17 ਸਾਲਾ ਲੜਕੀ ਦੇ ਲਾਪਤਾ ਹੋਣ ਦੇ ਮਾਮਲੇ 'ਚ ਨਵਾਂ ਮੋੜ: ਪਰਿਵਾਰ ਨੇ ਹਾਈਵੇਅ ’ਤੇ ਲਾਇਆ ਜਾਮ, CCTV ਫੁਟੇਜ ਸਾਹਮਣੇ ਆਉਣ ਤੋਂ ਬਾਅਦ ਵਧੀ ਚਿੰਤਾ
ਲੁਧਿਆਣਾ ਦੇ ਦਰੇਸੀ ਇਲਾਕੇ ਤੋਂ 17 ਸਾਲਾ ਲੜਕੀ ਦੇ ਰਹੱਸਮਈ ਢੰਗ ਨਾਲ ਲਾਪਤਾ ਹੋਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪਰਿਵਾਰ ਵੱਲੋਂ ਪੁਲਿਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਜਦਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਹਮਣੇ ਆਈਆਂ ਤਸਵੀਰਾਂ ਨੇ ਘਟਨਾ ਨੂੰ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ ਹੈ। ਆਪਣੀ ਧੀ ਦੀ ਭਾਲ ਲਈ ਬੇਚੈਨ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਨੈਸ਼ਨਲ ਹਾਈਵੇ-44 ’ਤੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ।
Publish Date: Sat, 06 Jun 2026 03:47 PM (IST)
Updated Date: Sat, 06 Jun 2026 03:51 PM (IST)

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਦਰੇਸੀ ਇਲਾਕੇ ਤੋਂ 17 ਸਾਲਾ ਲੜਕੀ ਦੇ ਰਹੱਸਮਈ ਢੰਗ ਨਾਲ ਲਾਪਤਾ ਹੋਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪਰਿਵਾਰ ਵੱਲੋਂ ਪੁਲਿਸ ਦੀ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਜਦਕਿ ਸੀ.ਸੀ.ਟੀ.ਵੀ. ਫੁਟੇਜ ਵਿੱਚ ਸਾਹਮਣੇ ਆਈਆਂ ਤਸਵੀਰਾਂ ਨੇ ਘਟਨਾ ਨੂੰ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ ਹੈ। ਆਪਣੀ ਧੀ ਦੀ ਭਾਲ ਲਈ ਬੇਚੈਨ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਨੈਸ਼ਨਲ ਹਾਈਵੇ-44 ’ਤੇ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ।
ਦਰਅਸਲ ਦਰੇਸੀ ਇਲਾਕੇ ਦੀ 17 ਸਾਲਾ ਲੜਕੀ 3 ਮਈ ਦੀ ਸ਼ਾਮ ਤੋਂ ਲਾਪਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬੱਚੀ ਘਰੋਂ ਜਾਣ ਤੋਂ ਬਾਅਦ ਵਾਪਸ ਨਹੀਂ ਆਈ। ਘਰ ਵਾਲਿਆਂ ਨੇ ਆਪਣੇ ਪੱਧਰ ’ਤੇ ਕਾਫੀ ਭਾਲ ਕੀਤੀ ਪਰ ਜਦੋਂ ਕੋਈ ਸੁਰਾਗ ਨਾ ਮਿਲਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਪਰਿਵਾਰ ਦਾ ਦੋਸ਼ ਹੈ ਕਿ ਸ਼ਿਕਾਇਤ ਦੇ ਬਾਵਜੂਦ ਜਾਂਚ ਦੀ ਰਫ਼ਤਾਰ ਉਮੀਦਾਂ ਮੁਤਾਬਕ ਨਹੀਂ ਰਹੀ। ਇਸੇ ਕਾਰਨ ਪਰਿਵਾਰਕ ਮੈਂਬਰਾਂ ’ਚ ਨਿਰਾਸ਼ਾ ਅਤੇ ਗੁੱਸਾ ਵਧਦਾ ਗਿਆ।
ਪਰਿਵਾਰਕ ਮੈਂਬਰਾਂ ਦੇ ਮੁਤਾਬਕ ਲੜਕੀ ਘਰੋਂ ਨਿਕਲਦੇ ਸਮੇਂ ਆਪਣਾ ਆਈਫੋਨ ਅਤੇ ਕਰੀਬ 10 ਤੋਂ 15 ਹਜ਼ਾਰ ਰੁਪਏ ਦੀ ਨਕਦੀ ਵੀ ਨਾਲ ਲੈ ਗਈ ਸੀ। ਬੱਚੀ ਦੀ ਮਾਤਾ, ਜੋ ਇਕ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰਦੀ ਹੈ, ਉਸ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਜਦੋਂ ਉਹ ਸ਼ਾਮ ਨੂੰ ਕੰਮ ਤੋਂ ਘਰ ਪਰਤੀ ਤਾਂ ਧੀ ਘਰ ਵਿੱਚ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਕੋਲ ਪੁੱਛਗਿੱਛ ਕੀਤੀ ਗਈ ਪਰ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ।
