ਪਰਿਵਾਰਕ ਵਿਵਾਦ ਕਾਰਨ ਜਵਾਈ ਨੇ ਘਰ ’ਚ ਵੜ ਕੇ ਕੀਤਾ ਹਮਲਾ
ਪਰਿਵਾਰਕ ਵਿਵਾਦ ਦੇ ਚੱਲਦੇ ਜਵਾਈ ਨੇ ਘਰ ਵੜ ਕੇ ਕੀਤਾ ਹਮਲਾ
Publish Date: Thu, 05 Mar 2026 07:30 PM (IST)
Updated Date: Fri, 06 Mar 2026 04:12 AM (IST)

* ਬਜ਼ੁਰਗ ਤੇ ਉਸ ਦੀ ਪਤਨੀ ਨਾਲ ਕੀਤੀ ਕੁੱਟਮਾਰ, ਪਰਚਾ ਦਰਜ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਪਿੰਡ ਹੁਸੈਨਪੁਰਾ ਦੇ ਅਮਨ ਵਿਹਾਰ ਰਹਿਣ ਵਾਸੀ ਬਜ਼ੁਰਗ ਤੇ ਉਸ ਦੀ ਪਤਨੀ ਉੱਪਰ ਪਰਿਵਾਰਕ ਕਲੇਸ਼ ਦੀ ਰੰਜਿਸ਼ ਕਾਰਨ ਜਵਾਈ ਨੇ ਘਰ ਵੜ ਕੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਬਜ਼ੁਰਗ ਤੇ ਉਸ ਦੀ ਪਤਨੀ ਗੰਭੀਰ ਫੱਟੜ ਹੋ ਗਏ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਸਲੇਮ ਟਾਬਰੀ ਪੁਲਿਸ ਨੇ ਜਗੀਰ ਸਿੰਘ ਦੇ ਬਿਆਨ ’ਤੇ ਉਸ ਦੇ ਜਵਾਈ ਗੁਰਨਾਮ ਨਗਰ ਜੱਸੀਆਂ ਰੋਡ ਰਹਿਣ ਵਾਲੇ ਅਜੇਪਾਲ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ ਹੈ। ਜਗੀਰ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਧੀ ਮਨਦੀਪ ਕੌਰ ਦਾ ਉਸ ਦੇ ਪਤੀ ਅਜੇਪਾਲ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਸੀ। ਉਸ ਝਗੜੇ ਕਾਰਨ ਧੀ ਮਨਦੀਪ ਕੌਰ ਦਾ ਅਜੇ ਪਾਲ ਨਾਲ ਪੰਚਾਇਤੀ ਤੌਰ ’ਤੇ ਤਲਾਕ ਹੋ ਚੁੱਕਾ ਹੈ ਤੇ ਹੁਣ ਉਸ ਦੀ ਧੀ ਨੇ ਤਲਾਕ ਲਈ ਅਦਾਲਤ ’ਚ ਅਪਲਾਈ ਕੀਤਾ ਹੋਇਆ ਹੈ। ਸ਼ਿਕਾਇਤਕਰਤਾ ਮੁਤਾਬਕ ਅਜੇ ਪਾਲ ਇਸ ਤਲਾਕ ਤੋਂ ਸਹਿਮਤ ਨਹੀਂ ਹੈ ਅਤੇ ਉਕਤ ਵਿਵਾਦ ਦੇ ਚੱਲਦੇ ਦੋ ਮਾਰਚ ਨੂੰ ਜਦੋਂ ਮੁਦੱਈ ਜਗੀਰ ਸਿੰਘ ਆਪਣੀ ਪਤਨੀ ਤੇ ਦੋਹਤੀ ਸਮੇਤ ਘਰ ’ਚ ਮੌਜੂਦ ਸੀ ਤਾਂ ਅਜੈ ਪਾਲ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਅਜੇ ਪਾਲ ਉਨਾਂ ਦੇ ਘਰ ਆਉਂਦੇ ਹੀ ਪਤਨੀ ਮਨਦੀਪ ਕੌਰ ਬਾਰੇ ਪੁੱਛਣ ਲੱਗਾ ਤੇ ਗਾਲੀ ਗਲੋਚ ਮਗਰੋਂ ਆਪਣੇ ਨਾਲ ਲਿਆਂਦੀ ਤਲਵਾਰ ਨਾਲ ਘਰ ’ਚ ਪਏ ਸਾਮਾਨ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਜੇ ਪਾਲ ਨੇ ਉਸ ਦੀ ਪਤਨੀ ਜਸਬੀਰ ਕੌਰ ਨੂੰ ਧੱਕਾ ਮਾਰਿਆ। ਕੰਧ ’ਚ ਸਿਰ ਵੱਜਣ ਕਾਰਨ ਜਸਵੀਰ ਕੌਰ ਗੰਭੀਰ ਜ਼ਖ਼ਮੀ ਹੋ ਗਈ, ਜਦੋਂ ਉਸ ਨੇ ਵਿਚ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜਮ ਨੇ ਉਸ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਉਕਤ ਵਾਰਦਾਤ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਜਤਿੰਦਰ ਕੁਮਾਰ ਮੁਤਾਬਕ ਮੁਲਜਮ ਖਿਲਾਫ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।