ਗੁਆਂਢੀ ਨੇ ਵਿਆਹੁਤਾ ਔਰਤ ਨਾਲ ਕੀਤੀ ਛੇੜਛਾੜ
ਗੁਆਂਢੀ ਨੇ ਘਰ ਵਿੱਚ ਵੜ ਕੇ ਸ਼ਾਦੀਸ਼ੁਦਾ ਔਰਤ ਨਾਲ ਕੀਤੀ ਛੇੜਖਾਨੀ
Publish Date: Fri, 20 Mar 2026 09:24 PM (IST)
Updated Date: Fri, 20 Mar 2026 09:25 PM (IST)

- ਮੰਗੀ ਮਾਫ਼ੀ, ਰੰਜਿਸ਼ ’ਚ ਅਗਲੇ ਦਿਨ ਕਾਰ ਨੂੰ ਲਾਈ ਅੱਗ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਨਿਊ ਕਰਤਾਰ ਨਗਰ ਦੀ ਰਹਿਣ ਵਾਲੀ ਵਿਆਹੁਤਾ ਔਰਤ ਨਾਲ ਉਸ ਦੇ ਗੁਆਂਢੀ ਨੇ ਆਪਣੇ ਸਾਥੀ ਦੀ ਮਦਦ ਨਾਲ ਘਰ ਵਿੱਚ ਵੜ ਕੇ ਛੇੜਛਾੜ ਕੀਤੀ। ਹਾਲਾਂਕਿ ਪੀੜਤਾ ਦੇ ਪਿਤਾ ਮੌਕੇ ’ਤੇ ਪੁੱਜ ਗਏ ਅਤੇ ਦੋਵੇਂ ਮੁਲਜ਼ਮਾਂ ਦੀ ਇਸ ਕਰਤੂਤ ਦਾ ਵਿਰੋਧ ਕੀਤਾ। ਗੁਆਂਢੀ ਇਕੱਠੇ ਹੋਏ ਤਾਂ ਮੁਲਜ਼ਮਾਂ ਨੇ ਉਸ ਵੇਲੇ ਮਾਫ਼ੀ ਮੰਗ ਕੇ ਖਹਿੜਾ ਛੁਡਇਆ, ਪਰ ਅਗਲੇ ਦਿਨ ਪੀੜਤਾ ਦੇ ਪਿਤਾ ਦੀ ਕਾਰ ਨੂੰ ਰੰਜਿਸ਼ ਵਿੱਚ ਅੱਗ ਦੇ ਹਵਾਲੇ ਕਰ ਦਿੱਤਾ। ਇਸ ਵਾਰਦਾਤ ਦੀ ਪੜਤਾਲ ਮਗਰੋਂ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਸੰਗੀਨ ਦੋਸ਼ ਅਧੀਨ ਪਰਚਾ ਦਰਜ ਕਰ ਦਿੱਤਾ। ਪੀੜਤ ਔਰਤ ਨੇ ਥਾਣਾ ਮਾਡਲ ਟਾਊਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਵਾਰਦਾਤ ਵਾਲੇ ਦਿਨ 2 ਜਨਵਰੀ ਨੂੰ ਉਹ ਆਪਣੇ ਘਰ ਵਿੱਚ ਇਕੱਲੀ ਮੌਜੂਦ ਸੀ। ਇਸ ਦੌਰਾਨ ਉਸ ਦੇ ਗੁਆਂਢ ਵਿੱਚ ਹੀ ਰਹਿਣ ਵਾਲੇ ਮੁਲਜ਼ਮ ਮਹਿੰਦਰ ਸਿੰਘ ਅਤੇ ਗੁਰਮੀਤ ਸਿੰਘ ਉਸ ਦੇ ਘਰ ਜਬਰੀ ਦਾਖਲ ਹੋਏ ਅਤੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਮੁਲਜ਼ਮਾਂ ਦੀ ਇਸ ਹਰਕਤ ਦਾ ਵਿਰੋਧ ਕਰਦੇ ਹੋਏ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਰੌਲਾ ਸੁਣ ਕੇ ਉਸ ਦੇ ਪਿਤਾ ਮੌਕੇ ’ਤੇ ਪੁੱਜ ਗਏ ਅਤੇ ਮੁਲਜ਼ਮਾਂ ਦੀ ਇਸ ਕਰਤੂਤ ਦਾ ਵਿਰੋਧ ਕੀਤਾ। ਲੜਾਈ-ਝਗੜੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਰਹਿਣ ਵਾਲੇ ਮੁਹੱਲੇ ਦੇ ਲੋਕ ਵੀ ਮੌਕੇ ’ਤੇ ਪੁੱਜ ਗਏ ਅਤੇ ਮੁਲਜ਼ਮਾਂ ਦੀ ਇਸ ਕਰਤੂਤ ਦਾ ਵਿਰੋਧ ਕੀਤਾ। ਪੀੜਤਾ ਮੁਤਾਬਿਕ ਉਸ ਵੇਲੇ ਤਾਂ ਮੁਲਜ਼ਮਾਂ ਨੇ ਮੁਹੱਲਾ ਵਾਸੀਆਂ ਸਾਹਮਣੇ ਮਾਫ਼ੀ ਮੰਗ ਕੇ ਆਪਣੀ ਜਾਨ ਛੁਡਵਾਈ ਅਤੇ ਮੌਕੇ ਤੋਂ ਨਿਕਲ ਗਏ, ਪਰ ਅਗਲੇ ਦਿਨ 3 ਜਨਵਰੀ ਦੀ ਰਾਤ ਵੇਲੇ ਉਨ੍ਹਾਂ ਨੂੰ ਅਚਾਨਕ ਗਲੀ ਵਿੱਚੋਂ ਜ਼ੋਰ ਦੀ ਆਵਾਜ਼ ਆਈ। ਜਦੋਂ ਉਨ੍ਹਾਂ ਬਾਹਰ ਨਿਕਲ ਕੇ ਦੇਖਿਆ ਤਾਂ ਪਤਾ ਲੱਗਾ ਕਿ ਪੀੜਤਾ ਦੇ ਪਿਤਾ ਦੀ ਕਾਰ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਆਪਣੇ ਪੱਧਰ ’ਤੇ ਮੁਸ਼ੱਕਤ ਕਰਦਿਆਂ ਕਿਸੇ ਤਰ੍ਹਾਂ ਅੱਗ ਬੁਝਾਈ, ਪਰ ਅੱਗ ਲੱਗਣ ਕਾਰਨ ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ। ਪੀੜਤਾ ਮੁਤਾਬਿਕ ਕਾਰ ਨੂੰ ਅੱਗ ਲੱਗਣ ਦੀ ਇਸ ਘਟਨਾ ਸਬੰਧੀ ਉਨ੍ਹਾਂ ਆਪਣੇ ਪੱਧਰ ’ਤੇ ਪੜਤਾਲ ਕੀਤੀ ਤਾਂ ਉਨ੍ਹਾਂ ਨੂੰ ਅਜਿਹੇ ਸੁਰਾਗ ਮਿਲੇ, ਜਿਸ ਤੋਂ ਪਤਾ ਲੱਗਾ ਕਿ ਮੁਲਜ਼ਮ ਮਹਿੰਦਰ ਸਿੰਘ ਅਤੇ ਗੁਰਮੀਤ ਸਿੰਘ ਨੇ ਹੀ ਰੰਜਿਸ਼ ਕਾਰਨ ਉਸ ਦੇ ਪਿਤਾ ਦੀ ਕਾਰ ਨੂੰ ਅੱਗ ਲਾਈ ਸੀ। ਉਕਤ ਵਾਰਦਾਤ ਦੀ ਸ਼ਿਕਾਇਤ ਮਿਲਣ ਮਗਰੋਂ ਪੁਲਿਸ ਨੇ ਲੰਮੀ ਪੜਤਾਲ ਮਗਰੋਂ ਦੋਵੇਂ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ। ਵਾਰਦਾਤ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਅਵਤਾਰ ਸਿੰਘ ਮੁਤਾਬਿਕ ਪਰਚਾ ਦਰਜ ਕਰਨ ਮਗਰੋਂ ਤਫਤੀਸ਼ ਦੌਰਾਨ ਮੁਲਜ਼ਮ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅਤੇ ਫ਼ਰਾਰ ਮਹਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।