ਲਸਣ ਪਿਆਜ਼ ਦੀ ਕਾਸ਼ਤ ਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਰਾਸ਼ਟਰੀ ਵਰਕਸ਼ਾਪ ਸ਼ੁਰੂ
ਲਸਣ ਪਿਆਜ਼ ਦੀ ਕਾਸ਼ਤ ਅਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਰਾਸ਼ਟਰੀ ਵਰਕਸ਼ਾਪ ਸ਼ੁਰੂ
Publish Date: Fri, 06 Mar 2026 06:40 PM (IST)
Updated Date: Fri, 06 Mar 2026 06:42 PM (IST)

- ਹਿੱਸਾ ਲੈ ਰਹੇ ਨੇ ਕਾਸ਼ਤਕਾਰ, ਮੰਡੀਕਰਨ ਤੇ ਹੋਰ ਪੱਖਾਂ ਨਾਲ ਜੁੜੇ ਹੋਏ ਵਿਦਵਾਨ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਸ਼ੁੱਕਰਵਾਰ ਨੂੰ ਪੀਏਯੂ ਦੇ ਪਾਲ ਆਡੀਟੋਰੀਅਮ ’ਚ ਲਸਣ ਅਤੇ ਪਿਆਜ਼ ਦੀ ਕਾਸ਼ਤ ਦੇ ਮੌਜੂਦਾ ਦ੍ਰਿਸ਼ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਤਿੰਨ ਰੋਜ਼ਾ ਚੌਥੀ ਰਾਸ਼ਟਰੀ ਵਰਕਸ਼ਾਪ ਸ਼ੁਰੂ ਹੋ ਗਈ। ਉਦਘਾਟਨੀ ਸੰਬੋਧਨ ਵਿੱਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਲਸਣ ਅਤੇ ਪਿਆਜ਼ ਦੇ ਉਤਪਾਦਨ ਨੂੰ ਸਥਿਰਤਾ ਦੇਣ ਲਈ ਵਿਚਾਰ ਚਰਚਾ ਕਰਨਾ ਹੈ। ਇਸ ਵਰਕਸ਼ਾਪ ਦਾ ਪ੍ਰਬੰਧ ਆਈਸੀਏਆਰ ਦੇ ਲਸਣ ਅਤੇ ਪਿਆਜ਼ ਦੀ ਖੋਜ ਬਾਰੇ ਡਾਇਰੈਕਟੋਰੇਟ ਅਤੇ ਗੰਢਾਂ ਵਾਲੀਆਂ ਸਬਜ਼ੀਆਂ ਬਾਰੇ ਭਾਰਤੀ ਸੁਸਾਇਟੀ ਪੁਨੇ ਵੱਲੋਂ ਪੀਏਯੂ ਦਾ ਸਹਿਯੋਗ ਕਰ ਕੇ ਕੀਤਾ ਜਾ ਰਿਹਾ ਹੈ। ਇਸ ਮੌਕੇ ਦੇਸ਼ ਭਰ ਦੇ ਲਸਣ ਅਤੇ ਪਿਆਜ਼ ਦੀ ਕਾਸ਼ਤ, ਮੰਡੀਕਰਨ ਅਤੇ ਹੋਰ ਪੱਖਾਂ ਨਾਲ ਜੁੜੇ ਹੋਏ ਵਿਦਵਾਨ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਲਸਣ ਅਤੇ ਪਿਆਜ਼ ਦੀ ਖਪਤ ਦੁਨੀਆ ਦੇ ਹਰ ਘਰ ਅਤੇ ਹੋਟਲ ਵਿੱਚ ਕੀਤੀ ਜਾਂਦੀ ਹੈ। ਪੀਏਯੂ ਨੇ ਇੰਨਾਂ ਦੋਵਾਂ ਫਸਲਾਂ ਦੀਆਂ ਨਵੀਆਂ, ਕਿਸਾਨ ਪੱਖੀ ਅਤੇ ਢੁੱਕਵੀਆਂ ਕਿਸਮਾਂ ਦੀ ਖੋਜ ਲਈ ਤਾਰੀਖੀ ਕੰਮ ਕੀਤਾ ਹੈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਆਈਸੀਏਆਰ ਦੇ ਬਾਗਬਾਨੀ ਵਿਗਿਆਨਾਂ ਬਾਰੇ ਸਾਬਕਾ ਉਪ ਨਿਰਦੇਸ਼ਕ ਜਨਰਲ ਡਾ. ਐੱਨ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪਿਆਜ਼ ਮੁੱਖ ਤੌਰ ’ਤੇ ਮੱਧ ਭਾਰਤ ਦੇ ਸੂਬਿਆਂ ਗੁਜਰਾਤ, ਕਰਨਾਟਕ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੀ ਅਹਿਮ ਫਸਲ ਹੈ। ਉਨ੍ਹਾਂ ਪਿਆਜ਼ ਦੇ ਪਕਵਾਨਾਂ ਅਤੇ ਸਲਾਦ ਵਿੱਚ ਵਰਤੋਂ ਸਬੰਧੀ ਵੱਖ-ਵੱਖ ਸੱਭਿਆਚਾਰਾਂ ਦੀ ਵਰਤੋਂ ਦੀਆਂ ਭਿੰਨਤਾਵਾਂ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤੀ ਗਾਹਕਾਂ ਦੀ ਮੰਗ ਮੁਤਾਬਿਕ ਵੱਖ-ਵੱਖ ਕਿਸਮਾਂ ਦੀ ਕਾਸ਼ਤ ਚੁਣਵੇਂ ਖੇਤਰਾਂ ਵਿੱਚ ਕਰਨੀ ਚਾਹੀਦੀ ਹੈ। ਡਾ. ਕੇਈ ਲਾਵੰਡੇ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਅਤੇ ਖਾਸ ਕਰ ਕੇ ਪੀਏਯੂ ਵੱਲੋਂ ਲਸਣ ਅਤੇ ਪਿਆਜ਼ ਲਈ ਜਾਰੀ ਕੀਤੀਆਂ ਸੂਖਮ ਸਿੰਚਾਈ ਵਿਧੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪਿਆਜ਼ ਦਾ ਮੁਨਾਫਾ ਵਧਾਉਣ ਲਈ ਉਸ ਦਾ ਮੁੱਲ ਵਧਾਉਣ ਦੀ ਥਾਂ ਲਾਗਤਾਂ ਘੱਟ ਕਰ ਦੀ ਲੋੜ ਹੈ। ਡਾ. ਵਿਜੇ ਮਹਾਜਨ ਨੇ ਆਪਣੇ ਭਾਸ਼ਣ ਦੌਰਾਨ ਆਈਸੀਏਆਰ ਦੇ ਲਸਣ ਅਤੇ ਪਿਆਜ਼ ਬਾਰੇ ਡਾਇਰੈਕਟੋਰੇਟ ਵੱਲੋਂ ਕਿਸਮਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਦੇ ਨਾਲ-ਨਾਲ ਕਾਸ਼ਤ ਪ੍ਰਾਜੈਕਟਾਂ ਦਾ ਵਿਸ਼ੇਸ਼ ਹਵਾਲਾ ਦਿੱਤਾ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਸਵਾਗਤੀ ਭਾਸ਼ਣ ਵਿੱਚ ਲਸਣ ਅਤੇ ਪਿਆਜ਼ ਸਬੰਧੀ ਪੀਏਯੂ ਦੀਆਂ ਖੋਜ ਉਪਲਬਧੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ।