ਲੁਧਿਆਣਾ ’ਚ ਚੋਰੀ ਦੀ ਵੱਡੀ ਵਾਰਦਾਤ, 100 ਤੋਂ ਵੱਧ ਮੋਬਾਇਲ ਫੋਨ ਚੋਰੀ
ਲੁਧਿਆਣਾ ਵਿੱਚ ਚੋਰੀ ਦੀ ਵੱਡੀ ਵਾਰਦਾਤ, 100 ਤੋਂ ਵੱਧ ਮੋਬਾਇਲ ਫੋਨ ਚੋਰੀ
Publish Date: Wed, 25 Feb 2026 06:53 PM (IST)
Updated Date: Wed, 25 Feb 2026 06:55 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਰਿਸ਼ੀ ਨਗਰ ਇਲਾਕੇ ਵਿੱਚ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਇਲੈਕਟਰੋਨਿਕ ਗੋਦਾਮ ਚੋਂ 100 ਮੋਬਾਈਲ ਫੋਨ ਅਤੇ ਕਰਿਆਨੇ ਦੀ ਦੁਕਾਨ ਚੋਂ ਨਗਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ। ਮੋਬਾਈਲ ਸ਼ਾਪ ਦੇ ਪਹਿਲੀ ਮੰਜ਼ਿਲ ‘ਤੇ ਬਣੇ ਗੋਦਾਮ ਵਿੱਚੋਂ ਲੱਖਾਂ ਰੁਪਏ ਦੀ ਕੀਮਤ ਦੇ ਮੋਬਾਈਲ ਫੋਨ ਚੋਰੀ ਕਰ ਲਏ ਗਏ, ਜਦਕਿ ਨਾਲ ਲੱਗਦੀ ਕਰਿਆਨੇ ਦੀ ਦੁਕਾਨ ਵਿਚੋਂ ਵੀ ਨਕਦੀ ਅਤੇ ਸਾਮਾਨ ਉਡਾ ਲਿਆ ਗਿਆ। ਪੂਰੀ ਘਟਨਾ ਦੀਆਂ ਤਸਵੀਰਾਂ ਆਲੇ ਦੁਆਲੇ ਲੱਗੇ ਸੀਸੀਟੀਵੀ. ਕੈਮਰਿਆਂ ਵਿੱਚ ਕੈਦ ਹੋ ਗਈਆਂ। ਦੁਕਾਨ ਮਾਲਕ ਸਨੀ ਸੱਭਰਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਸੱਭਰਵਾਲ ਕਮਿਊਨੀਕੇਸ਼ਨ ਨਾਮਕ ਦੁਕਾਨ ਹੈ ਅਤੇ ਦੁਕਾਨ ਦੇ ਪਿੱਛੇ ਹੀ ਉਨ੍ਹਾਂ ਦੀ ਰਿਹਾਇਸ਼ ਹੈ। ਘਰ ਦੀ ਉੱਪਰੀ ਮੰਜ਼ਿਲ ‘ਤੇ ਮੋਬਾਈਲ ਅਤੇ ਐਲਈਡੀ. ਦਾ ਗੋਦਾਮ ਬਣਿਆ ਹੋਇਆ ਹੈ। ਬੀਤੀ ਦੇਰ ਰਾਤ ਪੂਰਾ ਪਰਿਵਾਰ ਗ੍ਰਾਊਂਡ ਫਲੋਰ ‘ਤੇ ਸੌਂ ਰਿਹਾ ਸੀ। ਸਵੇਰੇ ਜਦੋਂ ਉਹ ਪਹਿਲੀ ਮੰਜ਼ਿਲ ‘ਤੇ ਗਏ ਤਾਂ ਉੱਥੇ ਸਮਾਨ ਖਿਲਰਿਆ ਦੇਖ ਉਨ੍ਹਾਂ ਦੇ ਹੋਸ਼ ਉੱਡ ਗਏ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਕਰੀਬ 100 ਤੋਂ ਵੱਧ ਮੋਬਾਈਲ ਫੋਨ ਗਾਇਬ ਹਨ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਗੋਦਾਮ ਨਾਲ ਲੱਗਦੇ ਕਮਰੇ ਦੀਆਂ ਅਲਮਾਰੀਆਂ ਵੀ ਖੁੱਲ੍ਹੀਆਂ ਮਿਲੀਆਂ ਅਤੇ ਪਰਸ ਵਿੱਚੋਂ ਕਰੀਬ 25 ਤੋਂ 30 ਹਜ਼ਾਰ ਰੁਪਏ ਨਕਦ ਵੀ ਚੋਰੀ ਹੋ ਚੁੱਕੇ ਸਨ। ਸਨੀ ਸਭਰਵਾਲ ਮੁਤਾਬਕ, ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਦੋ ਚੋਰ ਨਾਲ ਲੱਗਦੀ ਉਸਾਰੀ ਅਧੀਨ ਇਮਾਰਤ ਰਾਹੀਂ ਉੱਪਰੀ ਮੰਜ਼ਿਲ ‘ਤੇ ਦਾਖਲ ਹੋਏ। ਉਨ੍ਹਾਂ ਨੇ ਕਮਰੇ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮਾਮਲੇ ਸਬੰਧੀ ਥਾਣਾ ਪੀਏਯੂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀ.਼ਵੀ. ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।