ਅਨਾਜ ਦੇ ਮਿਆਰ ਲਈ ਵਢਾਈ ਉਪਰੰਤ ਤਕਨੀਕਾਂ ਨੂੰ ਸੁਚਾਰੂ ਬਣਾਉਣ ਦੀ ਲੋੜ : ਡਾ. ਪ੍ਰਸੰਨਾ
ਅਨਾਜ ਦੇ ਮਿਆਰ ਲਈ ਵਢਾਈ ਉਪਰੰਤ ਤਕਨੀਕਾਂ ਨੂੰ ਸੁਚਾਰੂ ਬਨਾਉਣ ਦੀ ਲੋੜ-ਡਾ.ਪ੍ਰਸੰਨਾ
Publish Date: Wed, 18 Feb 2026 06:57 PM (IST)
Updated Date: Thu, 19 Feb 2026 04:07 AM (IST)

- ਵਿਸ਼ਵ ਕਣਕ ਪ੍ਰੋਗਰਾਮ ਦੇ ਨਿਰਦੇਸ਼ਕ ਡਾ. ਫਲੇਵੀਓ ਤੇ ਬੀਸਾ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਪ੍ਰਸੰਨਾ ਵਫ਼ਦ ’ਚ ਸ਼ਾਮਲ ਫੋਟੋ ਨੰਬਰ-5 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਅਨਾਜ ਦੇ ਮਿਆਰ ਨੂੰ ਬਰਕਰਾਰ ਰੱਖਣ ਲਈ ਵਢਾਈ ਉਪਰੰਤ ਤਕਨੀਕਾਂ ਨੂੰ ਸੁਚਾਰੂ ਬਨਾਉਣ ਦੀ ਲੋੜ ਹੈ। ਇਹ ਪ੍ਰਗਟਾਵਾ ਚਾਰ ਵਿਗਿਆਨੀਆਂ ਦੇ ਵਿਸ਼ੇਸ਼ ਵਫ਼ਦ ਵੱਲੋਂ ਪੀਏਯੂ ਦੇ ਦੌਰੇ ਦੌਰਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਯੂਨੀਵਰਸਿਟੀ ਉੱਚ ਅਧਿਕਾਰੀਆਂ ਅਤੇ ਕਣਕ ਵਿਗਿਆਨੀਆਂ ਨਾਲ ਵਿਸ਼ੇਸ਼ ਮੁਲਾਕਾਤ ਮੌਕੇ ਵਫ਼ਦ ਵਿੱਚ ਸ਼ਾਮਲ ਬੀਸਾ ਸੰਸਥਾਨ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਬੀ ਐੱਮ ਪ੍ਰਸੰਨਾ ਨੇ ਕੀਤਾ। ਇਸ ਮੌਕੇ ਸਿਮਟ ਮੈਕਸੀਕੋ ਦੇ ਵਿਸ਼ਵ ਕਣਕ ਪ੍ਰੋਗਰਾਮ ਦੇ ਨਿਰਦੇਸ਼ਕ ਡਾ. ਫਲੇਵੀਓ ਬਰੇਸੇਘੇਲੋ ਵੀ ਉਨ੍ਹਾਂ ਦੇ ਨਾਲ ਸਨ। ਉਨਾਂ ਪੀਏਯੂ. ਸਿਮਟ ਅਤੇ ਬੀਸਾ ਨੂੰ ਸਾਂਝੇ ਤੌਰ ਤੇ ਵਾਤਾਵਰਨ ਅਨੁਸਾਰੀ, ਸਰੋਤਾਂ ਦੀ ਘੱਟ ਖਪਤ ਵਾਲੀਆਂ ਤਕਨੀਕਾਂ ਵਾਸਤੇ ਖੋਜ ਲਈ ਸੱਦਾ ਵੀ ਦਿੱਤਾ। ਪਹਿਲੀ ਵਾਰ ਭਾਰਤ ਦਾ ਦੌਰਾ ਕਰ ਰਹੇ ਡਾ. ਫਲੇਵੀਓ ਬਰੇਸੇਘੇਲੋ ਨੇ ਪੀਏਯੂ. ਵੱਲੋਂ ਹਰੀ ਕ੍ਰਾਂਤੀ ਦੀ ਆਮਦ ਵਿੱਚ ਪਾਏ ਯੋਗਦਾਨ ਲਈ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਯੂਨੀਵਰਸਿਟੀ ਕੈਂਪਸ ਵਿਖੇ ਖੋਜ ਖੇਤਾਂ ਵਿੱਚ ਲਗਨ ਨਾਲ ਕੰਮ ਕਰਨ ਵਾਲੇ ਵਿਗਿਆਨਕ ਅਮਲੇ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਤੌਰ ਤੇ ਕਣਕ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਤਾਰੀਫ ਕੀਤੀ। ਸਿਮਟ ਨਾਲ ਇਤਿਹਾਸ ਵਿੱਚ ਲੰਮੇਰੇ ਸਮੇਂ ਤੋਂ ਪੀਏਯੂ. ਦੀ ਸਾਂਝਦਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਨੀ ਤਬਦੀਲੀ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਜੋ ਨਵਾਂ ਰੁਝਾਨ ਸਾਹਮਣੇ ਆਇਆ ਹੈ ਉਸ ਚੁਣੌਤੀ ਨਾਲ ਨਜਿੱਠਣਾ ਅਤੇ ਕਣਕ ਵਿਚ ਪੋਸ਼ਣ ਦੇ ਮਿਆਰ ਨੂੰ ਵਧਾਉਣਾ ਅੱਜ ਦੇ ਸਮੇਂ ਦੀਆਂ ਲੋੜਾਂ ਹਨ। ਉਨ੍ਹਾਂ ਭੋਜਨ ਸੁਰੱਖਿਆ ਦੇ ਸੁਚਾਰੂ ਪ੍ਰਬੰਧਨ ਲਈ ਸੰਸਾਰ ਪੱਧਰ ਤੇ ਸਾਂਝੇ ਪ੍ਰੋਗਰਾਮ ਦੇ ਨਾਲ-ਨਾਲ ਖੇਤਰੀ ਗਿਆਨ ਅਤੇ ਤਜਰਬਿਆਂ ਨੂੰ ਵਧਾ ਕੇ ਕਿਸਾਨੀ ਦੇ ਭਲੇ ਵਾਸਤੇ ਮਾਹਿਰਾਂ ਨੂੰ ਸੱਦਾ ਦਿੱਤਾ। ਸਾਂਝੇ ਖੋਜ ਕਾਰਜ ਲਈ ਸਹਿਮਤੀ ਬਨਾਉਣਾ ਵਾਰਤਾਲਾਪ ਦਾ ਉਦੇਸ਼ : ਵੀਸੀ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਪੰਜਾਬ ਦੀ ਖੇਤੀ ਦੇ ਬਦਲਾਅ ਲਈ ਸਿਮਟ ਨੇ ਕਣਕ ਦੀਆਂ ਕਿਸਮਾਂ ਦੀ ਜਾਣ-ਪਛਾਣ ਕਰਵਾਈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਕੱਦ ਪੱਖੋਂ ਜ਼ਿਆਦਾ ਲੰਮੀਆਂ ਕਿਸਮਾਂ 5-6 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀਆਂ ਸਨ ਅਤੇ ਉਨ੍ਹਾਂ ਦੇ ਡਿੱਗਣ ਦਾ ਖਤਰਾ ਵੀ ਬਣਿਆ ਰਹਿੰਦਾ ਸੀ। ਡਾ. ਨੌਰਮਨ ਬਾਰਲੋਗ ਵੱਲੋਂ ਲਿਆਂਦੇ ਨੋਰੀਨ-10 ਜੀਨ ਨੇ ਕਣਕ ਦੀਆਂ ਬੌਣੀਆਂ ਲਾਈਨਾਂ ਨੂੰ ਪੀਏਯੂ. ਵਿਖੇ ਸਥਾਨਕ ਕਿਸਮਾਂ ਨਾਲ ਮੇਲ ਕੇ ਵੱਧ ਝਾੜ ਦੇਣ ਵਾਲੀਆਂ ਗੰਧਵੀਂ ਰੰਗ ਦੀਆਂ ਕਿਸਮਾਂ ਜਿਵੇਂ ਕਲਿਆਣ ਸੋਨਾ ਆਦਿ ਪੈਦਾ ਕੀਤੀਆਂ। ਡਾ. ਗੋਸਲ ਨੇ ਦੱਸਿਆ ਕਿ ਪੀਏਯੂ. ਮੌਜੂਦਾ ਸਮੇਂ ਦੀਆਂ ਲੋੜਾਂ ਅਨੁਸਾਰੀ ਕਿਸਮਾਂ ਦੀ ਖੋਜ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸੇ ਸਿਲਸਿਲੇ ਵਿੱਚ ਯੂਨੀਵਰਸਿਟੀ ਨੂੰ ਬਰਿਕਸ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਨੈੱਟਵਰਕ ਵਿਚ ਭੋਜਨ ਸੁਰੱਖਿਆ ਅਤੇ ਸਥਿਰਤਾ ਦੇ ਮੰਤਵ ਨਾਲ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰਤਾਲਾਪ ਦਾ ਉਦੇਸ਼ ਬਦਲ ਰਹੀਆਂ ਮੌਸਮੀ ਅਤੇ ਵਾਤਾਵਰਨੀ ਸਥਿਤੀਆਂ ਦੀ ਚੁਣੌਤੀ ਸਾਹਮਣੇ ਪੀਲੀ ਕੁੰਗੀ, ਕਰਨਾਲ ਬੰਟ, ਵੱਧਦੇ ਤਾਪਮਾਨ ਆਦਿ ਦਾ ਸਾਹਮਣਾ ਕਰਨ ਵਾਲੀਆਂ ਕਣਕ ਦੀਆਂ ਕਿਸਮਾਂ ਲਈ ਸਾਂਝੇ ਖੋਜ ਕਾਰਜ ਵਾਸਤੇ ਸਹਿਮਤੀ ਬਨਾਉਣੀ ਸੀ। ਪੀਏਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਲੰਮੇ ਇਤਿਹਾਸ ਵਿੱਚ ਪੀਏਯੂ. ਵੱਲੋਂ ਅਪਾਣਾਏ ਕਣਕ ਖੋਜ ਪ੍ਰੋਗਰਾਮ ਨਾਲ ਜਾਣ-ਪਛਾਣ ਕਰਵਾਈ। ਇਸ ਵਫ਼ਦ ਨੇ ਯੂਨੀਵਰਸਿਟੀ ਦੇ ਖੋਜ ਖੇਤਾਂ ਦਾ ਦੌਰਾ ਕੀਤਾ। ਇਸ ਦੌਰਾਨ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਸੁਰਿੰਦਰ ਸੰਧੂ ਅਤੇ ਉੱਘੇ ਵਿਗਿਆਨੀ ਡਾ. ਵਰਿੰਦਰ ਸਿੰਘ ਸੋਹੂ ਸਮੇਤ ਪ੍ਰਮੁੱਖ ਵਿਗਿਆਨੀ ਵੀ ਹਾਜ਼ਰ ਸਨ। ਡਾ. ਵਿਸ਼ਾਲ ਬੈਕਟਰ ਨੇ ਸ਼ੈਸਨ ਦਾ ਸੰਚਾਲਨ ਕੀਤਾ।