ਸਵਦੇਸ਼ੀ ਮੇਲੇ ’ਚ ਦੇਸ਼-ਵਿਦੇਸ਼ ਤੋਂ ਲੱਖਾਂ-ਕਰੋੜਾਂ ਰੁਪਏ ਦੇ ਆਰਡਰਾਂ ਦੀ ਚਰਚਾ
ਸਵਦੇਸ਼ੀ ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ-ਕਰੋੜਾਂ ਦੇ ਆਰਡਰਾਂ ਦੀ ਚਰਚਾ
Publish Date: Fri, 06 Mar 2026 06:35 PM (IST)
Updated Date: Fri, 06 Mar 2026 06:39 PM (IST)

- ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਭਵਿੱਖ ਲਈ ਕੀਤਾ ਪ੍ਰੇਰਿਤ : ਗੋਸ਼ਾ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਸਵਦੇਸ਼ੀ ਮੇਲੇ ਦੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਗੋਸ਼ਾ ਨੇ ਮੇਲੇ ਦੀ ਸਫਲਤਾ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲਾ ਗਰਾਊਂਡ ਵਿੱਚ ਕਰਵਾਏ ਸਵਦੇਸ਼ੀ ਮੇਲੇ ਨੇ ਇਸ ਸਾਲ ਵੀ ਰਿਕਾਡਤੋੜ ਸਫਲਤਾ ਹਾਸਲ ਕੀਤੀ। ਉਨ੍ਹਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਾਰੀਗਰਾਂ, ਉਦਯੋਗਪਤੀਆਂ ਅਤੇ ਸਵਦੇਸ਼ੀ ਉਤਪਾਦ ਨਿਰਮਾਤਾਵਾਂ ਨੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ, ਜਿਸ ਨਾਲ ਮੇਲੇ ਵਿੱਚ ਪਹੁੰਚੇ ਹਜ਼ਾਰਾਂ ਦਰਸ਼ਕਾਂ ਨੂੰ ਭਾਰਤੀ ਪਰੰਪਰਾ ਤੇ ਸਵਦੇਸ਼ੀ ਉਤਪਾਦਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ। ਗੋਸ਼ਾ ਨੇ ਕਿਹਾ ਕਿ ਮੇਲੇ ਦੌਰਾਨ ਹੱਥਕਲਾ, ਖਾਦੀ ਦੇ ਕੱਪੜੇ, ਆਯੁਰਵੇਦਿਕ ਉਤਪਾਦ, ਜੈਵਿਕ ਖਾਦ ਸਮੱਗਰੀ, ਪਰੰਪਰਾਗਤ ਖਿਡੌਣੇ ਅਤੇ ਘਰੇਲੂ ਵਰਤੋਂ ਦੀਆਂ ਸਵਦੇਸ਼ੀ ਵਸਤਾਂ ਵਾਲੀਆਂ ਸਟਾਲਾਂ ’ਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਵੱਡੀ ਗਿਣਤੀ ਵਿੱਚ ਲੋਕਾਂ ਨੇ ਸਵਦੇਸ਼ੀ ਉਤਪਾਦਾਂ ਦੀ ਖਰੀਦਦਾਰੀ ਕੀਤੀ, ਜਿਸ ਨਾਲ ਕਾਰੀਗਰਾਂ ਤੇ ਛੋਟੇ ਉਦਯੋਗਪਤੀਆਂ ਨੂੰ ਆਰਥਿਕ ਤੌਰ ’ਤੇ ਵੱਡਾ ਲਾਭ ਹੋਇਆ। ਮੇਲੇ ਦੌਰਾਨ ਕਰੋੜਾਂ ਰੁਪਏ ਦੇ ਕਾਰੋਬਾਰ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਮੇਲੇ ਵਿੱਚ ਸਿਰਫ ਵਪਾਰ ਹੀ ਨਹੀਂ, ਸੰਸਕ੍ਰਿਤਿਕ ਤੇ ਸਮਾਜਿਕ ਸਰਗਰਮੀਆਂ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ। ‘ਹੁਨਰ ਪੰਜਾਬ ਦਾ’ ਵਰਗੇ ਸੰਸਕ੍ਰਿਤਿਕ ਪ੍ਰੋਗਰਾਮਾਂ, ਗੱਤਕਾ ਪ੍ਰਦਰਸ਼ਨ, ਕਿਸਾਨੀ ਚਰਚਾ, ਮਹਿਲਾ ਦਿਵਸ, ਵਪਾਰੀ ਸੰਮੇਲਨ, ਨਸ਼ਿਆਂ ਖ਼ਿਲਾਫ਼ ਸੰਮੇਲਨ, ਪਰੰਪਰਾਗਤ ਖੇਡਾਂ ਅਤੇ ਬੱਚਿਆਂ ਦੇ ਹੁਨਰਮੰਦ ਪ੍ਰਦਰਸ਼ਨਾਂ ਨੇ ਪ੍ਰੋਗਰਾਮ ਨੂੰ ਹੋਰ ਵੀ ਰੰਗੀਨ ਬਣਾਇਆ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮਕਸਦ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਅਤੇ ਛੋਟੇ ਉਦਯੋਗਪਤੀਆਂ ਤੇ ਕਾਰੀਗਰਾਂ ਨੂੰ ਇੱਕ ਮਜ਼ਬੂਤ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਵਦੇਸ਼ੀ ਨੂੰ ਅਪਣਾਉਣ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਅਤੇ ਸਵੈਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ। ਗੋਸ਼ਾ ਨੇ ਕਿਹਾ ਕਿ ਇਸ ਮੇਲੇ ਵਿੱਚ ਪੰਜਾਬ ਦੇ ਹੋਜ਼ਰੀ ਉਦਯੋਗ ਅਤੇ ਸਾਈਕਲ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਅਤੇ ਕਾਰੀਗਰਾਂ ਦੇ ਆਪਸੀ ਸੰਬੰਧ ਹੋਰ ਮਜ਼ਬੂਤ ਹੋਏ ਹਨ। ਨਾਲ ਹੀ ਦੇਸ਼-ਵਿਦੇਸ਼ ਤੋਂ ਲੱਖਾਂ-ਕਰੋੜਾਂ ਰੁਪਏ ਦੇ ਆਰਡਰ ਮਿਲਣ ਦੀ ਚਰਚਾ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਭਵਿੱਖ ਲਈ ਨਵੀਂ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਲੋਕਾਂ ਦੀ ਵੱਡੀ ਭਾਗੀਦਾਰੀ ਇਹ ਦਰਸਾਉਂਦੀ ਹੈ ਕਿ ਸਮਾਜ ਵਿੱਚ ਸਵਦੇਸ਼ੀ ਪ੍ਰਤੀ ਜਾਗਰੂਕਤਾ ਅਤੇ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਵਿਸ਼ੇਸ਼ ਭਾਗੀਦਾਰੀ ਪੰਜਾਬ ਦੇ ਨੌਜਵਾਨਾਂ ਨੂੰ ਸਵੈਰੁਜ਼ਗਾਰ ਯੋਜਨਾਵਾਂ ਵੱਲ ਪ੍ਰੇਰਿਤ ਕਰੇਗੀ ਅਤੇ ਨਸ਼ਾਮੁਕਤੀ ਵੱਲ ਇੱਕ ਵੱਡਾ ਕਦਮ ਸਾਬਤ ਹੋਵੇਗੀ। ਗੋਸ਼ਾ ਨੇ ਕਿਹਾ ਕਿ ਸਾਡੀ ਟੀਮ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਅਤੇ ਭਵਿੱਖ ਵਿੱਚ ਵੀ ਅਜਿਹੇ ਪੋ੍ਗਰਾਮਾਂ ਰਾਹੀਂ ਭਾਰਤੀ ਸੰਸਕ੍ਰਿਤੀ, ਪਰੰਪਰਾ ਤੇ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਗੋਸ਼ਾ ਨੇ ਮੀਡੀਆ ਤੇ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਦੇਸੀ ਸਨਮਾਨ ਨੂੰ ਪਿਆਰ ਅਤੇ ਆਸ਼ੀਰਵਾਦ ਦਿੱਤਾ ਤੇ ਸਵਦੇਸ਼ੀ ਲਈ ਨਵੇਂ ਰਸਤੇ ਖੋਲ੍ਹੇ।