ਮਾਮੂਲੀ ਬਹਿਸ ਮਗਰੋਂ ਪਿਸਤੌਲ ਮਾਰ ਕੇ ਨੌਜਵਾਨ ਨੂੰ ਕੀਤਾ ਫੱਟੜ
ਮਾਮੂਲੀ ਬਹਿਸ ਤੋਂ ਬਾਅਦ ਕੱਢ ਲਈ ਪਿਸਤੌਲ,ਸਿਰ ਵਿੱਚ ਬੱਟ ਮਾਰ ਕੇ ਨੌਜਵਾਨ ਨੂੰ ਕੀਤਾ ਫੱਟੜ
Publish Date: Tue, 24 Feb 2026 07:20 PM (IST)
Updated Date: Tue, 24 Feb 2026 07:22 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਪਾਰਕਿੰਗ ’ਚ ਮੋਟਰਸਾਈਕਲ ਲਗਾਉਣ ਤੋਂ ਸ਼ੁਰੂ ਹੋਈ ਬਹਿਸ ਨੇ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਲਿਆ, ਜਦੋਂ ਨੌਜਵਾਨਾਂ ਨੇ ਆਪਣੇ ਡੱਬ ’ਚੋਂ ਦੇਸੀ ਪਿਸਤੌਲ ਕੱਢ ਲਿਆ। ਹਮਲਾਵਰਾਂ ਨੇ ਇਲੈਕਟ੍ਰੀਸ਼ੀਅਨ ਜਤਿਨ ਸ਼ਰਮਾ ਅਤੇ ਉਸਦੇ ਭਰਾ ਦੇ ਸਿਰ ’ਚ ਇੰਨੀ ਜ਼ੋਰ ਨਾਲ ਪਿਸਤੌਲ ਦੇ ਬੱਟ ਅਤੇ ਡੰਡੇ ਨਾਲ ਵਾਰ ਕੀਤੇ ਕਿ ਉਨ੍ਹਾਂ ਦੀ ਹਾਲਤ ਖ਼ਰਾਬ ਹੋ ਗਈ। ਜ਼ਖਮੀ ਹੋਏ ਨੌਜਵਾਨਾਂ ਨੂੰ ਲੁਧਿਆਣਾ ਦੇ ਸੋਬਤੀ ਹਸਪਤਾਲ ਦੇ ਟਰੌਮਾ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ ਅਤੇ ਉਨ੍ਹਾਂ ਦਾ ਪਿਸਤੌਲ ਡਿੱਗ ਪਿਆ। ਇਸ ਮਾਮਲੇ ’ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਈਸ਼ਰ ਨਗਰ ਦੇ ਰਹਿਣ ਵਾਲੇ ਜਤਿਨ ਸ਼ਰਮਾ ਦੀ ਸ਼ਿਕਾਇਤ ’ਤੇ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਇਲੈਕਟ੍ਰੀਸ਼ੀਅਨ ਜਤਿਨ ਸ਼ਰਮਾ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਰਾਹੁਲ ਸ਼ਰਮਾ ਅਤੇ ਦੋਸਤ ਸੂਰਜ ਕੁਮਾਰ ਨਾਲ ਕਿਤੇ ਜਾਣਾ ਸੀ। ਬੀਤੀ ਰਾਤ 2 ਢਾਈ ਵਜੇ ਦੇ ਕਰੀਬ ਉਹ ਆਪਣਾ ਮੋਟਰਸਾਈਕਲ ਰੇਲਵੇ ਸਟੇਸ਼ਨ ਦੇ ਕੋਲ ਪੈਂਦੀ ਇੱਕ ਪਾਰਕਿੰਗ ’ਚ ਲਗਾ ਰਹੇ ਸਨ। ਮੋਟਰਸਾਈਕਲ ਲਗਾਉਣ ਨੂੰ ਲੈ ਕੇ ਉਨ੍ਹਾਂ ਦਾ ਪਾਰਕਿੰਗ ’ਚ ਮੌਜੂਦ ਦੋ ਲੜਕਿਆਂ ਨਾਲ ਝਗੜਾ ਹੋ ਗਿਆ। ਮਾਮੂਲੀ ਬਹਿਸ ਤੋਂ ਬਾਅਦ ਮਾਮਲਾ ਇਸ ਕਦਰ ਵੱਧ ਗਿਆ ਕਿ ਨੌਜਵਾਨਾਂ ਚੋਂ ਇੱਕ ਨੇ ਪਿਸਤੌਲ ਕੱਢ ਲਈ। ਦੋਵਾਂ ਮੁਲਜ਼ਮਾਂ ਨੇ ਡੰਡੇ ਅਤੇ ਪਿਸਤੌਲ ਦੇ ਬੱਟ ਨਾਲ ਜਤਿਨ ਸ਼ਰਮਾ ਅਤੇ ਰਾਹੁਲ ਸ਼ਰਮਾ ਦੇ ਸਿਰ ’ਚ ਵਾਰ ਕਰਨੇ ਸ਼ੁਰੂ ਕੀਤੇ। ਹਮਲੇ ਦੌਰਾਨ ਦੋਵੇਂ ਨੌਜਵਾਨ ਫੱਟੜ ਹੋ ਗਏ। ਜਤਿਨ ਦੇ ਭਰਾ ਨੇ ਜਿਵੇਂ ਹੀ ਰੌਲਾ ਪਾਇਆ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਤੇ ਜਾਂਦੇ ਸਮੇਂ ਉਨ੍ਹਾਂ ਦਾ ਅਸਲਾ ਜ਼ਮੀਨ ’ਤੇ ਡਿੱਗ ਪਿਆ। ਉਧਰ, ਇਸ ਮਾਮਲੇ ’ਚ ਥਾਣਾ ਕੋਤਵਾਲੀ ਦੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਤਿਨ ਸ਼ਰਮਾ ਦੀ ਸ਼ਿਕਾਇਤ ’ਤੇ ਅਣਪਛਾਤੇ ਦੋ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਮੌਕੇ ’ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਦੇਸੀ ਪਿਸਤੌਲ ਵੀ ਬਰਾਮਦ ਕੀਤਾ। ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਬਦਮਾਸ਼ਾਂ ਦੀ ਤਲਾਸ਼ ਕਰ ਰਹੀ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।