ ਉਚੇਚੇ ਤੌਰ ਤੇ ਪਹੁੰਚੇ ਜਿਨਾਂ ਨੂੰ ਕਾਲਜ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਨਾਲ ਸਾਰਿਆਂ ਦਾ ਮਨ ਮੋਹ ਲਿਆ। ਅੰਤ ਵਿੱਚ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਪਹੁੰਚੇ ਮਹਿਮਾਨਾਂ ਤੇ ਵਿਦਿਆਰਥਣਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ’ਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਦੇ ਰਹਾਂਗੇ। ਇਸ ਮੌਕੇ ਕਾਲਜ ਵਿਖੇ ਧੂਮ ਫੇਟ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਮਹਿੰਦੀ, ਟੈਟੂ, ਨੇਲ ਆਰ, ਹਾਰ ਸ਼ਿੰਗਾਰ ਦਾ ਸਮਾਨ, ਗੀਤ ਸੰਗੀਤ ਤੇ ਖਾਣ-ਪੀਣ ਦੇ ਸਮਾਨ ਅਤੇ ਵੱਖ ਵੱਖ ਕਿਸਮ ਦੀਆਂ ਰੋਚਕ ਖੇਡਾਂ ਸੰਬੰਧੀ ਸਟਾਲ ਲਗਾਏ ਗਏ, ਜਿਨ੍ਹਾਂ ਦਾ ਵਿਦਿਆਰਥਣਾਂ ਦੇ ਖ਼ੂਬ ਅਨੰਦ ਮਾਣਿਆ। ਇਸ ਮੌਕੇ ਪੁਰਾਣੀਆਂ ਵਿਦਿਆਰਥਣਾਂ ਦੇ 50 ਲੱਕੀ ਡਰਾਅ ਕੱਡੇ ਗਏ।