ਬਾਸਕਟਬਾਲ ਕੋਰਟ ਬਣਿਆ ‘ਨਸ਼ੇੜੀਆਂ ਦਾ ਅੱਡਾ’
ਨਜਰਅੰਦਾਜ ਬਾਸਕਟਬਾਲ ਕੋਰਟ ਬਣਿਆ ‘ਨਸ਼ੇੜੀਆਂ ਦਾ ਅੱਡਾ’
Publish Date: Sun, 05 Apr 2026 06:25 PM (IST)
Updated Date: Sun, 05 Apr 2026 06:28 PM (IST)

ਦੀਵਾਨ ਨੇ ਮਾਮਲੇ ਜੀ ਜਾਂਚ ਕਰ ਕੇ ਕਾਰਵਾਈ ਦੀ ਕੀਤੀ ਮੰਗ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਲਾਰਜ ਇੰਡਸਟ੍ਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਲੁਧਿਆਣਾ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਪਖੋਵਾਲ ਰੋਡ ‘ਤੇ ਸਿੱਧਵਾਂ ਕਨਾਲ ਫਲਾਈਓਵਰ (ਆਰਓਬੀ) ਨੇੜੇ ਅਧੂਰੇ ਪਏ ਬਾਸਕਟਬਾਲ ਕੋਰਟ ਦੀ ਬਦਤਰ ਹਾਲਤ ਵੱਲ ਦਿਵਾਇਆ ਹੈ। ਦੀਵਾਨ ਨੇ ਕਿਹਾ ਕਿ ਜਿਹੜੀ ਥਾਂ ਕਦੇ ਨੌਜਵਾਨਾਂ ਦੀਆਂ ਗਤੀਵਿਧੀਆਂ ਅਤੇ ਖੇਡਾਂ ਦਾ ਕੇਂਦਰ ਬਣਨ ਲਈ ਸੋਚੀ ਗਈ ਸੀ, ਉਹ ਹੁਣ “ਨਸ਼ੇੜੀਆਂ” ਅਤੇ “ਭਿਖਾਰੀਆਂ” ਦਾ ਅੱਡਾ ਬਣ ਚੁੱਕੀ ਹੈ। ਦੀਵਾਨ ਨੇ ਕਿਹਾ ਕਿ ਇਹ ਅਧੂਰਾ ਪ੍ਰੋਜੈਕਟ ਸਿਰਫ਼ ਛੱਡਿਆ ਹੋਇਆ ਢਾਂਚਾ ਨਹੀਂ ਹੈ, ਸਗੋਂ ਪ੍ਰਸ਼ਾਸਨਿਕ ਲਾਪਰਵਾਹੀ, ਲੋਕਾਂ ਦੇ ਪੈਸੇ ਦੀ ਬਰਬਾਦੀ ਅਤੇ ਨਾਗਰਿਕ ਜ਼ਿੰਮੇਵਾਰੀ ਦੇ ਡਿੱਗਦੇ ਮਾਪਦੰਡਾਂ ਦੀ ਜਿਊਂਦੀ-ਜਾਗਦੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਜਿਹੜੀ ਥਾਂ ਕਦੇ ਨੌਜਵਾਨਾਂ ਅਤੇ ਆਮ ਲੋਕਾਂ ਲਈ ਰੌਣਕ ਵਾਲੀ ਬਣਨੀ ਸੀ, ਉਹ ਹੁਣ ਇਲਾਕੇ ਦੇ ਵਸਨੀਕਾਂ ਅਤੇ ਦੁਕਾਨਦਾਰਾਂ ਲਈ ਡਰਾਉਣਾ ਸਪਨਾ ਬਣ ਗਈ ਹੈ। ਆਸ-ਪਾਸ ਦਾ ਇਲਾਕਾ ਗੰਦਗੀ ਅਤੇ ਨਜ਼ਰਅੰਦਾਜ਼ੀ ਦਾ ਕੇਂਦਰ ਬਣ ਗਿਆ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ। ਦੀਵਾਨ ਨੇ ਇਲਾਕੇ ਦੇ ਨਿਵਾਸੀ ਨਿਰਭੈ ਸਿੰਘ ਰੰਗੂਵਾਲ ਵੱਲੋਂ ਦਿੱਤੀ ਜਾਣਕਾਰੀ ਨੂੰ ਵੀ ਚੌਕਾਉਣ ਵਾਲਾ ਦੱਸਿਆ। ਦੀਵਾਨ ਨੇ ਕਿਹਾ ਕਿ ਰੰਗੂਵਾਲ ਅਤੇ ਹੋਰ ਸਥਾਨਕ ਲੋਕਾਂ ਮੁਤਾਬਿਕ ਨਸ਼ੇੜੀਆਂ ਤੇ ਗਲਤ ਅਨਸਰਾਂ ਨੇ ਇੰਨੀ ਅੱਤ ਚੁੱਕੀ ਹੋਈ ਹੈ ਕਿ ਉਨ੍ਹਾਂ ਨੇ ਇਸ ਅਧੂਰੇ ਬਾਸਕਟਬਾਲ ਕੋਰਟ ਦੇ ਗੇਟ ‘ਤੇ ਆਪਣਾ ਹੀ ਤਾਲਾ ਲਾ ਦਿੱਤਾ ਹੈ ਅਤੇ ਇਕ ਸਰਕਾਰੀ ਥਾਂ ਨੂੰ ਆਪਣਾ ਨਿੱਜੀ ਅੱਡਾ ਬਣਾ ਲਿਆ ਹੈ। ਦੀਵਾਨ ਨੇ ਕਿਹਾ ਕਿ ਜਾਣਕਾਰੀ ਮੁਤਾਬਕ ਕਰੀਬ ਤਿੰਨ ਸਾਲ ਪਹਿਲਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ। ਇਹ ਪ੍ਰੋਜੈਕਟ ਅੱਜ ਤੱਕ ਅਧੂਰਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪ੍ਰੇਰਨਾ ਦੇ ਕੇਂਦਰ ਬਣਨ ਦੀ ਬਜਾਏ ਹੁਣ ਇਕ ਖਤਰਾ ਬਣ ਗਿਆ ਹੈ, ਜਿਹੜਾ ਸਾਰਿਆਂ ਲਈ ਸਿਹਤ ਸਬੰਧੀ ਜੋਖਮ ਤੇ ਅਣਚਾਹੀਆਂ ਘਟਨਾਵਾਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇੜੀਆਂ ਅਤੇ ਗਲਤ ਅਨਸਰਾਂ ਵੱਲੋਂ ਇਸ ਥਾਂ ‘ਤੇ ਕਬਜ਼ਾ ਕਰਨ ਕਾਰਨ ਸੰਭਾਵਿਤ ਅਣਚਾਹੀਆਂ ਘਟਨਾਵਾਂ ‘ਤੇ ਗੰਭੀਰ ਚਿੰਤਾ ਜ਼ਾਹਿਰ ਕਰਦੇ ਹੋਏ ਦੀਵਾਨ ਨੇ ਮੰਗ ਕੀਤੀ ਹੈ ਕਿ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਤੁਰੰਤ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇਣ, ਤਾਂ ਜੋ ਜ਼ਿੰਮੇਵਾਰ ਲੋਕਾਂ ਦੀ ਪਹਿਚਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਪ੍ਰੋਜੈਕਟ ਨੂੰ ਜਲਦੀ ਦੁਬਾਰਾ ਸ਼ੁਰੂ ਕਰਕੇ ਪੂਰਾ ਕੀਤਾ ਜਾਵੇ, ਤਾਂ ਜੋ ਇਹ ਆਪਣਾ ਪ੍ਰੋਜੈਕਟ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਸਬੰਧੀ ਆਪਣੇ ਅਸਲ ਮਕਸਦ ਨੂੰ ਪੂਰਾ ਕਰ ਸਕੇ। ਦੀਵਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਇਸ ਥਾਂ ‘ਤੇ ਪੁਲਿਸ ਦੀ ਤਾਇਨਾਤੀ ਕੀਤੀ ਜਾਵੇ, ਤਾਂ ਜੋ ਇਸਨੂੰ ਗੈਰ ਸਮਾਜਿਕ ਅਨਸਰਾਂ ਤੋਂ ਖਾਲੀ ਕਰਵਾਇਆ ਜਾ ਸਕੇ।