‘ਸਾਡੇ ਬੁਜ਼ਰਗ ਸਾਡਾ ਮਾਣ’ ਮੁਹਿੰਮ ਸ਼ੁਰੂ ਸਬੰਧੀ ਕੀਤੀ ਮੀਟਿੰਗ
‘ਸਾਡੇ ਬੁਜ਼ਰਗ ਸਾਡਾ ਮਾਣ’ ਮੁਹਿੰਮ ਸ਼ੁਰੂ ਕਰਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
Publish Date: Tue, 13 Jan 2026 08:13 PM (IST)
Updated Date: Wed, 14 Jan 2026 04:13 AM (IST)

ਬੁਜ਼ੁਰਗਾਂ ਦੀ ਦੇਖਭਾਲ ਲਈ ਸਿਹਤ, ਯੋਗਾ ਤੇ ਮਨੋਵਿਗਿਆਨਕ ਸਹਾਇਤਾ ਕੈਂਪ ਲਾਏ ਜਾਣਗੇ : ਅਮਰਜੀਤ ਬੈਂਸ ਬੁਜ਼ੁਰਗਾਂ ਅਤੇ ਨੌਜਵਾਨਾਂ ਵਿਚਕਾਰ ਸਾਂਝ ਵਧਾਉਣ ਲਈ ਕਰਵਾਈਆਂ ਜਾਣਗੀਆਂ ਸੱਭਿਆਚਾਰਕ ਗਤੀਵਿਧੀਆਂ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਬੁਜ਼ੁਰਗਾਂ ਤੇ ਨੌਜਵਾਨਾਂ ’ਚ ਤਾਲਮੇਲ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਸਾਡੇ ਬੁਜ਼ਰਗ ਸਾਡਾ ਮਾਣ’ ਮੁਹਿੰਮ 2026 ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ’ਚ ਬੁਜ਼ੁਰਗਾਂ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾਵੇਗੀ, ਜਿਸ ਦੀਆਂ ਤਿਆਰੀਆਂ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ ਨੇ ਦਫਤਰ ’ਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਮੀਟਿੰਗ ’ਚ ਸਿਹਤ ਵਿਭਾਗ, ਸਿੱਖਿਆ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਪੰਜਾਬ ਹੁਨਰ ਵਿਕਾਸ ਮਿਸ਼ਨ (ਪੀਐੱਸਡੀਐੱਮ), ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੈੱਡ ਕਰਾਸ ਸੁਸਾਇਟੀ ਤੇ ਵੱਖ-ਵੱਖ ਬਿਰਧ ਆਸ਼ਰਮਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਨੇ ਦੱਸਿਆ ਕਿ ਸਿਹਤ ਵਿਭਾਗ ਬਜ਼ੁਰਗਾਂ ਦੀ ਸਿਹਤ ਨੂੰ ਕਾਇਮ ਰੱਖਣ ਲਈ ਉਨ੍ਹਾਂ ਦੀਆਂ ਵਡੇਰੀ ਉਮਰ ’ਚ ਹੋਣ ਵਾਲੀਆਂ ਸਮੱਸਿਆਵਾਂ, ਜਿਨ੍ਹਾਂ ’ਚ ਅੱਖਾਂ ਦਾ ਮੋਤੀਆ, ਜੋੜਾਂ ਦਾ ਦਰਦ ਤੇ ਹੋਰ ਸਰੀਰਕ ਬਿਮਾਰੀਆਂ ਤੋਂ ਇਲਾਵਾ ਉਨ੍ਹਾਂ ਲਈ ਫਿਜੀਓਥਰੈਪੀ ਤੇ ਮਨੋਵਿਗਿਆਨਕ ਸਿਹਤ ਨੂੰ ਕਾਇਮ ਰੱਖਣ ਲਈ ਸਪੈਸ਼ਲ ਜਾਂਚ ਕੈਂਪ ਲਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਲਈ ਸਰਕਾਰੀ ਟੀਮਾਂ ਤੋਂ ਇਲਾਵਾ ਐੱਨਜੀਓ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰਾਂ ਤੋਂ ਵੀ ਸਹਿਯੋਗ ਲਿਆ ਜਾਵੇਗਾ। ਇਸ ਤੋਂ ਇਲਾਵਾ ਬੁਜ਼ੁਰਗਾਂ ਦੀ ਸਿਹਤ ਸੰਭਾਲ ਲਈ ਯੋਗਾ ਤੇ ਮੈਡੀਟੇਸ਼ਨ ਕੈਂਪ ਵੀ ਲਾਇਆ ਜਾਵੇਗਾ। ਬਜ਼ੁਰਗਾਂ ਤੇ ਨੌਜਵਾਨਾਂ ’ਚ ਆਪਸੀ ਸੰਪਰਕ ਨੂੰ ਵਧਾਉਣ ਲਈ ਖਾਣਾ ਬਣਾਉਣ ਦਾ ਮੁਕਾਬਲਾ, ਆਪਸੀ ਵਿਚਾਰ-ਵਟਾਂਦਰੇ, ਪੇਂਟਿੰਗ ਤੇ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ। ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਨੇ ਕਿਹਾ ਕਿ ਸੈਨੀਟਾਈਜੇਸ਼ਨ ਤੇ ਜਾਗਰੂਕਤਾ ਪ੍ਰੋਗਰਾਮਾਂ ’ਚ ਬਜ਼ੁਰਗ ਦੇ ਘਰਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਦੇ ਹੋਏ ਪੁਲਿਸ, ਗ੍ਰਾਮ ਪੰਚਾਇਤ, ਨਗਰ ਕੌਂਸਲਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਸ਼ਮੂਲੀਅਤ ਨਾਲ ਐੱਨਸੀਸੀ, ਬੱਚਿਆਂ ਰਾਹੀਂ ਕਮਿਊਨਿਟੀ ਬੇਸਟ ਪ੍ਰੋਗਰਾਮ ਵੀ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਪੀੜ੍ਹੀਆਂ ਵਿਚਲਾ ਗੈਪ ਘਟਾਉਣ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਬੱਚਿਆਂ ਤੇ ਬਜ਼ੁਰਗਾਂ ਦੀ ਸਾਂਝ ਨੂੰ ਵਧਾਉਣ ਲਈ ਸਪੈਸ਼ਲ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਤਹਿਤ ਬੱਚੇ ਬਜ਼ੁਰਗਾਂ ਦਾ ਸਤਿਕਾਰ ਕਰਨ ਤੇ ਆਪਸੀ ਭਾਵਨਾਤਮਕ ਲੋੜਾਂ ਨੂੰ ਪੂਰੀਆਂ ਕਰਨ ’ਚ ਅਹਿਮ ਭੂਮਿਕਾ ਨਿਭਾਉਣਾ ਸਿੱਖਣਗੇ।