ਪ੍ਰੇਮ ਸਬੰਧਾਂ ’ਚ ਤਣਾਅ, ਨੌਜਵਾਨ ਨੇ ਲਾਇਆ ਫਾਹਾ
ਪ੍ਰੇਮ ਸੰਬੰਧਾਂ ਵਿੱਚ ਤਣਾਅ ਕਾਰਨ 19 ਸਾਲਾ ਨੌਜਵਾਨ ਨੇ ਲਗਾਇਆ ਫਾਹਾ
Publish Date: Fri, 27 Feb 2026 07:58 PM (IST)
Updated Date: Sat, 28 Feb 2026 04:07 AM (IST)

ਮਾਂ ਦੇ ਬਿਆਨ ’ਤੇ ਨਾਬਾਲਿਗ ਲੜਕੀ ਖ਼ਿਲਾਫ਼ ਮਾਮਲਾ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੀ ਮੱਕੜ ਕਾਲੋਨੀ ਵਿੱਚ ਪ੍ਰੇਮ ਸੰਬੰਧਾਂ ਵਿੱਚ ਚੱਲ ਰਹੇ ਤਣਾਅ ਕਾਰਨ 19 ਸਾਲਾ ਨੌਜਵਾਨ ਵੱਲੋਂ ਆਪਣੀ ਜੀਵਨਲੀਲਾ ਸਮਾਪਤ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਆਰਯਨ ਯਾਦਵ (19) ਵਾਸੀ ਮੱਕੜ ਕਾਲੋਨੀ ਵਜੋਂ ਹੋਈ ਹੈ। ਉਸਨੇ ਆਪਣੇ ਘਰ ਦੇ ਕਮਰੇ ਵਿੱਚ ਪੱਖੇ ਦੀ ਹੁੱਕ ਨਾਲ ਚੁੰਨੀ ਦੇ ਜਰੀਏ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਪਰਿਵਾਰਿਕ ਮੈਂਬਰਾਂ ਮੁਤਾਬਕ ਘਟਨਾ ਸਮੇਂ ਆਰਯਨ ਦਾ ਪਿਤਾ ਫੈਕਟਰੀ ਵਿੱਚ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਫੈਕਟਰੀ ਦੇ ਫੋਰਮੈਨ ਰਾਕੇਸ਼ ਵੱਲੋਂ ਫੋਨ ਕਰਕੇ ਸੂਚਨਾ ਦਿੱਤੀ ਗਈ ਕਿ ਉਸਦੇ ਪੁੱਤਰ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ ਅਤੇ ਉਹ ਤੁਰੰਤ ਘਰ ਪਹੁੰਚਣ। ਜਦੋਂ ਪਿਤਾ ਘਰ ਵਾਪਸ ਆਏ ਤਾਂ ਕਮਰੇ ਅੰਦਰ ਦਾ ਦ੍ਰਿਸ਼ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਗਏ। ਆਰਯਨ ਦੀ ਲਾਸ਼ ਪੱਖੇ ਦੀ ਹੁੱਕ ਨਾਲ ਲਟਕ ਰਹੀ ਸੀ। ਪਰਿਵਾਰ ਨੇ ਤੁਰੰਤ ਉਸਨੂੰ ਹੇਠਾਂ ਉਤਾਰਿਆ, ਪਰ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਮਾਂ ਸੁਨੀਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮਕਾਨ ਮਾਲਕ ਦੀ ਨਾਬਾਲਿਗ ਧੀ ਉੱਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਆਰਯਨ ਅਤੇ ਲੜਕੀ ਵਿਚਕਾਰ ਪ੍ਰੇਮ ਸੰਬੰਧ ਸਨ, ਪਰ ਪਿਛਲੇ ਕੁਝ ਸਮੇਂ ਤੋਂ ਲੜਕੀ ਉਸਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੀ ਸੀ। ਪਰਿਵਾਰ ਦਾ ਕਹਿਣਾ ਹੈ ਕਿ ਦੋਨਾਂ ਵਿਚਕਾਰ ਹੋ ਰਹੀਆਂ ਲੜਾਈਆਂ ਕਾਰਨ ਆਰਯਨ ਕੁਝ ਦਿਨਾਂ ਤੋਂ ਘਰ ਵਿੱਚ ਚੁੱਪਚਾਪ ਰਹਿੰਦਾ ਸੀ, ਨਾ ਕਿਸੇ ਨਾਲ ਗੱਲ ਕਰਦਾ ਸੀ ਅਤੇ ਨਾ ਹੀ ਢੰਗ ਨਾਲ ਖਾਣਾ ਖਾਂਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸੀ ਮਾਨਸਿਕ ਤਕਲੀਫ ਤੋਂ ਤੰਗ ਆ ਕੇ ਉਸਨੇ ਇਹ ਕਦਮ ਚੁੱਕਿਆ। ਥਾਣਾ ਸਹਨੇਵਾਲ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਨਾਬਾਲਿਗ ਲੜਕੀ ਖ਼ਿਲਾਫ਼ ਕਾਨੂੰਨ ਅਨੁਸਾਰ ਆਤਮਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।