ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ : ਸੰਤ ਅਮੀਰ ਸਿੰਘ
ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸ਼ੀਅਤ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ-ਸੰਤ ਅਮੀਰ ਸਿੰਘ
Publish Date: Sat, 21 Feb 2026 06:29 PM (IST)
Updated Date: Sat, 21 Feb 2026 06:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਸਵੇਰੇ ਚੌਥੀ ਵਿਦਿਅਕ ਬੈਠਕ ਦੀ ਪ੍ਰਧਾਨਗੀ ਡਾ. ਪ੍ਰਿਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਡਾ. ਬਲਜਿੰਦਰ ਕੌਰ ਸਹਾਇਕ ਡਾਇਰੈਕਟਰ ਪੰਜਾਬ ਯੂਨੀਵਰਸਿਟੀ ਰਿਸਰਚ ਸੈਂਟਰ, ਡਾ. ਸੁਖਵਿੰਦਰ ਸਿੰਘ ਲਾਇਲ, ਗਿਆਨੀ ਸੰਤੋਖ ਸਿੰਘ ਆਸਟਰੇਲੀਆ, ਡਾ. ਪਰਮਜੀਤ ਕੌਰ ਗਿੱਲ ਮੁਖੀ ਰਾਜਨੀਤਿਕ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਪਿਆਰੇ ਲਾਲ ਗਰਗ ਨੇ ਕੀਤੀ। ਪ੍ਰਧਾਨਗੀ ਸ਼ਬਦਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਦਸ਼ਮੇਸ਼ ਪਿਤਾ ਜੀ ਦੀ ਬਾਣੀ ਜਾਪ ਸਾਹਿਬ ਅਤੇ ਅਕਾਲ ਉਸਤਤਿ ਵਿਚਲੀ ਬਾਣੀਆਂ ਦੇ ਹਵਾਲੇ ਨਾਲ ਕਿਹਾ ਕਿ ਜਿੱਥੋਂ ਤੱਕ ਜੀਵਨ ਜਾਂਚ ਦਾ ਤੁਅੱਲਕ ਹੈ, ਸਤਿਗੁਰਾਂ ਨੇ ਦੋ ਵਿਸ਼ੇਸ਼ ਗੱਲਾਂ ਕਹੀਆਂ ਪਹਿਲੀ ਇਹ ਕਿ ਪਰਮੇਸ਼ਰ ਪ੍ਰੇਮ ਸਰੂਪ ਹੈ ਤੇ ਉਹ ਅਨੁਰਾਗ ਬਣ ਕੇ ਹੀ ਜਗਤ ਦੇ ਬਾਗ ਵਿੱਚ ਟਹਿਕ-ਮਹਿਕ ਪੈਦਾ ਕਰ ਰਿਹਾ ਹੈ। ਫਿਰ ਉਸਨੂੰ ਪਾਉਣ ਦਾ ਤਰੀਕਾ ਵੀ ਪ੍ਰੇਮ ਹੀ ਹੈ, ਬਾਕੀ ਸਾਧਨ ਐਵੇਂ ਦੇਖ-ਦਿਖਾਵੇ ਦੇ ਹਨ। ਉਨ੍ਹਾਂ ਪੁਰਾਤਨ ਅਤੇ ਅਜੋਕੇ ਵਕਤ ਦੇ ਹਾਲਾਤਾਂ ਦਾ ਜਿਕਰ ਕਰਦਿਆਂ ਕਿਹਾ ਕਿ ਧਾਰਮਿਕ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਵਿਸ਼ਵਾਰਥੀ ਜਾਂ ਯੂਨੀਵਰਸਲ ਹੁੰਦੀ ਹੈ ਤੇ ਆਮ ਸੰਸਾਰੀ ਆਦਮੀ ਦੀ ਦ੍ਰਿਸ਼ਟੀ ਵਧੇਰੇ ਕਰਕੇ ਸਵਾਰਥੀ ਹੁੰਦੀ ਹੈ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਸ਼ਾਲ ਦ੍ਰਿਸ਼ਟੀ ਇਹ ਅਨੁਭਵ ਕਰਦੀ ਸੀ ਕਿ ਸਿਵਾਇ ਪ੍ਰੇਮ-ਪਿਆਰ ਦੀ ਗੁੜ੍ਹਤੀ ਦੇ ਮਨੁੱਖਤਾ ਨੂੰ ਏਕਤਾ ਦੇ ਧਾਗੇ ਵਿੱਚ ਨਹੀਂ ਪਰੋਇਆ ਜਾ ਸਕਦਾ। ਇਸ ਕਰਕੇ ਜਿੱਥੇ ਉਨਾਂ ਇਨਸਾਨੀ ਏਕਤਾ ਉੱਤੇ ਜੋਰ ਦਿੱਤਾ, ਉੱਥੇ ਬਾਕੀ ਧਰਮ ਕਰਮ ਦੀ ਏਕਤਾ ਨੂੰ ਪਛਾਨਣ ਦੀ ਵੀ ਤਾਕੀਦ ਕੀਤੀ। ਇਹੋ ਹੀ ਇੱਕ ਸਾਰਥਕ ਵਿਧੀ ਸੀ ਜਿਸ ਨਾਲ ਸਰਬੱਤ ਦੇ ਭਲੇ ਦਾ ਮਿਸ਼ਨ ਪੂਰਾ ਹੋ ਸਕਦਾ ਸੀ। ਗੁਰੂ ਸਾਹਿਬ ਨੇ ਆਪਣਾ ਜੀਵਨ ਉਦੇਸ਼ ਦੱਸਦਿਆਂ ਸਾਫ ਕਿਹਾ ਕਿ ਮੈਂ ਕੇਵਲ ਭਲੇ ਪੁਰਸ਼ਾਂ ਦੀ ਮਦਦ ਲਈ ਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਹੀ ਆਇਆ ਹਾਂ। ਮੇਰਾ ਕੰਮ ਹਰ ਤਰ੍ਹਾਂ ਧਰਮ ਨੂੰ ਮਜਬੂਤ ਕਰਨਾ ਹੈ। ਇਸ ਦ੍ਰਿਸ਼ਟੀ ਤੋਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਬਿਲਕੁਲ ਸਪਸ਼ਟ ਸੀ ਕਿ ਭਲੇ ਕਿਰਤੀ ਲੋਕਾਂ ਦੀ ਹਮਾਇਤ ਕਰਨਾ ਤੇ ਲੁੱਟ ਕਸੁੱਟ ਕਰਨ ਵਾਲੀ ਰਾਜਸੀ ਸੁਆਰਥੀ ਸ਼੍ਰੇਣੀ ਨੂੰ ਸਮਰੱਥਾਹੀਣ ਕਰਨਾ ਸੀ। ਇਸੇ ਕਰਕੇ ਉਨਾਂ ਆਪਣੇ ਤਨ ਮਨ,ਧਨ ਦੀ ਸ਼ਕਤੀ ਨੇਕ ਕਿਰਤੀ ਲੋਕਾਂ ਦੇ ਵਿਕਾਸ ਵਿੱਚ ਲਾਈ ਅਤੇ ਉਨਾਂ ਦਾ ਜਸ ਵੀ ਗਾਇਆ। ਬਾਅਦ ਦੁਪਹਿਰ ਪੰਜਵੀਂ ਵਿਦਿਅਕ ਬੈਠਕ ਦੇ ਮੁੱਖ ਮਹਿਮਾਨ ਡਾਕਟਰ ਹਰਜਿੰਦਰ ਸਿੰਘ ਰੋਜ਼, ਵਿਸ਼ੇਸ਼ ਮਹਿਮਾਨ ਡਾਕਟਰ ਸਤੀਸ਼ ਕੁਮਾਰ ਸ਼ਰਮਾ, ਡਾਕਟਰ ਗੁਰਚਰਨ ਸਿੰਘ ਸੱਗੂ ਇੰਗਲੈਂਡ, ਪ੍ਰੋਫੈਸਰ ਹਿੰਮਤ ਸਿੰਘ, ਸੈਸ਼ਨ ਕੋਆਰਡੀਨੇਟਰ ਡਾਕਟਰ ਗੁਰਦੀਪ ਕੌਰ ਸਨ ਜਦ ਕਿ ਰਿਪੋਰਟ ਡਾਕਟਰ ਅਮਰਿੰਦਰ ਕੌਰ ਨੇ ਕੀਤੀ। ਚੌਥੀ ਵਿਦਿਅਕ ਬੈਠਕ ਦੌਰਾਨ ਨੌ ਵਿਦਵਾਨਾਂ ਨੇ ਖੋਜ ਭਰਪੂਰ ਪਰਚੇ ਪੜ੍ਹੇ। ਕਾਨਫਰੰਸ ਚ ਵਿਦਵਾਨ ਬੁਲਾਰਿਆਂ ਅਤੇ ਅਹਿਮ ਸ਼ਖਸ਼ੀਅਤਾਂ ਦਾ ਸਨਮਾਨ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਕੀਤਾ ਅਤੇ ਅੱਜ ਦੀ ਕਾਨਫਰੰਸ ਦੀ ਸਮਾਪਤੀ ਮੌਕੇ ਉਨ੍ਹਾਂ ਕਿਹਾ ਕਿ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਖਸ਼ੀਅਤ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਵੀ ਖਾਸ ਤੌਰ ਤੇ ਹਾਜ਼ਰ ਸਨ। ---