ਗੁਆਂਢੀਆਂ ਨੇ ਘਰ ’ਚ ਵੜ ਕੇ ਪਰਿਵਾਰ ’ਤੇ ਕੀਤਾ ਜਾਨਲੇਵਾ ਹਮਲਾ
ਗੁਆਂਢੀਆਂ ਵੱਲੋਂ ਘਰ ਵਿੱਚ ਦਾਖਲ ਹੋ ਕੇ ਪਰਿਵਾਰ ‘ਤੇ ਜਾਨਲੇਵਾ ਹਮਲਾ
Publish Date: Thu, 19 Mar 2026 07:42 PM (IST)
Updated Date: Fri, 20 Mar 2026 04:16 AM (IST)

- ਬਚਾਉਣ ਆਏ ਨੌਜਵਾਨ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਥਾਣਾ ਦਰੇਸੀ ਦੇ ਇਲਾਕੇ ’ਚ ਮਾਮੂਲੀ ਵਿਵਾਦ ਨੇ ਝਗੜੇ ਦਾ ਰੂਪ ਧਾਰਨ ਕਰ ਲਿਆ। ਕਾਰਾਬਾਰਾ ਦੀ ਗਲੀ ਨੰਬਰ 10 ’ਚ ਰਹਿਣ ਵਾਲੇ ਦੋ ਪਰਿਵਾਰਾਂ ’ਚ ਹਿੰਸਕ ਝੜਪ ਹੋ ਗਈ। ਇਸ ਘਟਨਾ ਨੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਾਰਾਬਾਰਾ ਦੇ ਗੁਰੂ ਨਾਨਕ ਨਗਰ ਦੀ ਗਲੀ ਨੰਬਰ 10 ਵਾਸੀ ਮਨੀਸ਼ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦੇਰ ਸ਼ਾਮ ਉਹ ਆਪਣਾ ਰੋਜ਼ਾਨਾ ਕੰਮ ਮੁਕਾ ਕੇ ਘਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਗੁਆਂਢੀ ਰਮਨ ਤੇ ਕਰਨ ਉਸਦੇ ਮਾਤਾ-ਪਿਤਾ ਤੇ ਭੈਣ ਨਾਲ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਸਨ। ਇਸ ਹਮਲੇ ਦੌਰਾਨ ਮੁਲਜ਼ਮਾਂ ਨਾਲ ਪੂਜਾ ਤੇ ਨਿਸ਼ਾ ਵੀ ਮੌਜੂਦ ਸਨ, ਜੋ ਇਸ ਘਟਨਾ ’ਚ ਸ਼ਾਮਲ ਸਨ। ਮਨੀਸ਼ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਉਸ ਨੂੰ ਵੀ ਬੇਰਹਿਮੀ ਨਾਲ ਕੁੱਟਿਆ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਘਟਨਾ ਦੌਰਾਨ ਤੇਜ਼ਧਾਰ ਹਥਿਆਰ ਵਰਤੇ ਜਾਣ ਦੀ ਵੀ ਜਾਣਕਾਰੀ ਮਿਲੀ ਹੈ, ਜਿਸ ਨਾਲ ਹਮਲੇ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਗੁਆਂਢੀਆਂ ਵਿਚਾਲੇ ਛੋਟੇ-ਮੋਟੇ ਵਿਵਾਦ ਕਿਵੇਂ ਵੱਡੀ ਹਿੰਸਾ ਵਿੱਚ ਬਦਲ ਸਕਦੇ ਹਨ, ਇਹ ਘਟਨਾ ਉਸਦਾ ਸਾਫ ਉਦਾਹਰਨ ਹੈ। ਥਾਣਾ ਦਰੇਸੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮੁਲਜਮਾਂ ਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ ) ਦੀਆਂ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜਮਾਂ ਦੀ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਆਪਣੇ ਹੱਥ ਵਿੱਚ ਲੈਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਮੁਲਜਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।