- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾਵਾਂ ਨੂੰ ਇੱਕ ਹਜਾਰ ਰੁਪਏ ਦੇਣ ਦਾ ਐਲਾਨ ਸੂਬਾ ਸਰਕਾਰ ਵੱਲੋਂ ਵੱਡਾ ਧੋਖਾ

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਪੇਸ਼ ਕੀਤੇ ਗਏ ਪੰਜਵੇਂ ਅਤੇ ਆਖਰੀ ਬਜਟ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਜਿੱਥੇ ਤਿੱਖੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ ਉੱਥੇ ਭਾਜਪਾ ਦੇ ਕਈ ਆਗੂਆਂ ਨੇ ਇਸ ਬਜਟ ਨੂੰ ਲੋਕਾਂ ਨਾਲ ਕੀਤਾ ਗਿਆ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਆਪਣੇ ਮੁੱਖ ਚੋਣੀ ਵਾਅਦੇ ਪੂਰੇ ਕਰਨ ’ਚ ਅਸਫਲ ਰਹੀ ਹੈ।
ਬਕਾਇਆ ਵੀ ਦੇਣ ਦਾ ਐਲਾਨ ਕਰ ਕੇ ਸਰਕਾਰ ਵਾਅਦਾ ਕਰੇ ਪੂਰਾ : ਸੀਮਾ ਸ਼ਰਮਾ
ਭਾਜਪਾ ਦੀ ਮਹਿਲਾ ਆਗੂ ਸੀਮਾ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਮਹਿਲਾਵਾਂ ਦੀ ਭਲਾਈ ਲਈ ਵੱਡੇ-ਵੱਡੇ ਦਾਅਵੇ ਤਾਂ ਕੀਤੇ ਪਰ ਹਕੀਕਤ ਵਿੱਚ ਮਹਿਲਾਵਾਂ ਨੂੰ ਕੋਈ ਵੱਡੀ ਰਾਹਤ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਮਹਿਲਾਵਾਂ ਦੀ ਭਲਾਈ ਚਾਹੁੰਦੀ ਹੈ ਤਾਂ ਚੋਣਾਂ ਸਮੇਂ ਕੀਤੇ ਵਾਅਦੇ ਅਨੁਸਾਰ ਔਰਤਾਂ ਨੂੰ ਪਿਛਲੇ ਚਾਰ ਸਾਲ ਦਾ ਬਕਾਇਆ 48,000 ਰੁਪਏ ਵੀ ਦੇਣ ਦਾ ਐਲਾਨ ਕਰਕੇ ਅਪਣਾ ਵਾਅਦਾ ਪੂਰਾ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਹਿਲਾਵਾਂ ਦੇ ਨਾਮ ’ਤੇ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ।
ਸਰਕਾਰ ਦਾ ਇਹ ਬਜਟ ਨਿਰਾਸ਼ਾਜਨਕ : ਪ੍ਰਭਜੋਤ ਕੌਰ
ਭਾਜਪਾ ਦੀ ਸਾਬਕਾ ਮਹਿਲਾ ਕੌਂਸਲਰ ਪ੍ਰਭਜੋਤ ਕੌਰ ਨੇ ਕਿਹਾ ਕਿ ਸਰਕਾਰ ਦਾ ਇਹ ਬਜਟ ਨਿਰਾਸ਼ਾਜਨਕ ਹੈ ਅਤੇ ਇਸ ਵਿੱਚ ਆਮ ਲੋਕਾਂ ਲਈ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਅਪਣੇ ਕਾਰਜਕਾਲ ਦੇ ਆਖਰੀ ਅਤੇ ਪੰਜਵੇਂ ਸਾਲ ਦੇ ਬਜਟ ਵਿੱਚ ਔਰਤਾਂ ਨੂੰ ਇੱਕ ਹਜਾਰ ਰੁਪਏ ਦੇਣ ਦਾ ਐਲਾਨ ਕਰਕੇ ਰਾਜਨੀਤਕ ਕਾਰਡ ਖੇਡਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਸਮਝਦਾਰ ਅਤੇ ਜਾਗਰੂਕ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੂਬਾ ਸਰਕਾਰ ਔਰਤਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਗੱਲ ਕਰਦੀ ਹੈ ਤਾਂ ਉਹ ਇੱਕ ਹਜਾਰ ਰੁਪਏ ਦੇਣ ਤੋਂ ਪਹਿਲਾਂ ਔਰਤਾਂ ਦੇ ਖਾਤੇ ਵਿੱਚ 48,000 ਰੁਪਏ ਜਰੂਰ ਪਾਊਣ।