ਸੀ.ਸੀ.ਟੀ.ਵੀ. ਫੁਟੇਜ ਨੇ ਖੜ੍ਹੇ ਕੀਤੇ ਕਈ ਸਵਾਲ
ਮਾਮਲੇ ਵਿੱਚ ਉਸ ਵੇਲੇ ਨਵਾਂ ਪੱਖ ਸਾਹਮਣੇ ਆਇਆ ਜਦੋਂ ਪਰਿਵਾਰ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ। ਪਰਿਵਾਰ ਦਾ ਦਾਅਵਾ ਹੈ ਕਿ ਇਕ ਫੁਟੇਜ ਵਿੱਚ ਲੜਕੀ ਤਿੰਨ ਵਿਅਕਤੀਆਂ ਦੇ ਨਾਲ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਲੜਕੀ ਦਾ ਹੱਥ ਫੜਿਆ ਹੋਇਆ ਨਜ਼ਰ ਆ ਰਿਹਾ ਹੈ, ਜਦਕਿ ਦੋ ਹੋਰ ਅੱਗੇ-ਅੱਗੇ ਚੱਲ ਰਹੇ ਹਨ।
ਇਸ ਫੁਟੇਜ ਨੇ ਪਰਿਵਾਰ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਲੜਕੀ ਨੂੰ ਉਸਦੀ ਮਰਜ਼ੀ ਦੇ ਵਿਰੁੱਧ ਕਿਤੇ ਲਿਜਾਇਆ ਗਿਆ ਹੋ ਸਕਦਾ ਹੈ। ਹਾਲਾਂਕਿ ਇਸ ਬਾਰੇ ਅਧਿਕਾਰਿਕ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਹਾਈਵੇ ’ਤੇ ਧਰਨਾ, ਟ੍ਰੈਫਿਕ ਪ੍ਰਭਾਵਿਤ
ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਪਰਿਵਾਰਕ ਮੈਂਬਰ ਨੈਸ਼ਨਲ ਹਾਈਵੇ-44 ’ਤੇ ਧਰਨੇ ’ਤੇ ਬੈਠ ਗਏ। ਕਰੀਬ ਇਕ ਘੰਟੇ ਤੱਕ ਚੱਲੇ ਇਸ ਰੋਸ ਪ੍ਰਦਰਸ਼ਨ ਦੌਰਾਨ ਦਿੱਲੀ ਤੋਂ ਜਲੰਧਰ ਵੱਲ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਰਹੀ। ਸਥਿਤੀ ਨੂੰ ਸੰਭਾਲਣ ਲਈ ਪੁਲਿਸ ਨੇ ਟ੍ਰੈਫਿਕ ਨੂੰ ਸਰਵਿਸ ਲੇਨ ਵੱਲ ਮੋੜਿਆ ਪਰ ਬਾਅਦ ਵਿੱਚ ਸਰਵਿਸ ਲੇਨ ’ਤੇ ਵੀ ਰੁਕਾਵਟ ਪੈਦਾ ਹੋ ਗਈ।
ਜਾਂਚ ਜਾਰੀ, ਪਰਿਵਾਰ ਨੂੰ ਉਮੀਦ
ਪੁਲਿਸ ਵੱਲੋਂ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ। ਉਧਰ ਪਰਿਵਾਰ ਦੀ ਇਕੋ ਮੰਗ ਹੈ ਕਿ ਲੜਕੀ ਨੂੰ ਜਲਦ ਤੋਂ ਜਲਦ ਸੁਰੱਖਿਅਤ ਬਰਾਮਦ ਕੀਤਾ ਜਾਵੇ ਅਤੇ ਸੱਚਾਈ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ।
ਦਰੇਸੀ ਦੀ ਇਹ ਘਟਨਾ ਨਾ ਸਿਰਫ਼ ਇਕ ਪਰਿਵਾਰ ਦੇ ਦਰਦ ਨੂੰ ਬਿਆਨ ਕਰਦੀ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਲਾਪਤਾ ਹੋਣ ਵਾਲੇ ਮਾਮਲਿਆਂ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਜਾਂਚ ਕਿੰਨੀ ਮਹੱਤਵਪੂਰਨ ਹੁੰਦੀ ਹੈ। ਪੂਰੇ ਇਲਾਕੇ ਦੀਆਂ ਨਜ਼ਰਾਂ ਹੁਣ ਇਸ ਗੱਲ ’ਤੇ ਟਿਕੀਆਂ ਹਨ ਕਿ ਪੁਲਿਸ ਇਸ ਭੇਦ ਨੂੰ ਕਦੋਂ ਅਤੇ ਕਿਵੇਂ ਸੁਲਝਾਵੇਗੀ ।
ਉਧਰੋਂ ਥਾਣਾ ਦਰੇਸੀ ਦੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਲਗਾਤਾਰ ਤਫਤੀਸ਼ ਕੀਤੀ ਜਾ ਰਹੀ ਹੈ। ਲੜਕੀ ਦੀ ਫੋਨ ਦੀ ਲੋਕੇਸ਼ਨ ਅਤੇ ਹੋਰ ਜਾਣਕਾਰੀਆਂ ਹਾਸਿਲ ਕੀਤੀਆਂ ਜਾ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ।