ਮਨਰੇਗਾ ਦਾ ਨਾਂ ਬਦਲਾ ਕੇ ਮਜ਼ਦੂਰਾਂ ਦਾ ਹੱਕ ਖੋਹ ਰਿਹਾ ਕੇਂਦਰ : ਦਾਖਾ
110 ਪਿੰਡਾਂ ਨੂੰ ਨਗਰ ਨਿਗਮ ਵਿੱਚ ਮਿਲਾ ਕੇ ਪੰਜਾਬ ਸਰਕਾਰ ਜਮੀਨ ਹੜੱਪਣ ਦੇ ਰੌਂਅ ਵਿੱਚ - ਦਾਖਾ
Publish Date: Tue, 06 Jan 2026 08:20 PM (IST)
Updated Date: Wed, 07 Jan 2026 04:09 AM (IST)

ਕਿਹਾ- 110 ਪਿੰਡਾਂ ਨੂੰ ਨਗਰ ਨਿਗਮ ’ਚ ਮਿਲਾ ਕੇ ਪੰਜਾਬ ਸਰਕਾਰ ਜ਼ਮੀਨ ਹੜੱਪਣ ਦੇ ਰੌਂਅ ’ਚ ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਕਾਂਗਰਸ ਦੀ ਮਜ਼ਬੂਤੀ ਲਈ ਕਾਂਗਰਸ ਪਾਰਟੀ ਦੇ ਪੁਰਾਣੇ ਤੇ ਨਵੇਂ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਚੂਹੜਪੁਰ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਦਾਖਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਆਪਣੀ ਚੁੰਗਲ ’ਚ ਫਸਾਉਣ ਲਈ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਲਿਆਂਦੀ, ਜਿਸ ਨੂੰ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਦਬਾਅ ਪੈਣ ਕਾਰਨ ਫਿਰ ਵਾਪਸ ਲੈ ਲਿਆ ਗਿਆ। ਪੰਜਾਬ ਸਰਕਾਰ ਨੇ ਹੁਣ ਨਗਰ ਨਿਗਮ ਦੀ ਹਦੂਦ ਨੂੰ ਵਧਾਉਣ ਲਈ 110 ਪਿੰਡਾਂ ਨੂੰ ਨਗਰ ਨਿਗਮ ’ਚ ਸ਼ਾਮਲ ਕਰਨ ਦੀ ਨਵੀਂ ਪਾਲਿਸੀ ਲਿਆ ਕੇ ਲੋਕਾਂ ਲਈ ਮਾਰੂ ਨਵੀਂ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਲੋਕ ਸਿਆਣੇ ਤੇ ਸਮਝਦਾਰ ਹੋ ਚੁੱਕੇ ਹਨ ਤੇ ਅਜਿਹਾ ਕੁੱਝ ਵੀ ਨਹੀਂ ਹੋਣ ਦੇਣਗੇ। ਸਾਬਕਾ ਮੰਤਰੀ ਦਾਖਾ ਨੇ ਕਿਹਾ ਕਿ ਜਿਹੜੇ ਪਹਿਲਾਂ ਪਿੰਡ ਜਾਂ ਮੁਹੱਲੇ ਨਗਰ ਨਿਗਮ ਦੀ ਹਦੂਦ ’ਚ ਆਉਂਦੇ ਹਨ, ਉਨ੍ਹਾਂ ਦੀ ਸਹੂਲਤ ਲਈ ਤਾਂ ਅਜੇ ਤੱਕ ਕਿਧਰੇ ਗਲੀਆਂ-ਨਾਲੀਆਂ ਪੂਰੀਆਂ ਬਣਾਈਆਂ ਨਹੀਂ ਗਈਆਂ, ਸੜਕਾਂ ਟੁੱਟੀਆਂ ਪਈਆਂ, ਵਾਟਰ ਸਪਲਾਈ ਤੇ ਸੀਵਰੇਜ ਪ੍ਰਣਾਲੀ ਦੇ ਹਾਲਾਤ ਬੜੇ ਹੀ ਮਾੜੇ ਹਨ, ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਫਿਰ ਨਵੇਂ ਇਲਾਕਿਆਂ ਦਾ ਕੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਹਾਲੇ ਤਾਂ ਨਗਰ ਨਿਗਮ ਦੀ ਹਦੂਦ ’ਚ ਆ ਚੁੱਕੇ ਪਹਿਲੇ ਵਾਰਡਾਂ ’ਚ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ ਤਾਂ ਫਿਰ ਹੋਰ ਰਲਾਏ ਜਾਣ ਵਾਲੇ 110 ਪਿੰਡ ਸਰਕਾਰ ਤੋਂ ਕੀ ਆਸ ਰੱਖਣਗੇ। ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਵਿਕਾਸ ਕਾਰਜਾਂ ਵਾਸਤੇ ਨਾ ਤਾਂ ਪੰਚਾਇਤਾਂ ਕੋਲੋਂ ਫੰਡ ਮਿਲੇਗਾ ਨਾ ਹੀ ਨਿਗਮ ਕੋਲੋਂ, ਲੋਕ ਦੋਨਾਂ ਪਾਸਿਆਂ ਤੋਂ ਸੁੱਕੇ ਰਹਿ ਜਾਣਗੇ, ਬੱਸ ਲੋਕਾਂ ਨੂੰ ਖੱਜਲ-ਖੁਆਰੀ ਤੋਂ ਸਿਵਾਏ ਕੁਝ ਪੱਲੇ ਨਹੀਂ ਪਵੇਗਾ l ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਦੇ ਹੱਕ ’ਚ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕੌਮੀ ਪੱਧਰ ਦੇ ਆਗੂ ਭੂਪੇਸ਼ ਬਘੇਲ ਦੀ ਅਗਵਾਈ ’ਚ 9 ਜਨਵਰੀ ਨੂੰ ਸਮਰਾਲਾ ਵਿਖੇ ਵਿਧਾਨ ਸਭਾ ਦੇ 9 ਹਲਕਿਆਂ ਦੀ ਇਕ ਵਿਸ਼ਾਲ ਰੋਸ ਰੈਲੀ ਕੱਢੀ ਜਾ ਰਹੀ ਹੈ ਤਾਂ ਜੋ ਗਰੀਬ ਪਰਿਵਾਰਾਂ ਨੂੰ ਬਣਨ ਦਾ ਹੱਕ ਤੇ ਇਨਸਾਫ ਮਿਲ ਸਕੇ। ਦਾਖਾ ਨੇ ਅੱਗੇ ਕਿਹਾ ਕਿ ਪਹਿਲਾਂ ਸੂਬਾ ਸਰਕਾਰਾਂ 10 ਫੀਸਦੀ ਫੰਡ ਆਪਣੀ ਹਿੱਸੇਦਾਰੀ ਵਜੋਂ ਪਾਇਆ ਕਰਦੀਆਂ ਸਨ, ਜਦਕਿ 90 ਫੀਸਦੀ ਕੇਂਦਰ ਸਰਕਾਰ ਦਾ ਫੰਡ ਹੁੰਦਾ ਸੀ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਵਧਾ ਕੇ 40 ਫੀਸਦੀ ਕਰਨ ਨਾਲ ਸੂਬਾ ਸਰਕਾਰਾਂ ’ਤੇ ਵਾਧੂ ਬੋਝ ਪਾਇਆ ਗਿਆ ਹੈ ਤੇ ਕੇਂਦਰ ਸਰਕਾਰ ਕੇਵਲ 60 ਫੀਸਦੀ ਹੀ ਫੰਡ ਦੇਵੇਗੀ, ਜੋ ਕਿ ਸੂਬਾ ਸਰਕਾਰਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਮਗਨਰੇਗਾ ਦਾ ਨਾਂ ਬਦਲਾ ਕੇ ਸਰਕਾਰ ਨੇ ਮਜ਼ਦੂਰਾਂ ਦੇ ਹੱਕ ਖੋਹੇ ਹਨ। ਕੇਂਦਰ ਸਰਕਾਰ ਹਾਲੇ ਤੱਕ ਪੰਜਾਬ ਨੂੰ ਆਰਡੀਐੱਫ ਤੇ ਜੀਐੱਸਟੀ ਫੰਡ ਮੁਹੱਈਆ ਕਰਾਉਣ ’ਚ ਨਾਕਾਮਯਾਬ ਰਹੀ ਹੈ, ਜਦਕਿ ਸੂਬੇ ਸਿਰ ਤਾਂ ਪਹਿਲਾਂ ਹੀ ਅੰਤਾਂ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਸੂਬੇ ਸਿਰ ਕਰਜ਼ਾ ਚੜ੍ਹਾ ਕੇ ਗਰੀਬਾਂ ਦੇ ਚੁੱਲ੍ਹੇ ਠੰਢੇ ਕੀਤੇ ਜਾ ਰਹੇ ਹਨ। ਇਸ ਮੌਕੇ ਸਾਬਕਾ ਸਰਪੰਚ ਮਨਦੀਪ ਸਿੰਘ ਚੂਹੜਪੁਰ, ਨੰਬਰਦਾਰ ਨਿਰਮਲ ਸਿੰਘ, ਹਰਜੀਤ ਸਿੰਘ ਚੀਮਾ, ਅਮਨਿੰਦਰ ਸਿੰਘ, ਜਗਤਾਰ ਸਿੰਘ ਐੱਨਆਰਆਈ, ਗੁਰਦੀਪ ਸਿੰਘ ਮੁੰਡੀ, ਹਰਜਿੰਦਰ ਸਿੰਘ ਗਰੇਵਾਲ, ਲੱਕੀ ਪੰਚ, ਹਰਵਿੰਦਰ ਸਿੰਘ ਸਾਬਕਾ ਪੰਚ, ਵਿਕਰਮਜੀਤ ਸਿੰਘ, ਭੁਪਿੰਦਰ ਸਿੰਘ, ਵਰਿੰਦਰ ਸਿੰਘ ਪੰਚ, ਅਨਮੋਲ ਸਿੰਘ, ਅਰਸ਼ਦੀਪ ਸਿੰਘ, ਰਣਜੋਧ ਸਿੰਘ, ਕੁਲਵਿੰਦਰ ਸਿੰਘ ਹੈਵਨ ਤੇ ਪ੍ਰਿਤਪਾਲ ਸਿੰਘ ਆਦਿ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।