ਔਰਤਾਂ ਤੇ ਆਮ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਬਜਟ : ਰਾਸ਼ੀ ਅਗਰਵਾਲ
ਭਾਜਪਾ ਦੀ ਉੱਘੀ ਨੇਤਰੀ ਰਾਸ਼ੀ ਅੱਗਰਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਵਾਂ ਅਤੇ ਆਖਰੀ ਬਜਟ ਵੀ ਔਰਤਾਂ ਅਤੇ ਆਮ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਕੇ ਲਈਆਂ ਵੋਟਾਂ ਦਾ ਜਿੰਨ ਵੀ ਝੂਠ ਦਾ ਪੁਲੰਦਾ ਨਿਕਲਿਆ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੋਕੇ ਪੰਜਵੇਂ ਬਜਟ ਵਿੱਚ ਔਰਤਾਂ ਨੂੰ ਇੱਕ ਹਜਾਰ ਰੁਪਏ ਮਹੀਨਾ ਦੇਣ ਦੀ ਗੱਲ ਔਰਤਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮਹਿਲਾਵਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸਦਾ ਜਵਾਬ ਵੀ ਦੇਣਗੀਆਂ।
ਸਰਕਾਰ ਵਾਅਦੇ ਪੁਗਾ ਕੇ ਲੋਕਾਂ ਦਾ ਭਰੋਸਾ ਰੱਖੇ ਕਾਇਮ : ਪ੍ਰਭਜੋਤ ਸ਼ਰਮਾ
ਪ੍ਰਭਜੋਤ ਸ਼ਰਮਾ ਨੇ ਕਿਹਾ ਕਿ ਰਾਜਨੀਤਕ ਆਗੂਆਂ ਵੱਲੋਂ ਰਾਜਨੀਤਕ ਫਾਇਦੇ ਲਈ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਜੁਮਲੇ ਨਹੀਂ ਹੋਣੇ ਚਾਹੀਦੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰਕੇ ਲੋਕਾਂ ਦਾ ਭਰੋਸਾ ਕਾਇਮ ਰੱਖੇ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਵੱਲੋਂ ਚੋਣਾਂ ਦੌਰਾਨ ਔਰਤਾਂ ਨੂੰ ਹਰ ਮਹੀਨੇ ਇੱਕ ਹਜਾਰ ਰੁਪਏ ਦੇਣ ਦੇ ਵਾਅਦੇ ਨੂੰ ਪੰਜਵੇਂ, ਆਖਰੀ ਸਾਲ ਵਿੱਚ ਪੂਰਾ ਕਰਨਾ ਔਰਤਾਂ ਨਾਲ ਵੱਡਾ ਧੋਖਾ ਹੈ। ਸੂਬਾ ਸਰਕਾਰ ਨੂੰ ਔਰਤਾਂ ਨਾਲ ਕੀਤੇ ਵਾਅਦੇ ਦਾ ਬਕਾਇਆ 48,000 ਰੁਪਏ ਵੀ ਦੇਣਾ ਚਾਹੀਦਾ ਹੈ।
ਸਰਕਾਰ ਝੂਠੇ ਵਾਅਦੇ ਤਕ ਰਹੀ ਸੀਮਿਤ : ਸੁਨੀਲ ਮੌਦਗਿੱਲ
ਭਾਜਪਾ ਆਗੂ ਸੁਨੀਲ ਮੌਦਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਵੱਡੇ ਵਾਅਦੇ ਕਰਕੇ ਪੰਜਾਬ ਦੀਆਂ ਮਹਿਲਾਵਾਂ ਦੀਆਂ ਉਮੀਦਾਂ ਨਾਲ ਖੇਡਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਪੰਜਵੇਂ ਅਤੇ ਆਖਰੀ ਬਜਟ ਵਿੱਚ ਵੀ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕਰਕੇ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਦੇ ਬਕਾਏ ਵਾਰੇ ਕੋਈ ਐਲਾਨ ਨਾ ਕਰਨਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਸਿਰਫ਼ ਝੂਠੇ ਵਾਅਦੇ ਕਰਨ ਤੱਕ ਹੀ ਸੀਮਿਤ ਰਹੀ ਹੈ।
