ਜ਼ਮੀਨ ਵੇਚਣ ਦਾ ਝਾਂਸਾ ਦੇ ਕੇ 38 ਲੱਖ ਦੀ ਠੱਗੀ, ਦੋ ਨਾਮਜ਼ਦ
ਜ਼ਮੀਨ ਵੇਚਣ ਦਾ ਝਾਂਸਾ ਦੇ ਕੇ 38 ਲੱਖ ਦੀ ਠੱਗੀ, ਦੋ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ
Publish Date: Wed, 25 Feb 2026 07:22 PM (IST)
Updated Date: Wed, 25 Feb 2026 07:25 PM (IST)

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ ਜ਼ਮੀਨ ਵੇਚਣ ਦੇ ਨਾਂ ’ਤੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਿੰਡ ਢੰਡਾਰੀ ਕਲਾਂ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸਾਲ 2025 ਦੌਰਾਨ ਉਸਦਾ ਸੰਪਰਕ ਮੁਲਜ਼ਮਾਂ ਨਾਲ ਹੋਇਆ ਸੀ। ਗੱਲਬਾਤ ਦੌਰਾਨ ਮੁਲਜ਼ਮਾਂ ਨੇ ਪਿੰਡ ਜਸਪਾਲ ਬਾਂਗੜ ’ਚ ਆਪਣੀ ਜ਼ਮੀਨ ਵੇਚਣ ਦੀ ਗੱਲ ਕਹੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਸੌਦਾ ਤੈਅ ਹੋ ਗਿਆ। ਪੀੜਤ ਮੁਤਾਬਕ ਸੌਦੇ ਤਹਿਤ ਉਸ ਨੇ ਮੁਲਜ਼ਮ ਪੱਖ ਨੂੰ ਕੁੱਲ 38 ਲੱਖ ਰੁਪਏ ਅਦਾ ਕਰ ਦਿੱਤੇ ਤੇ ਤਿੰਨ ਮਹੀਨੇ ਅੰਦਰ ਰਜਿਸਟਰੀ ਕਰਵਾਉਣ ਦੀ ਸਹਿਮਤੀ ਬਣੀ ਸੀ ਪਰ ਪੂਰੀ ਰਕਮ ਲੈਣ ਤੋਂ ਬਾਅਦ ਮੁਲਜ਼ਮ ਰਜਿਸਟਰੀ ਕਰਵਾਉਣ ਤੋਂ ਲਗਾਤਾਰ ਕਤਰਾਉਂਦੇ ਰਹੇ। ਕਈ ਮਹੀਨੇ ਉਡੀਕ ਕਰਨ ਉਪਰੰਤ ਜਦੋਂ ਦਰਸ਼ਨ ਸਿੰਘ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਰਕਮ ਮੋੜਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੀੜਤ ਨੇ 29 ਅਕਤੂਬਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਮਗਰੋਂ ਥਾਣਾ ਸਾਹਨੇਵਾਲ ਪੁਲਿਸ ਨੇ ਮੁਲਜ਼ਮ ਤੇਲੂ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਜਸਪਾਲ ਬਾਂਗੜ ਖ਼ਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।