ਰੰਗਲੇ ਪੰਜਾਬ ਦੇ ਸੁਪਨੇ ਅਧੂਰੇ ਹੀ ਰਹਿ ਗਏ : ਨਰਿੰਦਰ ਸਿੰਘ ਮੱਲ੍ਹੀ
ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਰੰਗਲਾ ਪੰਜਾਬ ਬਨਾਉਣ ਦੇ ਸੁਪਨੇ ਵਿਖਾਏ ਸਨ, ਪਰ ਹੁਣ ਜਦੋਂ ਸਰਕਾਰ ਆਪਣਾ ਕਾਰਜਕਾਲ ਖ਼ਤਮ ਕਰਨ ਵੱਲ ਵਧ ਰਹੀ ਹੈ ਤਾਂ ਉਹ ਰੰਗਲੇ ਪੰਜਾਬ ਦੇ ਸੁਪਨੇ ਅਧੂਰੇ ਹੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਸੱਚਮੁੱਚ ਔਰਤਾਂ ਦੀ ਭਲਾਈ ਚਾਹੁੰਦੀ ਸੀ ਤਾਂ 1000 ਰੁਪਏ ਮਹੀਨਾ ਦੇਣ ਵਾਲੇ ਇਸ ਵਾਅਦੇ ਨੂੰ ਪਹਿਲੇ ਸਾਲ ਵਿੱਚ ਹੀ ਪੂਰਾ ਕਰਨਾ ਚਾਹੀਦਾ ਸੀ।
ਸਰਕਾਰ ਦੇ ਚੋਣ ਸਟੰਟ ਤੋਂ ਔਰਤਾਂ ਭਲੀਭਾਂਤ ਜਾਣੂ : ਜੀਵਨ ਗੁਪਤਾ
ਭਾਜਪਾ ਆਗੂ ਜੀਵਨ ਗੁਪਤਾ ਨੇ ਕਿਹਾ ਕਿ ਇਹ ਬਜਟ ਸਿਰਫ਼ ਕਾਗਜ਼ੀ ਐਲਾਨਾਂ ਦਾ ਪੁਲੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਦੀਆਂ ਆਸਾਂ ‘ਤੇ ਖਰਾ ਉਤਰਣ ਦੀ ਬਜਾਏ ਸਿਰਫ਼ ਇਸ਼ਤਿਹਾਰਬਾਜ਼ੀ ‘ਤੇ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਪਿਛਲੇ 48,000 ਰੁਪਏ ਦੇਣ ਦੀ ਜਗ੍ਹਾ ਪੰਜਵੇਂ ਸਾਲ ਵਿੱਚ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਕਰਨ ਦੀ ਗੱਲ ਸਪਸ਼ਟ ਉਦਾਹਰਨ ਹੈ ਕਿ ਇਹ ਐਲਾਨ ਵੀ ਭਗਵੰਤ ਮਾਨ ਸਰਕਾਰ ਦਾ ਚੋਣ ਸਟੰਟ ਹੈ ਜਿਸ ਤੋਂ ਅੱਜ ਦੀ ਔਰਤ ਭਲੀਭਾਂਤ ਜਾਣੂ ਹੈ।
ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਭੁਲਾਏ : ਜਸਪ੍ਰੀਤ ਸਿੰਘ ਹੌਬੀ
ਭਾਜਪਾ ਆਗੂ ਜਸਪ੍ਰੀਤ ਸਿੰਘ ਹੌਬੀ ਨੇ ਵੀ ਕਿਹਾ ਕਿ ਇਹ ਬਜਟ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਭੁਲਾ ਦਿੱਤਾ ਹੈ ਅਤੇ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਸਨ, ਜਿਸ ਕਾਰਨ ਕਈ ਲੋਕਾਂ ਨੇ ਉਨ੍ਹਾਂ ‘ਤੇ ਭਰੋਸਾ ਕੀਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਮੌਜੂਦ ਸਰਕਾਰ ਨੂੰ ਇਹ ਦਾ ਖਮਿਆਜ਼ਾ ਜਰੂਰ ਭੁਗਤਣਾ ਪਵੇਗਾ।